punjabilens.com

trump, the president of the, usa, a wax dummy, trump, trump, trump, trump, trump

White House shooting: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸ਼ਨੀਵਾਰ ਰਾਤ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਵ੍ਹਾਈਟ ਹਾਊਸ ਕਾਰਸਪੋਂਡੈਂਟਸ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ (ਡਿਨਰ) ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਤੇ ਦੇਸ਼ ਦੇ ਹੋਰ ਉੱਚ ਨੇਤਾਵਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਰਾਸ਼ਟਰਪਤੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਭਾਜੜ ਦੌਰਾਨ ਮੰਚ ਤੋਂ ਉਤਰਦੇ ਸਮੇਂ ਉਹ ਮਾਮੂਲੀ ਲੜਖੜਾ ਗਏ ਸਨ, ਜਿਨ੍ਹਾਂ ਨੂੰ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਤੁਰੰਤ ਸੰਭਾਲ ਲਿਆ।

ਵਾਸ਼ਿੰਗਟਨ ਹਿਲਟਨ ਹੋਟਲ ਦੇ ਬਾਲਰੂਮ ਵਿੱਚ ਜਦੋਂ ਸੈਂਕੜੇ ਪੱਤਰਕਾਰ ਅਤੇ ਮਹਿਮਾਨ ਰਾਤਰੀ ਭੋਜ ਦਾ ਅਨੰਦ ਲੈ ਰਹੇ ਸਨ, ਤਾਂ ਅਚਾਨਕ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਆਈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਇੱਕ ਹਮਲਾਵਰ ਨੇ ਗੋਲੀਆਂ ਚਲਾਈਆਂ ਸਨ। ਘਟਨਾ ਤੋਂ ਤੁਰੰਤ ਬਾਅਦ ਪੂਰੇ ਹਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਇਕ ਪੁਲੀਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ, ਪਰ ਬੁਲੇਟ-ਪਰੂਫ ਜੈਕਟ ਹੋਣ ਕਾਰਨ ਉਸ ਦੀ ਜਾਨ ਬਚ ਗਈ।

ਹਾਲ ਦੇ ਅੰਦਰ ਮੌਜੂਦ ਚਸ਼ਮਦੀਦਾਂ ਅਨੁਸਾਰ, ਗੋਲੀਆਂ ਦੀ ਆਵਾਜ਼ ਸੁਣਦੇ ਹੀ ਮਹਿਮਾਨਾਂ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਮੇਜ਼ਾਂ ਦੇ ਹੇਠਾਂ ਲੁਕ ਗਏ। ਜਦੋਂ ਸੀਕਰੇਟ ਸਰਵਿਸ ਦੇ ਏਜੰਟ ਰਾਸ਼ਟਰਪਤੀ ਟਰੰਪ ਨੂੰ ਬਾਹਰ ਲੈ ਕੇ ਜਾ ਰਹੇ ਸਨ, ਤਾਂ ਹਾਲ ਦੇ ਇੱਕ ਕੋਨੇ ਤੋਂ ‘ਗੌਡ ਬਲੈੱਸ ਅਮਰੀਕਾ’ ਦੇ ਨਾਅਰੇ ਵੀ ਗੂੰਜੇ। ਘਟਨਾ ਦੇ ਗੰਭੀਰ ਰੁਖ਼ ਨੂੰ ਦੇਖਦੇ ਹੋਏ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਐਸੋਸੀਏਸ਼ਨ ਦੀ ਪ੍ਰਧਾਨ ਵੇਜੀਆ ਜਿਆਂਗ ਨੇ ਕਿਹਾ ਕਿ ਇਹ ਪ੍ਰੋਗਰਾਮ ਦੁਬਾਰਾ ਕਰਵਾਇਆ ਜਾਵੇਗਾ। ਫਿਲਹਾਲ ਪੁਲਿਸ ਅਤੇ ਜਾਂਚ ਏਜੰਸੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।