punjabilens.com

ਜਰਨੈਲ ਸਿੰਘ ਭਿੰਡਰਾਵਾਲਿਆਂ ਬਾਰੇ ਰੋਚਕ ਤੱਥ

ਸੰਤ ਜਰਨੈਲ ਸਿੰਘ ਭਿੰਡਰਾਵਾਲੇ

ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਦਮਦਮੀ ਟਕਸਾਲ ਨੇ 20 ਸਾਲ ਸ਼ਹੀਦ ਕਿਉਂ ਨਹੀਂ ਐਲਾਨਿਆ 

ਖੁਸ਼ਹਾਲ ਲਾਲੀ ਦੀ ਰਿਪੋਰਟ 

ਦਸੰਬਰ 2004 ਨੂੰ ਹਰਨਾਮ ਸਿੰਘ ਧੁੰਮਾਂ ਨੇ ਦਮਦਮੀ ਟਕਸਾਲ ਦੇ ਮੁਖੀ ਦਾ ਅਹੁਦਿਆ ਸੰਭਾਲਿਆ, ਉਸ ਤੋਂ ਕੁਝ ਮਹੀਨੇ ਬਾਅਦ 24 ਮਈ 2005 ਨੂੰ ਉਨ੍ਹਾਂ ਇੱਕ ਅਜਿਹਾ ਐਲਾਨ ਕੀਤਾ, ਜਿਸ ਨੇ ਕੌਮ ਵਿੱਚ 20 ਸਾਲ ਤੋਂ ਚੱਲੀ ਆ ਰਹੀ ਦੁਬਿਧਾ ਨੂੰ ਖ਼ਤਮ ਕਰ ਦਿੱਤਾ।

ਇਹ ਦੁਬਿਧਾ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਆਪਰੇਸ਼ਨ ਬਲੂ ਸਟਾਰ ਦੌਰਾਨ ਮੌਤ ਜਾਂ ਬਚ ਕੇ ਨਿਕਲਣ ਬਾਰੇ ਸੀ।  

ਸੰਤ ਭਿੰਡਰਾਂਵਾਲਿਆਂ ਦੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੌਰਾਨ ਬਚ ਨਿਕਲਣ ਸਬੰਧੀ ਭਰਮ-ਭੁਲੇਖੇ ਕਿਵੇਂ ਪੈਦਾ ਹੋਏ। ਇਸ ਪਿੱਛੇ ਕੌਣ ਸੀ ਉਨ੍ਹਾਂ ਦਾ ਕੀ ਮਕਸਦ ਸੀ, ਜਦਕਿ ਮੀਡੀਆ, ਪ੍ਰਸ਼ਾਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮ੍ਰਿਤਕ ਦੇਹ ਦੀ ਸ਼ਨਾਖਤ ਕਰ ਲਈ ਸੀ ?

ਪੰਥਕ ਮਾਮਲਿਆਂ ਦੇ ਜਾਣਕਾਰਾਂ ਦੀਆਂ ਇਸ ਮਾਮਲੇ ਬਾਰੇ ਆਪੋ ਆਪਣੀਆਂ ਦਲੀਲਾਂ ਸਨ।

ਜਾਣੀ ਜਿੰਨੇ ਮੂੰਹ ਉਨੀਆਂ ਗੱਲਾਂ

ਇਸ ਬਾਰੇ ਮਿਲੇ ਵੇਰਵਿਆਂ ਅਨੁਸਾਰ ਸਭ ਤੋਂ ਪਹਿਲਾਂ ਲੋਕਾਂ ਨੇ ਇਹ ਤੱਥ ਸਵੀਕਾਰ ਕਰ ਲਿਆ ਸੀ ਕਿ ਭਿੰਡਰਾਂਵਾਲੇ ਅਪਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਜਾ ਚੁੱਕੇ ਹਨ । ਪਰ ਜੂਨ 1984 ਨੂੰ ਜਦੋਂ ਅਪਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿਚ ਦਮਦਮੀ ਟਕਸਾਲ ਦੇ ਮੁੱਖ ਦਫਤਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਚੌਕ ਮਹਿਤਾ) ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸਨ ਤਾਂ ਭਿੰਡਰਾਂਵਾਲਿਆਂ ਤੋਂ ਬਾਅਦ ਟਕਸਾਲ ਦੇ ਮੁੱਖ ਆਗੂ ਬਾਬਾ ਠਾਕਰ ਸਿੰਘ ਨੇ ਮ੍ਰਿਤਕਾਂ ਦੀ ਸੂਚੀ ਵਿਚ ਭਿੰਡਰਾਂਵਾਲਿਆਂ ਦਾ ਨਾਮ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸੰਤਾਂ ਦੇ ਸ਼ਹੀਦ ਹੋਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਕਿਉਂਕਿ ਕਿਸੇ ਵੀ ਸਿੱਖ ਜਥੇਬੰਦੀ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਦਾਹ-ਸਸਕਾਰ ਨਹੀਂ ਕੀਤਾ। ਜਦੋਂ ਤੱਕ ਇਹ ਪੁਸ਼ਟੀ ਨਹੀਂ ਹੋ ਜਾਂਦੀ, ਸੰਤਾਂ ਨੂੰ ਚੜ੍ਹਦੀ ਕਲਾ ਵਿਚ ਮੰਨਿਆ ਜਾਵੇ।

ਬਾਬਾ ਠਾਕਰ ਸਿੰਘ ਵਲੋਂ ਕੀਤੇ ਇਸ ਐਲਾਨ ਨੇ ਭਿੰਡਰਾਂਵਾਲਿਆਂ ਦੇ ਸਮਰਥਕਾਂ ਲਈ ਉਨ੍ਹਾਂ ਦੇ ਜਿਊਂਦਾ ਹੋਣ ਦੀ ਨਵੀਂ ਕਿਰਨ ਜਗਾ ਦਿੱਤੀ।

