
ਚੰਡੀਗੜ੍ਹ/ ਬਿਊਰੋ ਨਿਊਜ਼
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਵੇਂ ਆਇਕਨ ਵਜੋਂ ਅਪਣਾਉਂਦਿਆਂ, ਸੂਬੇ ਵਿੱਚ ਖਾਲਸਾ ਤੇ ਖਾਲਸ ਰਾਜ ਸਥਾਪਿਤ ਕਰਨ ਦਾ ਨਾਅਰਾ ਦਿੱਤਾ ਹੈ। ਚੰਡੀਗੜ੍ਹ ਤੋਂ ਇਹ ਇਤਿਹਾਸਕ ਐਲਾਨ ਕਰਦਿਆਂ ਕਿਹਾ ਗਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸੱਤਾ ਦੀਆਂ ਜੜ੍ਹਾਂ ਪੁੱਟ ਕੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕੀਤਾ ਜਾਵੇਗਾ। ਪੰਜਾਬ ਭਾਜਪਾ ਨੇ ਇਸ ਅਹਿਦ ਦਾ ਪ੍ਰਗਟਾਵਾ ਆਪਣੇ ਨਵੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਅਹੁਦਾ ਸੰਭਾਲਣ ਮੌਕੇ ਲਿਆ। ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਦੇ ਸੈਕਟਰ 37 ਵਿਚਲੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਅਹੁਦਾ ਸੰਭਾਲਣ ਮੌਕੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਸਥਾਪਿਤ ਕੀਤਾ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ, ‘‘ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਇੱਕ ਅਜਿਹਾ ਪੰਜਾਬ ਸੀ, ਜਿੱਥੇ ਹਰ ਕਿਸਾਨ ਖੁਸ਼ਹਾਲ ਸੀ, ਹਰ ਧਰਮ ਦਾ ਸਤਿਕਾਰ ਹੁੰਦਾ ਸੀ, ਅਤੇ ਕੋਈ ਵੀ ਪੰਜਾਬੀ ਡਰ ਦੇ ਸਾਏ ਵਿੱਚ ਨਹੀਂ ਜਿਉਂਦਾ ਸੀ। ਸਭ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ ਪੰਜਾਬ ਬਣਾਉਣ ਲਈ ਹੀ ਅਸੀਂ ਵਚਨਬੱਧ ਹਾਂ।’’
ਇਸ ਤੋਂ ਬਾਅਦ ਉਨ੍ਹਾਂ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਭਕਾ ਸਾਥ-ਸਭਕਾ ਵਿਕਾਸ’ ਮੰਤਰ ਉੱਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਇਸ ਸੋਚ ਉੱਤੇ ਅਮਲ ਕਰਾਂਗੇ ਅਤੇ ਅੱਗੇ ਵਧਾਂਗੇ।’’
ਉਨ੍ਹਾਂ ਕਿਹਾ ਕਿ ‘ਆਪ’ ਨੇ ਬਦਲਾਅ ਦਾ ਝੂਠਾ ਨਾਅਰਾ ਲਾ ਕੇ ਸੱਤਾ ਹਥਿਆਈ ਅਤੇ ਹਰ ਵਰਗ ਨਾਲ ਧੋਖਾ ਕੀਤਾ ਹੈ, ਪਰ ਪੰਜਾਬ ਦੇ ਲੋਕ ਜਿਸ ਬਦਲਾਅ ਦੀ ਉਮੀਦ ਕਰ ਰਹੇ ਹਨ, ਉਹ ਸਿਰਫ਼ ਭਾਜਪਾ ਹੀ ਦੇ ਸਕਦੀ ਹੈ।
ਨਾ ਆਪਦਾ, ਨਾ ਕਾਂਪਦਾ, ਪੰਜਾਬ ਮੰਗਦਾ ਭਾਜਪਾ
ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ 2027 ਦੌਰਾਨ ਪੰਜਾਬ ਵਿੱਚ ਭਾਜਪਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਾਇਮ ਕਰੇਗੀ। ਉਨ੍ਹਾਂ ਇਸ ਰਾਜ ਨੂੰ ਖਾਲਸਾ ਰਾਜ ਅਤੇ ਖਾਲਸ ਰਾਜ ਦੇ ਵਿਸ਼ੇਸ਼ਣ ਨਾਲ ਸੰਬੋਧਨ ਕੀਤਾ।
