ਪੰਜਾਬ ਦੇ ਰਾਜ ਸਭਾ ਮੈਂਬਰਾਂ ਵੱਲੋਂ ਬੀਤੇ ਦਿਨ ‘ਆਪ’ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜਨ ਦੇ ਫੈਸਲੇ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਪਾਰਟੀ ਹਾਈਕਮਾਂਡ ਅਤੇ ਵਰਕਰਾਂ ਵਿੱਚ ਇਸ ਦਲ-ਬਦਲੀ ਕਾਰਨ ਭਾਰੀ ਰੋਸ ਹੈ। ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ‘ਆਪ’ ਵਰਕਰ ਸੜਕਾਂ ’ਤੇ ਉੱਤਰ ਆਏ ਅਤੇ ਬਾਗੀ ਸੰਸਦ ਮੈਂਬਰਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਵਰਕਰਾਂ ਨੇ ਪੰਜਾਬ ਵਿੱਚ ਰਹਿਣ ਵਾਲੇ ਰਾਜ ਸਭਾ ਮੈਂਬਰਾਂ ਅਸ਼ੋਕ ਮਿੱਤਲ, ਰਾਜਿੰਦਰ ਗੁਪਤਾ ਅਤੇ ਹਰਭਜਨ ਸਿੰਘ ਦੀਆਂ ਰਿਹਾਇਸ਼ਾਂ ਅਤੇ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ। ਇਸ ਦੌਰਾਨ ਗੁੱਸੇ ਵਿੱਚ ਆਏ ਵਰਕਰਾਂ ਨੇ ਜਿੱਥੇ ਤਿੰਨਾਂ ਆਗੂਆਂ ਦੇ ਪੁਤਲੇ ਫੂਕੇ, ਉੱਥੇ ਹੀ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ’ਤੇ ਕਾਲੇ ਰੰਗ ਨਾਲ ‘ਗੱਦਾਰ’ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।ਨੂੰ
ਜਾਣਕਾਰੀ ਅਨੁਸਾਰ ‘ਆਪ’ ਵਰਕਰਾਂ ਨੇ ਅਸ਼ੋਕ ਮਿੱਤਲ ਅਤੇ ਹਰਭਜਨ ਸਿੰਘ ਦੀ ਜਲੰਧਰ ਸਥਿਤ ਰਿਹਾਇਸ਼ ਦੇ ਬਾਹਰ, ਜਦਕਿ ਰਾਜਿੰਦਰ ਗੁਪਤਾ ਦੀ ਲੁਧਿਆਣਾ ਸਥਿਤ ਰਿਹਾਇਸ਼ ਅਤੇ ਦਫ਼ਤਰਾਂ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤੇ। ਜਲੰਧਰ ਵਿੱਚ ਲਵਲੀ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਭਾਜਪਾ ਨੇ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਇਹ ਕੋਝੀ ਚਾਲ ਚੱਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਮੁੜ ਸੱਤਾ ਵਿੱਚ ਆਵੇਗੀ ਅਤੇ ਲੋਕ ਇਨ੍ਹਾਂ ਬਾਗੀਆਂ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਾਰੀਆਂ ਪਾਰਟੀਆਂ ‘ਆਪ’ ਨੂੰ ਖ਼ਤਮ ਕਰਨ ਲਈ ਨਾਪਾਕ ਗੱਠਜੋੜ ਬਣਾ ਚੁੱਕੀਆਂ ਹਨ।
ਲੁਧਿਆਣਾ ਵਿੱਚ ਪੰਜਾਬ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਗੋਲਡੀ ਨੇ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਦੇ ਵਿਕਾਸ ਮਾਡਲ ਤੋਂ ਡਰ ਗਈ ਹੈ, ਜਿਸ ਕਾਰਨ ਸਾਜ਼ਿਸ਼ਾਂ ਰਾਹੀਂ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਦਾ ਹਰ ਵਰਕਰ ਲੀਡਰਸ਼ਿਪ ਨਾਲ ਚੱਟਾਨ ਵਾਂਗ ਖੜ੍ਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਇਨ੍ਹਾਂ ਆਗੂਆਂ ਦਾ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਰੋਧ ਕੀਤਾ ਜਾਵੇਗਾ। ‘ਆਪ’ ਆਗੂਆਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਇਕਜੁੱਟ ਹੈ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।