ਅਕਾਲ ਤਖ਼ਤ ਸਾਹਿਬ

ਅਪਰੇਸ਼ਨ ਬਲਿਊ ਸਟਾਰ ਕਾਰਨ ਮਾਨਸਿਕ ਤੌਰ ‘ਤੇ ਟੁੱਟ ਚੁੱਕੇ ਲੋਕਾਂ ਲਈ ਬਾਬਾ ਠਾਕਰ ਸਿੰਘ ਦਾ ਇਹ ਐਲਾਨ ਇਕ ਤਰ੍ਹਾਂ ਨਾਲ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਦੇ ਬਰਾਬਰ ਸੀ।

ਕਾਫ਼ੀ ਸਮਾਂ ਪਹਿਲਾਂ ਜਦੋਂ ਅਸੀਂ ਇਸ ਬਾਰੇ ਰਿਪੋਰਟ ਕੀਤੀ ਸੀ ਉਦੋਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਵਰਗੇ ਆਗੂ ਭਾਵੇਂ ਇਹ ਮੰਨਦੇ ਸਨ ਕਿ ਉਨ੍ਹਾਂ ਨੂੰ ਭਿੰਡਰਾਂਵਾਲਿਆਂ ਦੇ ਚੜ੍ਹਦੀ ਕਲਾ ‘ਚ ਹੋਣ ਦੀ ਕੋਈ ਆਸ ਨਹੀਂ ਸੀ ਅਤੇ ਉਹ ਜਾਣਦੇ ਸਨ ਕਿ ਉਹ ਸ਼ਹੀਦ ਹੋ ਚੁੱਕੇ ਹਨ, ਪਰ ਫਿਰ ਵੀ ਕਿਉਂਕਿ ਬਾਬਾ ਠਾਕਰ ਸਿੰਘ ਟਕਸਾਲ ਦੇ ਸਭ ਤੋਂ ਸੀਨੀਅਰ ਆਗੂ ਸਨ ਅਤੇ ਉਨ੍ਹਾਂ ਦਾ ਹੁਕਮ ਸਾਰਿਆਂ ਦੇ ਸਿਰ ਮੱਥੇ ਸੀ।

ਕੂਟਨੀਤੀ ਦਾ ਹਿੱਸਾ ਸੀ 

ਭਾਈ ਮੋਹਕਮ ਸਿੰਘ ਨੇ, ਬਾਬਾ ਠਾਕਰ ਸਿੰਘ ਵਲੋਂ ਲਏ ਇਸ ਸਟੈਂਡ ਨੂੰ ਉਨ੍ਹਾਂ ਦੀ ਕੂਟਨੀਤੀ ਦਾ ਹਿੱਸਾ ਦੱਸਦਿਆ ਸੀ।

ਇਸੇ ਤਰ੍ਹਾਂ ਭਿੰਡਰਾਂਵਾਲਿਆਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਅਪਰੇਸ਼ਨ ਬਲਿਊ ਸਟਾਰ ‘ਚ ਭਿੰਡਰਾਂਵਾਲਿਆਂ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਅਕਾਲ ਤਖਤ ਪਹੁੰਚੇ ਸਨ। ਉਨ੍ਹਾਂ ਨੇ ਖੁਦ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਸ਼ਨਾਖਤ ਕੀਤੀ ਸੀ। ਇਸ ਬਾਰੇ ਉਨ੍ਹਾਂ ਨੂੰ ਕੋਈ ਭੁਲੇਖਾ ਵੀ ਨਹੀਂ ਸੀ। ਕੈਪਟਨ ਰੋਡੇ ਦਾ ਇਸ ਸਬੰਧੀ ਕਹਿਣਾ ਸੀ ਕਿ ਉਨ੍ਹਾਂ ਦਾ ਪਰਿਵਾਰ ਦਮਦਮੀ ਟਕਸਾਲ ਦਾ ਸਤਿਕਾਰ ਕਰਦਾ ਹੈ ਅਤੇ ਟਕਸਾਲ ਦੇ ਫੈਸਲੇ ਕਾਰਨ ਹੀ ਉਨ੍ਹਾਂ ਨੇ ਸੱਚਾਈ ਹੋਣ ਦੇ ਬਾਵਜੂਦ ਚੁੱਪ ਵੱਟੀ ਰੱਖੀ।

ਕੈਪਟਨ ਰੋਡੇ ਨੇ ਉਦੋਂ ਦੱਸਿਆ ਸੀ ਕਿ ਉਨ੍ਹਾਂ ਨੇ ਬਾਬਾ ਠਾਕਰ ਸਿੰਘ ਨੂੰ ਜਦੋਂ ਭਿੰਡਰਾਂਵਾਲਿਆਂ ਦੇ ਮਾਰੇ ਜਾਣ ਬਾਰੇ ਦੱਸਿਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਸੀ।

ਇਸ ਲਈ ਇਹ ਜਾਣਦੇ ਹੋਏ ਵੀ ਕਿ ਸੰਤ ਹੁਣ ਇਸ ਦੁਨੀਆ ਵਿਚ ਨਹੀਂ ਹਨ, ਉਹ ਕਦੇ ਵੀ ਉਨ੍ਹਾਂ ਦੀ ਅਰਦਾਸ ਨਹੀਂ ਕਰ ਸਕੇ।

ਭਿੰਡਰਾਂਵਾਲਿਆਂ ਦੇ ਅਪਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਜਾਣ ਦੇ ਤੀਜੇ ਚਸ਼ਮਦੀਦ ਗਵਾਹ ਬਾਈ ਜੋਗਿੰਦਰ ਸਿੰਘ ਹਨ, ਜੋ ਅੱਜ ਵੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਚੌਕ ਮਹਿਤਾ) ਦੇ ਗੇਟ ਦੇ ਪਹਿਰੇਦਾਰ ਹੁੰਦੇ ਸਨ । ਬਾਈ ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਭਿੰਡਰਾਂਵਾਲਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖਿਆ। ਬਾਈ ਜੋਗਿੰਦਰ ਸਿੰਘ ਅਨੁਸਾਰ ਜਦੋਂ ਅਪਰੇਸ਼ਨ ਬਲਿਊ ਸਟਾਰ ਚੱਲ ਰਿਹਾ ਸੀ ਤਾਂ 6 ਜੂਨ ਨੂੰ 11 ਵਜੇ ਗੋਲੀਬਾਰੀ ਬੰਦ ਹੋ ਗਈ। ਉਸ ਤੋਂ ਪਹਿਲਾਂ ਭਿੰਡਰਾਂਵਾਲੇ ਅਕਾਲ ਤਖਤ ਤੋਂ ਕੁਝ ਹੋਰ ਸਾਥੀਆਂ ਨਾਲ ਥੱਲੇ ਆਏ।