ਚੁੱਘ ਪਾਰਟੀ ਨੇ ਪਾਰਟੀ ਵਰਕਰਾਂ ਨੂੰ ‘ਨਾ ਆਪਦਾ, ਨਾ ਕਾਪਦਾ, ਪੰਜਾਬ ਮੰਗਦਾ ਭਾਜਪਾ’ ਦਾ ਨਵਾਂ ਨਾਅਰਾ ਦਿੱਤਾ ਅਤੇ ਵਾਅਦਾ ਕੀਤਾ ਕਿ ਪੰਜਾਬ ਨੂੰ ਨਸ਼ਾ, ਗੈਂਗਸਟਵਾਦ, ਭ੍ਰਿਸ਼ਟਾਚਾਰ ਤੋਂ ਮੁਕਤੀ ਭਾਜਪਾ ਦੀ ਦੁਆ ਸਕਦੀ ਹੈ ਅਤੇ ਅੱਜ ਤੋਂ ਪੰਜਾਬ ਵਿੱਚ ‘ਆਪ’ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇ ਇਸ ਦਾ ਬਿਗੁਲ ਅੱਜ ਤੋਂ ਹੀ ਵਜਾ ਦਿੱਤਾ।
ਭਾਜਪਾ ਦੀਆਂ ਕੁਰਬਾਨੀਆਂ ਤੇ ਤਿਆਗ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਲਈ ਕੁਰਬਾਨੀਆਂ ਤੇ ਤਿਆਗ ਕੀਤਾ ਹੈ।

ਭਾਜਪਾ ਨੇ ਪੰਜਾਬ ਵਿੱਚ ਹਿੰਦੂ- ਸਿੱਖ ਏਕਤਾ ਲਈ ਇੱਕ ਖੇਤਰੀ ਪਾਰਟੀ ਦੇ ਛੋਟੇ ਭਰਾ ਬਣ ਕੇ ਰੋਲ ਅਦਾ ਕੀਤਾ। ਅੱਜ ਵੀ ਭਾਜਪਾ ਦਾ ਸਭ ਤੋਂ ਵੱਡਾ ਮਕਸਦ ਚੋਣਾਂ ਨਾਲੋਂ ਭਾਈਚਾਰੇ ਨੂੰ ਕਾਇਮ ਕਰਨਾ ਹੈ। ਪੰਜਾਬ ਨੂੰ ਸੱਤਾਧਾਰੀਆ ਨੇ ਧੋਖਾ ਦਿੱਤਾ ਹੈ।
ਕਾਂਗਰਸ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ, ‘‘ਪੰਜਾਬ ਵਿੱਚ ਹਿੰਦੂ ਸਿੱਖਾਂ ਦੇ ਨਾਂ ਉੱਤੇ, ਜਾਤ-ਪਾਤ ਦੇ ਨਾਂ ਉੱਤੇ ਉਹ ਲੋਕ ਸਿਆਸਤ ਕਰ ਰਹੇ ਹਨ ਜੋ ਖੁਦ ਨੂੰ ਧਰਮ ਨਿਰਪੱਖ਼ ਕਹਿ ਰਹੇ ਹਨ। ਇਹ ਲੋਕ ਪੰਜਾਬ ਵਿੱਚ ਜ਼ਹਿਰ ਬੀਜ਼ ਰਹੇ ਹਨ ਅਤੇ ਇਸ ਦਾ ਇਲਾਜ ਸਿਰਫ਼ ਭਾਜਪਾ ਕੋਲ਼ ਹੈ।
ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਨਰਿੰਦਰ ਸਿੰਘ ਰੈਣਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ ਅਤੇ ਭਾਜਪਾ ਦੀ ਪੰਜਾਬ ਨੂੰ ਉਸ ਦੇ ਵਿਕਾਸ ਦਾ ਮਾਡਲ ਦੇਵੇਗੀ।
ਪਾਰਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ, ਨਸ਼ਿਆਂ ਤੋਂ, ਗੈਂਗਸਟਰਵਾਦ ਤੋਂ,ਭ੍ਰਿਸ਼ਟਾਚਾਰ ਤੋਂ, ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਤੋਂ। ਇਸ ਲਈ ਸਭ ਨੂੰ ਮਿਲ ਕੇ ਚੱਲਣਾ ਪਵੇਗਾ ਤਾਂ ਹੀ ਵਿਧਾਨ ਸਭਾ ਵਿੱਚ ਨਤੀਜੇ ਆਉਣਗੇ।

ਕੈਪਟਨ ਦਾ ਤੋੜ ਪ੍ਰਨੀਤ ਕੌਰ ਇਸ ਮੌਕੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨਾਂ ਲਏ ਬਿਨਾਂ ਮੀਡੀਆ ਨੂੰ ਇਸ਼ਾਰਾ ਕੀਤਾ ਕਿ ਉਹ ਬਾਤ ਦਾ ਬਤੰਗੜ ਨਾ ਬਣਾਉਣ, ਉਨ੍ਹਾਂ ਬੀਬੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਦੀ ਮੰਚ ਉੱਤੇ ਹਾਜ਼ਰੀ ਦਾ ਖਾਸ ਜ਼ਿਕਰ ਕੀਤਾ।
ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲ਼ਾ ਤੋਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਭਾਰਤੀ ਜਨਤਾ ਪਾਰਟੀ ਦੇ ਦਲਿਤ ਚਿਹਰੇ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਮਨਪ੍ਰੀਤ ਬਾਦਲ, ਸੋਮਪ੍ਰਕਾਸ਼, ਰਾਣਾ ਸੋਢੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸ਼ਵੇਤ ਮਲਿਕ, ਅਸ਼ੋਕ ਮਿੱਤਲ ਅਤੇ ਵਿਕਰਮਜੀਤ ਸਾਹਨੀ ਵੀ ਹਾਜ਼ਰ ਸਨ।
ਭਾਜਪਾ ਦਾ ਨਵਾਂ ਆਇਕਨ ਮਹਾਰਾਜਾ ਰਣਜੀਤ ਸਿੰਘ
ਅਮਰ ਸ਼ਹੀਦ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਮਾਰਕ ਭਵਨ, ਸੈਕਟਰ 37-A, ਚੰਡੀਗੜ੍ਹ ਵਿਖੇ ਢਿੱਲੋਂ ਦੇ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਹੀ ਜੋ ਸੰਕੇਤਕ ਪ੍ਰਗਟਾਵਾ ਕੀਤਾ ਗਿਆ, ਉਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਮੁੱਖ ਦਫ਼ਤਰ ਵਿੱਚ ਸਥਾਪਿਤ ਕਰਨਾ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਨਾ ਸਿਰਫ਼ ਪਾਰਟੀ ਦੀ ਲੀਡਰਸ਼ਿਪ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ, ਬਲਕਿ ਪਾਰਟੀ ਦੀ ਉਸ ਡੂੰਘੀ ਵਚਨਬੱਧਤਾ ਦਾ ਇੱਕ ਪ੍ਰਤੀਕਾਤਮਕ ਪ੍ਰਗਟਾਵਾ ਵੀ ਹੈ। ਜਿਸ ਤਹਿਤ ਪੰਜਾਬ ਵਿੱਚ ਉਸੇ ਖੁਸ਼ਹਾਲੀ, ਏਕਤਾ ਅਤੇ ਸ਼ਾਨ ਨੂੰ ਬਹਾਲ ਕਰਨਾ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਦੇਖਣ ਨੂੰ ਮਿਲੀ ਸੀ।
ਅਰਦਾਸ ਤੇ ਮੰਤਰ ਉਚਾਰਨ ਨਾਲ ਸ਼ੁਭ-ਆਰੰਭ਼
ਕੇਵਲ ਸਿੰਘ ਢਿੱਲੋਂ ਭਾਜਪਾ ਪੰਜਾਬ ਦੇ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਅਰਦਾਸ ਅਤੇ ਮੰਤਰ ਉਚਾਰਨ ਨਾਲ ਕੀਤੀ। ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚਲੇ ਆਪਣੇ ਨਵੇਂ ਦਫ਼ਤਰ ਵਿੱਚ ਉਨ੍ਹਾਂ ਨੇ ਪਹਿਲਾਂ ਅਰਦਾਸ ਕਰਵਾਈ ਅਤੇ ਉਪਰੰਤ ਹਿੰਦੂ ਰੀਤਾਂ ਮੁਤਾਬਕ ਮੰਤਰ ਉਚਾਰਨ ਕੀਤਾ। ਗਿਆ। ਪ੍ਰਧਾਨ ਦੀ ਕੁਰਸੀ ਉੱਤੇ ਬਿਠਾਉਣ ਲਈ ਹਰਿਆਣਆ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤੁਰਣ ਚੁੱਘ, ਸਾਬਾਕਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ ਮੌਜੂਦ ਸਨ, ਜਿਨ੍ਹਾਂ ਨੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਗੁਲਦਸਤੇ ਭੇਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
