punjabilens.com

ਪੰਜਾਬ ਨਗਰ ਨਿਗਮ ਚੋਣਾਂ ਦਾ ਵੋਟ ਅਮਲ ਸੰਪੰਨ, ਕਈ ਥਾਈਂ ਹਿੰਸਕ ਝੜਪਾਂ

ਪੰਜਾਬ ਨਗਰ ਨਿਗਮ ਚੋਣਾਂ

ਪੰਜਾਬ ਵਿੱਚ ਹਿੰਸਕ ਝੜਪਾਂ ਦੌਰਾਨ ਨਿਗਮ ਵੋਟਿੰਗ ਮੁਕੰਮਲ 

ਚੰਡੀਗੜ੍ਹ / ਬਿਊਰੋ ਨਿਊਜ਼ 

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋਈ। ਇਸ ਦੌਰਾਨ ਬਠਿੰਡਾ, ਸਮਾਣਾ, ਗਿੱਦੜਬਾਰਾ, ਮਜੀਠਾ ਅਤੇ ਲੁਧਿਆਣਾ ਦੇ ਰਾਏਕੋਟ ਵਿੱਚ ਝੜਪਾਂ ਅਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਵਿਰੋਧੀ ਧਿਰਾਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਉੱਚੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਸਾਂਤਮਈ ਮਾਹੌਲ ਵਿੱਚ ਕਰਵਾਈਆਂ ਜਾ ਰਹੀਆਂ ਹਨ।

ਕਿੱਥੇ-ਕਿੱਥੇ ਹੋ ਰਹੀ ਵੋਟਿੰਗ 

ਅੱਠ ਮਿਉਂਸੀਪਲ ਕਾਰਪੋਰੇਸ਼ਨਾਂ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਐਸ.ਏ.ਐਸ ਨਗਰ ਵਿੱਚ 396 ਵਾਰਡਾਂ ਲਈ ਵੋਟਿੰਗ ਹੋ ਰਹੀ ਹੈ। ਇਸ ਦੇ ਲਈ ਕੁੱਲ 1613 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਉਧਰ 75 ਮਿਊਂਸੀਪਲ ਕੌਂਸਲਾਂ ਦੇ 1282 ਵਾਰਡਾਂ ਲਈ ਚੋਣ ਹੋ ਰਹੀ ਹੈ ਅਤੇ ਇਸ ਲਈ 5142 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 20 ਨਗਰ ਪੰਚਾਇਤਾਂ ਦੇ ਕੁੱਲ 219 ਵਾਰਡਾਂ ਲਈ ਚੋਣ ਹੋਣੀ ਹੈ, ਜਿਨ੍ਹਾਂ ਲਈ 800 ਉਮੀਦਵਾਰ ਚੋਣ ਲੜ ਰਹੇ ਹਨ।

ਇਨ੍ਹਾਂ ਚੋਣਾਂ ਦੇ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਪੰਜਾਬ ਨਗਰ ਨਿਗਮ ਚੋਣਾਂ

ਕਿੱਥੇ –ਕਿੱਥੇ ਹੋਈਆਂ ਝੜਪਾਂ

ਮਜੀਠਾ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਰਕਰਾਂ ਵਿਚਾਲੇ ਝੜਪ ਹੋਈ ਹੈ। ਵਾਰਡ ਨੰਬਰ 6 ਦੇ ਬਾਹਰ ਬਣੇ ਕਾਊਂਟਰ ਬੂਥ ‘ਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਝਗੜਾ ਹੋ ਗਿਆ।

ਬਰਨਾਲਾ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 15 ਵਿੱਚ ਭਾਜਪਾ ਉਮੀਦਵਾਰ ਦੇ ਪਤੀ ‘ਤੇ ਕਥਿਤ ਹਮਲਾ ਹੋਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਜ਼ਬਰਦਸਤ ਝੜਪਾਂ ਵੀ ਹੋਈਆਂ।

ਝੜਪ ਦੌਰਾਨ ਭਾਜਪਾ ਉਮੀਦਵਾਰ ਦੀਪਿੰਦਰ ਕੌਰ ਦੇ ਪਤੀ ਜਸਵੀਰ ਸਿੰਘ ਦੇ ਸਿਰ ਵਿੱਚ ਸੱਟ ਲੱਗੀ। ਉਹਨਾਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਸਮਾਣਾ ਵਿੱਚ ਬੂਥ ਕੈਪਚਰਿੰਗ 

ਪਟਿਆਲਾ ਦੇ ਸਮਾਣਾ ਵਿੱਚ ਵਾਰਡ ਨੰਬਰ 10 ‘ਤੇ ਬੂਥ ਕੈਪਚਰਿੰਗ ਦੇ ਕਥਿਤ ਮਾਮਲੇ ਨੂੰ ਲੈ ਕੇ ਤਣਾਅਪੂਰਨ ਮਾਹੌਲ ਬਣ ਗਿਆ।

ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ। ਇਸ ਦੌਰਾਨ ਵਿਰੋਧੀ ਧਿਰ ਦੇ ਸਮਰਥਕਾਂ ਨਾਲ ਕੁੱਟਮਾਰ ਦੇ ਇਲਜ਼ਾਮ ਵੀ ਲਗਾਏ। ਕੁਝ ਲੋਕਾਂ ਦੇ ਬੂਥ ਦੇ ਅੰਦਰ ਦਾਖਲ ਹੋਣ ਦੀ ਗੱਲ ਵੀ ਆਖੀ ਗਈ ਅਤੇ ਸੀਸੀਟੀਵੀ ਕੈਮਰਿਆਂ ਦੀ ਤੋੜਫੋੜ ਦੀ ਗੱਲ ਕਹੀ ਗਈ। ਉਧਰ ਪੁਲਿਸ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ।

ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਕਥਿਤ ਹਮਲੇ ਦੀਆਂ ਰਿਪੋਰਟਾਂ ਹਨ।

ਗਿੱਦੜਬਾਹਾ ਵਿੱਚ ਵਾਰਡ ਨੰਬਰ 18 ਦੇ ਡੀਏਵੀ ਸਕੂਲ ਵਿੱਚ ਹੰਗਾਮਾ ਹੋਇਆ।

ਆਮ ਆਦਮੀ ਪਾਰਟੀ ਦੇ ਆਗੂ ਡਿੰਪੀ ਢਿੱਲੋ ਦਾ ਕਹਿਣਾ ਹੈ ਕਿ ਬੂਥ ਦੇ ਅੰਦਰ ਬਾਹਰ ਦੇ ਲੋਕ ਸ਼ਾਮਲ ਸਨ, ਜਿਹੜੇ ਅਕਾਲੀ ਦਲ ਨਾਲ ਸੰਬੰਧਤ ਸੀ।

ਉਹਨਾਂ ਕਿਹਾ, “ਇਸ ਕਰਕੇ ਮੈਂ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ ਸੀ। ਉਸੇ ਗੱਲ ਨੂੰ ਲੈ ਕੇ ਥੋੜਾ ਵਿਵਾਦ ਹੋ ਗਿਆ ਸੀ, ਅਸੀਂ ਕੁਝ ਨਹੀਂ ਕੀਤਾ ਸੀ ਅਤੇ ਉਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਹੈ।”

ਢਿੱਲੋਂ ਨੇ ਕਿਹਾ, “ਅਸੀਂ ਸਾਰਾ ਮਾਮਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ।”

ਬਠਿੰਡਾ ਵਿੱਚ ਘਰ ਉੱਤੇ ਹਮਲਾ 

ਬਠਿੰਡਾ ਦੇ ਵਾਰਡ ਨੰਬਰ ਤਿੰਨ ਤੋਂ ਆਜ਼ਾਦ ਚੋਣ ਲੜ ਰਹੀ ਰਮਨਦੀਪ ਕੌਰ ਦੇ ਘਰ ਵੜ ਕੇ ਕਥਿਤ ਹਮਲਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ।

ਕਰੀਬ ਡੇਢ ਵਜੇ ਅੱਧੀ ਦਰਜਨ ਗੱਡੀਆਂ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਲੋਕਾਂ ਵੱਲੋਂ ਜਿੱਥੇ ਉਹਨਾਂ ਦੇ ਘਰ ‘ਤੇ ਹਮਲਾ ਕੀਤਾ ਗਿਆ ਉੱਥੇ ਹੀ ਗੱਡੀਆਂ ਦੀ ਭੰਨਤੋੜ ਕੀਤੀ ਗਈ।

ਉਧਰ ਇਸ ਮਾਮਲੇ ਸੰਬੰਧੀ ਥਾਣਾ ਥਰਮਲ ਦੇ ਇੰਚਾਰਜ ਹਰ ਜੀਵਨ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੋਲੀ ਚੱਲਣ ਦੀ ਗੱਲ ਸਾਹਮਣੇ ਨਹੀਂ ਆਈ ਪਰ ਗੱਡੀਆਂ ਦੀ ਭੰਨ ਤੋੜ ਜਰੂਰ ਕੀਤੀ ਗਈ ਹੈ।

ਦੋਵਾਂ ਧਿਰਾਂ ਵਿਚਾਲੇ ਹੋਈ ਧੱਕਾ-ਮੁੱਕੀ ਅਤੇ ਹੰਗਾਮੇ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਦੇ ਸਿਰ ‘ਤੇ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਿਆ ਅਤੇ ਹਾਲਾਤਾਂ ਨੂੰ ਕਾਬੂ ਕਰਨ ਲਈ ਦਖ਼ਲ ਦਿੱਤਾ। ਇਸ ਦੌਰਾਨ ਕੁਝ ਸਮੇਂ ਲਈ ਇਲਾਕੇ ਵਿੱਚ ਤਣਾਅ ਬਣਿਆ ਰਿਹਾ।

ਐਸਐਸਪੀ ਦਿਹਾਤੀ ਸੋਹਿਲ ਮੀਰ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

Leave a Comment

Your email address will not be published. Required fields are marked *