ਦਮਦਮੀ ਟਕਸਾਲ

ਜੋਗਿੰਦਰ ਸਿੰਘ ਦਾ ਮੋਰਚਾ ਨਿਸ਼ਾਨ ਸਾਹਿਬ ਦੇ ਪਿੱਛੇ ਬਣੇ ਕਮਰਿਆਂ ਵਿਚ ਸੀ। ਉਸ ਦੇ ਨਾਲ ਦੇ ਕਮਰੇ ਵਿਚ ਸੁਖਦੇਵ ਸਿੰਘ ਦਹੇੜੂ ਦਾ ਪਰਿਵਾਰ ਸੀ । ਜਦੋਂ ਭਿੰਡਰਾਂਵਾਲੇ ਉਸ ਕੋਲ ਆਏ ਤਾਂ ਉਨ੍ਹਾਂ ਕਿਹਾ, “ਜੋਗਿੰਦਰ ਸਿਆਂ ਬਾਹਰ ਨਾ ਨਿਕਲੀਂ ਇਹ ਦਹੇੜੂ ਪਰਿਵਾਰ ਦੀਆਂ ਆਖਰੀ ਨਿਸ਼ਾਨੀਆਂ ਨੇ। ਇਹਨੂੰ ਬਚਾਉਣਾ, ਨਹੀਂ ਤਾਂ ਪਾਪ ਲੱਗੇਗਾ ।” ਏਨਾ ਕਹਿ ਕੇ ਉਹ ਦਰਸ਼ਨੀ ਡਿਉਢੀ ਵੱਲ ਤੁਰ ਗਏ । ਉਨ੍ਹਾਂ ਆਪਣੇ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਅਸੀਂ ਤਾਂ ਸ਼ਹੀਦ ਹੋਣ ਚੱਲੇ ਹਾਂ, ਜਿਸ ਨੇ ਬਾਹਰ ਜਾਣਾ ਉਹ ਜਾ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਅੱਗੇ ਹੋ ਕੇ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਮੱਥਾ ਟੇਕਿਆ। ਜਿਉਂ ਹੀ ਮੱਥਾ ਟੇਕ ਕੇ ਉਹ ਖੜ੍ਹੇ ਹੋਏ ਟੈਂਕ ਵਿਚੋਂ ਗੋਲੀਆਂ ਦੀ ਬੁਛਾੜ ਆਈ। ਇਕ ਗੋਲੀ ਉਨ੍ਹਾਂ ਦੇ ਮੱਥੇ ‘ਤੇ ਲੱਗੀ। ਇਕ ਦਿਲ ਵਿਚ । ਬਾਕੀ ਦੂਜੇ ਪਾਸੇ ਲੱਗੀਆਂ ਅਤੇ ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ । ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਜੋਗਿੰਦਰ ਸਿੰਘ ਜੇਲ੍ਹ ਵਿਚ ਰਿਹਾ ਅਤੇ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਬਾਬਾ ਠਾਕਰ ਸਿੰਘ ਨਾਲ ਗੱਲ ਕੀਤੀ ਕਿ ਭਿੰਡਰਾਂਵਾਲੇ ਦੁਨੀਆ ‘ਚ ਨਹੀਂ ਹਨ ਤਾਂ ਉਨ੍ਹਾਂ ਕਿਹਾ ਕਿ ਤੂੰ ਚੁੱਪ ਰਹਿ । ਅਜੇ ਸਮਾਂ ਇਜ਼ਾਜ਼ਤ ਨਹੀਂ ਦਿੰਦਾ ਤੇ ਇਸ ਕਾਰਨ ਜੋਗਿੰਦਰ ਸਿੰਘ ਵੀ ਚੁੱਪ ਕਰ ਗਿਆ।

ਇਸ ਤੋਂ ਬਿਨਾ ਹੋਰ ਵੀ ਕਈ ਪੁਲਿਸ ਅਧਿਕਾਰੀ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਦਾਹ-ਸੰਸਕਾਰ ਆਪਣੇ ਹੱਥੀਂ ਕੀਤਾ ਸੀ। ਇਨ੍ਹਾਂ ਵਿਚ ਇੰਸਪੈਕਟਰ ਸੀ ਆਈ ਡੀ ਅਪਾਰ ਸਿੰਘ ਬਾਜਵਾ ਅਜਿਹਾ ਅਧਿਕਾਰੀ ਸੀ, ਜਿਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਸ਼ਨਾਖਤ ਕੀਤੀ ਸੀ । ਪਰ ਫਿਰ ਵੀ ਲੋਕਾਂ ਨੇ ਬਾਬਾ ਠਾਕਰ ਸਿੰਘ ਦੇ ਬਿਆਨ ‘ਤੇ ਹੀ ਭਰੋਸਾ ਕੀਤਾ।

ਸੰਤਾਂ ਦੇ ਬਚਣ ਬਾਰੇ ਅਫ਼ਵਾਹਾਂ

 ਬਾਬਾ ਠਾਕਰ ਸਿੰਘ ਦੇ ਐਲਾਨ ਤੋਂ ਬਾਅਦ ਭਿੰਡਰਾਂਵਾਲਿਆਂ ਬਾਰੇ ਅਨੇਕਾਂ ਕਿਸਮ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਭਿੰਡਰਾਂਵਾਲਿਆਂ ਦੇ ਦਰਬਾਰ ਸਾਹਿਬ ‘ਚੋਂ ਜਿਊਂਦਿਆਂ ਬਚ ਕੇ ਨਿਕਲ ਜਾਣ ਬਾਰੇ ਅਨੇਕਾਂ ਤਰ੍ਹਾਂ ਦੀਆਂ ਅਫਵਾਹਾਂ ਪ੍ਰਚਲਤ ਹੋ ਗਈਆਂ। ਇਹ ਅਫਵਾਹ ਸੀ ਕਿ ਉਹ ਬਚ ਕੇ ਪਾਕਿਸਤਾਨ ਚਲੇ ਗਏ ਹਨ।

 ਕਈਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਜਥਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮੇਂ ਪਾਕਿਸਤਾਨ ਗਿਆ ਸੀ, ਉਸ ਦੇ ਕਈ ਮੈਂਬਰਾਂ ਨੇ ਉੱਥੇ ਭਿੰਡਰਾਂਵਾਲਿਆਂ ਦੇ ਦਰਸ਼ਨ ਕੀਤੇ ਸਨ ਅਤੇ ਉਨ੍ਹਾਂ ਤੋਂ ਹੱਥੀਂ ਪ੍ਰਸ਼ਾਦ ਲਿਆ ਸੀ।

 ਇਕ ਹੋਰ ਅਫਵਾਹ ਆਈ ਕਿ 30 ਜੂਨ ਨੂੰ ਪਾਕਿਸਤਾਨ ਟੀ ਵੀ ‘ਤੇ ਭਿੰਡਰਾਂਵਾਲਿਆਂ ਨੂੰ ਦਿਖਾਇਆ ਜਾਵੇਗਾ।

ਕਦੇ ਇਹ ਰੌਲਾ ਪੈ ਗਿਆ ਕਿ ਭਿੰਡਰਾਂਵਾਲੇ ਅੰਮ੍ਰਿਤਸਰ ਬਾਬਾ ਖੜਕ ਸਿੰਘ ਨੂੰ ਮਿਲਣ ਆਏ ਸਨ। ਕਿਸੇ ਸਿੱਖ ਨੇ ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰੇ ਕਿਲੋ ਸਵਾ ਕਿਲੋ ਸੋਨੇ ਦਾ ਹਾਰ ਚੜਾ ਦਿੱਤਾ । ਸ਼ਹਿਰ ਵਿਚ ਉਸੇ ਸਮੇਂ ਅਫਵਾਹ ਫੈਲ ਗਈ ਕਿ ਇਹ ਹਾਰ ਭਿੰਡਰਾਂਵਾਲੇ ਚੜ੍ਹਾਉਣ ਆਏ ਸਨ।

 ਉਨ੍ਹਾਂ ਦੇ ਸਰੋਵਰ ਤੇ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਵਿਚ ਸ਼ਾਮਲ ਹੋਣ ਦੀਆਂ ਵੀ ਅਨੇਕਾਂ ਕਹਾਣੀਆਂ ਪ੍ਰਚਲਤ ਹੋ ਗਈਆਂ। ਇਥੋਂ ਤੱਕ ਕਿ ਮੀਡੀਆ ਅੰਦਰ ਦੀ ਇਹ ਅਫਵਾਹ ਫੈਲ ਗਈ ਕਿ ਸਰਕਾਰ ਨੇ ਦਿੱਲੀ ‘ਚ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦੇ ਇਕ ਡੀ ਆਈ ਜੀ ਦੀ ਆਪਣੀ ਧੀ ਨਾਲ ਫੋਨ ‘ਤੇ ਕੀਤੀ ਗੱਲਬਾਤ ਟੇਪ ਕੀਤੀ ਹੈ, ਜਿਸ ਵਿਚ ਡੀ ਆਈ ਜੀ ਨੇ ਆਪਣੀ ਧੀ ਨਾਲ ਇਹ ਭੇਦ ਸਾਂਝਾ ਕਰਦਿਆਂ ਦੱਸਿਆ ਹੈ ਕਿ ਭਿੰਡਰਾਂਵਾਲੇ ਫੌਜੀ ਕਾਰਵਾਈ ਤੋਂ ਕੋਈ ਘੰਟਾ ਭਰ ਪਹਿਲਾਂ ਦਰਬਾਰ ਸਾਹਿਬ ਤੋਂ ਨਿਕਲ ਗਏ ਸਨ।

ਬਾਬਾ ਜੋਗਿੰਦਰ ਸਿੰਘ ਦੇ ਘਰ ਵਰਦੀਧਾਰੀ ਫੌਜੀ ਆਏ । ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਭਿੰਡਰਾਂਵਾਲੇ ਨੂੰ ਭਾਰਤੀ ਸਰਹੱਦ ਪਾਰ ਕਰਾ ਕੇ ਪਾਕਿਸਤਾਨ ਵਿਚ ਛੱਡ ਆਏ ਹਨ। ਉਹ ਉਨ੍ਹਾਂ ਨੂੰ ਲੋਈ ਅਤੇ ਕੱਪੜੇ ਦੇ ਕੇ ਗਏ, ਜਿਸ ਬਾਰੇ ਦੱਸਿਆ ਗਿਆ ਕਿ ਇਹ ਉਨ੍ਹਾਂ ਲਈ ਭਿੰਡਰਾਂਵਾਲਿਆਂ ਨੇ ਭੇਜੇ ਹਨ। ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਦੇ ਘਰ ਵੀ ਬੰਦੇ ਆਏ ਅਤੇ ਉਨ੍ਹਾਂ ਨੇ ਭਿੰਡਰਾਂਵਾਲਿਆਂ ਦੇ ਜਿਊਂਦਾ ਹੋਣ ਦੀ ਗੱਲ ਕੀਤੀ। ਪਰ ਅਸਲ ਕਹਾਣੀ ਇਹ ਸੀ ਕਿ ਹਰ ਕੋਈ ਸੁਣੀਆਂ ਸੁਣਾਈਆਂ ਗੱਲਾਂ ਹੀ ਕਰ ਰਿਹਾ ਸੀ। ਕਿਸੇ ਨੇ ਕਦੇ ਵੀ ਭਿੰਡਰਾਂਵਾਲਿਆਂ ਨੂੰ ਅੱਖੀਂ ਨਹੀਂ ਦੇਖਿਆ ਸੀ ਅਤੇ ਨਾ ਹੀ ਉਨ੍ਹਾਂ ਨਾਲ ਕਦੇ ਗੱਲਬਾਤ ਹੋਈ ਸੀ।

ਦਮਦਮੀ ਟਕਸਾਲ

ਸਿਰਫ਼ ਹਮੇਸ਼ਾ ਇਹੀ ਕਿਹਾ ਜਾਂਦਾ ਕਿ ਖ਼ਬਰ ਮਿਲੀ ਹੈ ਕਿ ਭਿੰਡਰਾਂਵਾਲੇ ਫਲਾਣੀ ਜਗ੍ਹਾ ਫਲਾਣੇ ਬੰਦੇ ਨੂੰ ਮਿਲ ਕੇ ਗਏ ਹਨ। ਜਿਹੀਆਂ ਅਫਵਾਹਾਂ ਫੈਲਾਉਣ ਵਿਚ ਕਈ ਹੋਰ ਵੱਡੇ ਆਗੂ ਵੀ ਸ਼ਾਮਲ ਹੋਏ।

 ਲੰਡਨ ਤੋਂ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਇਕ ਅੰਗਰੇਜ਼ੀ ਪਰਚੇ ‘ਇੰਪਰਿੰਟ’ ਨੂੰ ਮੁਲਾਕਾਤ ਦੌਰਾਨ ਗੋਲਾ ਦਾਗ ਦਿੱਤਾ ਕਿ ਉਹ ਪੂਰੇ ਦਾਅਵੇ ਨਾਲ ਕਹਿ ਸਕਦੇ ਹਨ ਕਿ ਭਿੰਡਰਾਂਵਾਲੇ ਜਿਊਂਦੇ ਹਨ ਅਤੇ ਉਸ ਨੂੰ ਇਹ ਵੀ ਪਤਾ ਹੈ ਕਿ ਉਹ ਕਿਸ ਥਾਂ ‘ਤੇ ਹਨ । ਡਾਕਟਰ ਚੌਹਾਨ ਇਥੋਂ ਤੱਕ ਝੂਠ ਬੋਲ ਗਏ ਕਿ ਦਰਬਾਰ ਸਾਹਿਬ ‘ਚ ਫੌਜੀ ਕਾਰਵਾਈ ਸਮੇਂ ਭਿੰਡਰਾਂਵਾਲਿਆਂ ਨੂੰ ਇਕ ਗੋਲੀ ਲੱਗੀ ਸੀ, ਪਰ ਹੁਣ ਉਹ ਬਿਲਕੁਲ ਤੰਦਰੁਸਤ ਹਨ।

ਅਫ਼ਵਾਹਾਂ ਦੀ ਹਕੀਕਤ

ਬਲੂ ਸਟਾਰ ਤੋਂ ਤੁਰੰਤ ਬਾਅਦ ਪੰਜਾਬ ਵਿਚ ਉਹ ਅਜਿਹਾ ਦੌਰ ਸੀ, ਜਿਸ ਨੂੰ ਹੁਣ 40 ਸਾਲਾਂ ਤੋਂ ਬਾਦ ਸਮਝ ਸਕਣਾ ਬਹੁਤ ਮੁਸ਼ਕਲ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਦਾ ਪੰਜਾਬ ਵਿਚ ਉਸ ਵਕਤ ਜੋ ਆਕਰਸ਼ਨ ਸੀ, ਉਸ ਦਾ ਹੁਣ ਅੰਦਾਜ਼ਾ ਲਾਉਣਾ ਮੁਸ਼ਕਲ ਹੋਵੇਗਾ।

ਨੌਜਵਾਨ ਉਨਾਂ ਤੇ ਫਿਦਾ ਹੋਣ ਨੂੰ ਫਿਰਦੇ ਸਨ । ਗਲਤ ਜਾਂ ਠੀਕ ਉਨਾਂ ਪੰਜਾਬ ਦੇ ਸਿਖ ਨੌਜਵਾਨਾਂ ਅੰਦਰ ਇਕ ਵੱਡੀ ਆਸ ਪੈਦਾ ਕੀਤੀ ਸੀ । ਭਿੰਡਰਾਂਵਾਲੇ ਪੰਜਾਬ ਵਿਚ ਇਕ ਨਵੀਂ ਲਹਿਰ ਦੇ ਸੰਚਾਲਕ ਸਨ। ਇਹੀ ਸਿਲਸਿਲਾ ਚਲਦਾ ਚਲਦਾ ਅਪਰੇਸ਼ਨ ਬਲੂ ਸਟਾਰ ਤਕ ਪਹੁੰਚ ਗਿਆ। ਅਪਰੇਸ਼ਨ ਬਲੂ ਸਟਾਰ ਅਤੇ ਸ੍ਰੀ ਅਕਾਲ ਤਖਤ ਦੀ ਇਮਾਰਤ ਦੇ ਢਾਹੇ ਜਾਣ ਤੋਂ ਬਾਅਦ ਜੋ ਹਾਲਾਤ ਪੈਦਾ ਹੋ ਗਏ ਸਨ, ਉਸ ਵਿਚ ਰੱਖਕੇ ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਮੌਤ ਦੀ ਗੱਲ ਨੂੰ ਦੇਖਦੇ ਹਾਂ ਤਾਂ ਗੱਲ ਜ਼ਰਾ ਕੁ ਅਸਾਨੀ ਨਾਲ ਸਮਝ ਆ ਜਾਂਦੀ ਹੈ।

ਉਸ ਦੌਰ ਨੂੰ ਨੇੜਿਓਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਭਿੰਡਰਾਂਵਾਲਿਆਂ ਦੇ ਬਚ ਨਿਕਲਣ ਦੀ ਖਬਰ ਕਿਉਂ ਅਤੇ ਕਿਸਨੇ ਫੈਲਾਈ, ਇਸ ਸਬੰਧ ਵਿਚ ਵੱਡੀਆਂ ਧਾਰਨਾਵਾਂ ਹਨ।

ਅਫ਼ਵਾਹਾਂ ਪਿੱਛੇ ਧਾਰਨਾਵਾਂ

ਪਹਿਲੀ ਧਾਰਨਾ ਇਹ ਹੈ ਕਿ ਇਹ ਅਫਵਾਹ ਭਿੰਡਰਾਂਵਾਲਿਆਂ ਦੇ ਸਮਰਥਕਾਂ ਨੇ ਫੈਲਾਈ। ਦੂਜੀ ਧਾਰਨਾ ਇਹ ਹੈ ਕਿ ਇਸ ਪਿਛੇ ਸਰਕਾਰੀ ਏਜੰਸੀਆਂ ਦਾ ਹੱਥ ਸੀ ਅਤੇ ਉਨਾਂ ਇਕ ਸੋਚੀ ਸਮਝੀ ਯੋਜਨਾ ਤਹਿਤ ਇਹ ਗੱਲ ਉਡਾਈ। ਉਸ ਵਕਤ ਸਿੱਖ ਪੰਥ ਅੰਦਰ ਨਿਰਾਸ਼ਾ ਅਤੇ ਗੁੱਸੇ ਦਾ ਮਹੌਲ ਕਿਸ ਹੱਦ ਤਕ ਵਧ ਗਿਆ ਸੀ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਉਹ ਲੋਕ ਵੀ ਹਿੱਲ ਗਏ, ਜਿਹੜੇ ਬੁਨਿਆਦੀ ਤੌਰ ਤੇ ਸੰਤ ਭਿੰਡਰਾਂਵਾਲੇ ਜਾਂ ਉਨਾਂ ਦੀ ਲਹਿਰ ਦੇ ਪੂਰੀ ਤਰਾਂ ਵਿਰੁਧ ਸਨ । ਇਸ ਵਿਚ ਖੁਸ਼ਵੰਤ ਸਿੰਘ ਦੀ ਮਿਸਾਲ ਲਈ ਜਾ ਸਕਦੀ ਹੈ । ਖੁਸ਼ਵੰਤ ਸਿੰਘ ਨਾ ਸਿਰਫ ਭਿੰਡਰਾਂਵਾਲਿਆਂ ਦੀ ਸਿਆਸਤ ਨਾਲ ਅਸਹਿਮਤ ਸਨ ਬਲਕਿ ਉਨਾਂ ਬੜੇ ਹੌਸਲੇ ਨਾਲ ਇਹ ਭਿੰਡਰਾਂ ਵਾਲਿਆਂ ਦੇ ਖਿਲਾਫ਼ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਸੀ। ਪਰ ਜਦ ਅਪਰੇਸ਼ਨ ਬਲੂ ਸਟਾਰ ਵਿਚ ਸ੍ਰੀ ਅਕਾਲ ਤਖਤ ਦੀ ਇਮਾਰਤ ਢਹਿ ਗਈ ਅਤੇ ਬੇਹਿਸਾਬ ਨੁਕਸਾਨ ਹੋ ਗਿਆ ਤਾਂ ਅਜਿਹੇ ਵਿਅਕਤੀ ਵੀ ਹਿਲ ਗਏ ਅਤੇ ਉਨਾਂ ਸਰਕਾਰ ਵਲੋਂ ਉਨਾਂ ਨੂੰ ਦਿੱਤੀਆਂ ਉਪਾਧੀਆਂ ਵਾਪਿਸ ਮੋੜ ਦੇਣ ਦਾ ਐਲਾਨ ਕਰ ਦਿੱਤਾ।

ਅਜਿਹੀ ਹਾਲਤ ਵਿਚ ਭਿੰਡਰਾਂਵਾਲਿਆਂ ਦੇ ਮਾਰੇ ਜਾਣ ਦੀ ਖਬਰ ਉਨਾਂ ਦੇ ਸਮਰਥਕਾਂ ਦਾ ਪੂਰੀ ਤਰਾਂ ਦਿਲ ਤੋੜ ਸਕਦੀ ਸੀ। ਭਿੰਡਰਾਂਵਾਲਿਆਂ ਦੇ ਬਚ ਨਿਕਲਣ ਦੀ ਖਬਰ ਉਨਾਂ ਦੇ ਦਿਲ ਲਈ ਇਕ ਠੁੰਮਣਾ ਸੀ । ਇਸ ਨਾਲ ਉਨਾਂ ਨੂੰ ਹੌਂਸਲਾ ਅਤੇ ਉਮੀਦ ਹੋ ਗਈ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਉਨਾਂ ਦੇ ਬਚ ਜਾਣ ਦੀ ਅਫਵਾਹ ਉਨਾਂ ਦੇ ਸਮਰਥਕਾਂ ਵਲੋਂ ਫੈਲਾਈ ਗਈ।

 ਦੂਜੇ ਪਾਸੇ ਧਾਰਨਾ ਹੈ ਕਿ ਇਹ ਸਭ ਕੁਝ ਸਰਕਾਰੀ ਏਜੰਸੀਆਂ ਦੀ ਚਾਲ ਹੈ । ਉਸ ਪਿਛੇ ਵੀ ਉਸੇ ਤਰਾਂ ਦਾ ਤਰਕ ਕੰਮ ਕਰ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿਚ ਫੌਜੀ ਕਾਰਵਾਈ ਆਪਣੇ ਆਪ ਵਿਚ ਇਕ ਬਹੁਤ ਵੱਡਾ ਜ਼ਖਮ ਸੀ, ਜਿਸ ਦੀ ਪੀੜ ਨੂੰ ਸਹਾਰ ਸਕਣਾ ਸਿਖ ਪੰਥ ਲਈ ਮੁਸ਼ਕਲ ਹੋਇਆ ਪਿਆ ਸੀ । ਇਸ ਤਰਾਂ ਦੀ ਹਾਲਤ ਵਿਚ ਇਕ ਪਾਸੇ ਸ੍ਰੀ ਅਕਾਲ ਤਖਤ ਦੀ ਤਬਾਹੀ ਅਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮਾਰੇ ਜਾਣ ਦੀਆਂ ਖਬਰਾਂ ਨੇ ਸਿਖਾਂ ਅੰਦਰ ਜਬਰਦਸਤ ਬੇਚੈਨੀ ਅਤੇ ਗੁੱਸਾ ਪੈਦਾ ਕਰ ਦਿੱਤਾ ਸੀ ।

ਪਰ ਸੰਤਾਂ ਦੇ ਬਚ ਨਿਕਲਣ ਦੀ ਖ਼ਬਰ ਨੇ ਇੱਕ ਝੂਠਾ ਦਿਲਾਸਾ ਪੈਦਾ ਕੀਤਾ। ਉਨਾਂ ਨੂੰ ਇਕ ਝੂਠੀ ਮਨ ਦੀ ਤਸੱਲੀ ਮਿਲ ਗਈ ਕਿ ਭਾਵੇਂ ਬਹੁਤ ਤਬਾਹੀ ਹੋ ਗਈ ਹੈ, ਪਰ ਚਲੋ ਸੰਤ ਤਾਂ ਬਚ ਗਏ ਹਨ। ਇਸ ਤਸੱਲੀ ਵਿਚ ਉਹ ਢਿਲੇ ਵੀ ਪੈ ਗਏ ਅਤੇ ਅਗਲੇ ਕਿਸੇ ਐਕਸ਼ਨ ਲਈ ਸੰਤਾਂ ਤੇ ਆਉਣ ਦੀ ਉਮੀਦ ਕਰਨ ਲੱਗੇ । ਇਸ ਨਾਲ ਦੰਗਿਆਂ ਆਦਿ ਦੇ ਫੌਰੀ ਖਤਰੇ ਟਲ ਗਏ।

ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬਾ ਠਾਕਰ ਸਿੰਘ ਵਲੋਂ ਭਿੰਡਰਾਂਵਾਲਿਆਂ ਦੇ ਮਾਰੇ ਜਾਣ ਸਬੰਧੀ ਮੁਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਬਾਬਾ ਠਾਕਰ ਸਿੰਘ ਨੂੰ ਦਮਦਮੀ ਟਕਸਾਲ ਅੰਦਰ ਭਿੰਡਰਾਂਵਾਲਿਆਂ ਦੀ ਜਗ੍ਹਾ ਲੈਣ ਵਾਲਾ ਕੋਈ ਯੋਗ ਵਿਅਕਤੀ ਨਜ਼ਰ ਨਹੀਂ ਆਉਂਦਾ । ਕਿਉਂਕਿ ਬਲਿਊ ਸਟਾਰ ਦੌਰਾਨ ਹੀ ਭਿੰਡਰਾਂਵਾਲਿਆਂ ਦੇ ਪ੍ਰਮੁੱਖ ਸਾਥੀ ਭਾਈ ਅਮਰੀਕ ਸਿੰਘ ਅਤੇ ਭਾਈ ਠਾਰਾ ਸਿੰਘ ਵੀ ਮਾਰੇ ਜਾ ਚੁੱਕੇ ਸਨ । ਟਕਸਾਲ ਦੇ ਪ੍ਰਮੁੱਖ ਆਗੂਆਂ ਦੇ ਖ਼ਤਮ ਹੋ ਜਾਣ ਨਾਲ ਇਕ ਵੱਡਾ ਖਲਾਅ ਪੈਦਾ ਹੋ ਗਿਆ ਸੀ ।

ਜਾਣਕਾਰਾਂ ਅਨੁਸਾਰ ਸ਼ਾਇਦ ਬਾਬਾ ਠਾਕਰ ਸਿੰਘ ਨੇ ਦਮਦਮੀ ਟਕਸਾਲ ਦੀ ਕਮਾਂਡ ਗਲਤ ਅਤੇ ਅਸਮਰਥ ਹੱਥਾਂ ਵਿਚ ਜਾਣ ਤੋਂ ਰੋਕਣ ਲਈ ਇਹ ਐਲਾਨ ਕੀਤਾ ਹੋਵੇ ਕਿ ਭਿੰਡਰਾਂਵਾਲੇ ਚੜ੍ਹਦੀ ਕਲਾ ਵਿਚ ਹਨ ਅਤੇ ਉਹ ਖੁਦ ਕਾਰਜਕਾਰੀ ਮੁਖੀ ਵਜੋਂ ਹੀ ਸੇਵਾ ਨਿਭਾਉਣਗੇ। ਕਿਉਂਕਿ ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਦਮਦਮੀ ਟਕਸਾਲ ਉੱਤੇ ਵੱਡੀ ਭਾਰੀ ਜ਼ਿੰਮੇਵਾਰੀ ਆਣ ਪਈ ਸੀ । ਪਰ ਇਸ ਦੀ ਪ੍ਰਮੁੱਖ ਲੀਡਰਸ਼ਿਪ ਜਾਂ ਤਾਂ ਅਪਰੇਸ਼ਨ ਬਲਿਊ ਸਟਾਰ ਵਿਚ ਮਾਰੀ ਗਈ ਜਾਂ ਜੇਲ੍ਹਾਂ ਵਿਚ ਬੰਦ ਕਰ ਦਿੱਤੀ ਗਈ । ਇਸ ਲਈ ਦਮਦਮੀ ਟਕਸਾਲ ਸਿਖਾਂਦਰੂ ਹੱਥਾਂ ਵਿਚ ਛੱਡਣ ਦੀ ਬਜਾਏ ਬਾਬਾ ਠਾਕਰ ਸਿੰਘ ਨੇ ਇਹ ਮਿੱਥ ਪੈਦਾ ਕਰਨ ਦਾ ਮੁੱਢ ਬੰਨ੍ਹ ਦਿੱਤਾ ਕਿ ਭਿੰਡਰਾਂਵਾਲੇ ਅਜੇ ਚੜ੍ਹਦੀਕਲਾ ਵਿਚ ਹਨ।

ਸਰਕਾਰੀ ਏਜੰਸੀਆਂ ਦਾ ਹੱਥ 

ਭਿੰਡਰਾਂਵਾਲੇ ਦੀ ਮੌਤ ਬਾਰੇ ਭੰਬਲਭੂਸਾ ਪੈਦਾ ਕਰਨ ਪਿੱਛੇ ਇਕ ਕਾਰਨ ਬਾਬਾ ਠਾਕਰ ਸਿੰਘ ਦੀ ਇਸ ਕੂਟਨੀਤਕ ਚਾਲ ਨੂੰ ਵੀ ਕਿਹਾ ਜਾ ਸਕਦਾ ਹੈ। ਇਸ ਮਿੱਥ ਨੂੰ ਜ਼ੋਰਦਾਰ ਢੰਗ ਨਾਲ ਪ੍ਰਚਾਰਨ ਅਤੇ ਪੱਕਿਆਂ ਕਰਨ ਵਿਚ ਸਰਕਾਰੀ ਸੁਰੱਖਿਆ ਏਜੰਸੀਆਂ ਨੇ ਵੀ ਆਪਣੀ ਪੂਰੀ ਭੂਮਿਕਾ ਨਿਭਾਈ ।

ਕਿਉਂਕਿ ਬਾਬਾ ਠਾਕਰ ਸਿੰਘ ਦਾ ਐਲਾਨ ਉਨ੍ਹਾਂ ਲਈ ਕਾਫੀ ਲਾਹੇਵੰਦ ਸਾਬਤ ਹੋਇਆ। ਉਨ੍ਹਾਂ ਨੇ ਬਕਾਇਦਾ ਤੌਰ ‘ਤੇ ਯੋਜਨਾਬੱਧ ਤਰੀਕੇ ਨਾਲ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਭਿੰਡਰਾਂਵਾਲੇ ਅਜੇ ਜਿਊਂਦੇ ਹਨ। ਜਾਣਕਾਰਾਂ ਅਨੁਸਾਰ ਏਜੰਸੀਆਂ ਨੂੰ ਲੱਗ ਰਿਹਾ ਸੀ ਕਿ ਜੇਕਰ ਭਿੰਡਰਾਂਵਾਲੇ ਦੇ ਮਾਰੇ ਜਾਣ ਦੀ ਹੁਣੇ ਪੁਸ਼ਟੀ ਕਰ ਦਿੱਤੀ ਤਾਂ ਦੰਗੇ ਭੜਕ ਕੇ ਹੋਰ ਵੀ ਵਧੇਰੇ ਨੁਕਸਾਨ ਹੋ ਸਕਦਾ ਹੈ। ਇਸੇ ਲਈ ਕਦੇ ਫੌਜੀ ਵਰਦੀ ਵਿਚ ਜੋਗਿੰਦਰ ਸਿੰਘ ਦੇ ਘਰ ਕੁਝ ਜਵਾਨ ਜਾ ਕੇ ਇਹ ਕਹਿੰਦੇ ਕਿ ਭਿੰਡਰਾਂਵਾਲੇ ਨੂੰ ਉਨ੍ਹਾਂ ਖੁਦ ਸਰਹੱਦ ਪਾਰ ਕਰਵਾਈ।

ਜਰਨੈਲ ਸਿੰਘ ਭਿੰਡਰਾਵਾਲਾ

ਕਦੇ ਖ਼ਬਰ ਆਉਂਦੀ ਕਿ ਉਹ ਪਾਕਿਸਤਾਨ ਦੇ ਟੀ ਵੀ ‘ਤੇ ਦਿਖਾਈ ਦੇ ਰਹੇ ਹਨ।

ਕਦੇ ਭਾਈ ਅਮਰੀਕ ਸਿੰਘ ਦੇ ਘਰ ਕੁਝ ਲੋਕ ਜਾ ਕੇ ਕਹਿੰਦੇ ਕਿ ਭਿੰਡਰਵਾਲੇ ਅਜੇ ਜਿਉਂਦੇ ਹਨ । ਭਾਵੇਂ ਕਿ ਦਮਦਮੀ ਟਕਸਾਲ ਦੀ ਲੀਡਰਸ਼ਿਪ ਅਤੇ ਸਰਕਾਰੀ ਏਜੰਸੀਆਂ ਭਿੰਡਰਾਂਵਾਲਿਆਂ ਨੂੰ ਜਿੰਦਾ ਸਾਬਤ ਕਰਨ ‘ਤੇ ਪੂਰਾ ਜ਼ੋਰ ਲਾ ਰਹੀਆਂ ਸਨ, ਪਰ ਕੁਝ ਮਹੀਨਿਆਂ ਬਾਅਦ ਹੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਊਂਦੇ ਹੋਣ ਬਾਰੇ ਕੋਈ ਠੋਸ ਸਬੂਤ ਜਾਂ ਨਿਸ਼ਾਨੀ ਸਾਹਮਣੇ ਨਾ ਆਉਣ ਕਾਰਨ ਇਹ ਭਰਮ ਦੂਰ ਹੋਣਾ ਸ਼ੁਰੂ ਹੋ ਗਿਆ ਸੀ ।

ਇਸੇ ਲਈ ਦਮਦਮੀ ਟਕਸਾਲ ਦੇ ਇਕ ਵਰਗ ਅਤੇ ਭਿੰਡਰਾਂਵਾਲੇ ਦੇ ਬਾਪ, ਭਰਾਵਾਂ ਭਤੀਜਿਆਂ ਨੂੰ ਛੱਡ ਕੇ ਕੋਈ ਭਿੰਡਰਾਂਵਾਲਿਆਂ ਦੇ ਜਿਊਂਦੇ ਹੋਣ ਦੀ ਧਾਰਨਾ ‘ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ । ਪਰ ਬਾਬਾ ਠਾਕਰ ਸਿੰਘ ਆਪਣੇ ਆਖਰੀ ਸਮੇਂ ਤੱਕ ਇਸ ਧਾਰਨਾ ‘ਤੇ ਕਾਇਮ ਰਹੇ ਕਿ ਭਿੰਡਰਾਂਵਾਲੇ ਜਿਊਂਦੇ ਹਨ ।

ਸਾਲ 2004 ਦੇ ਆਖਰੀ ਦਿਨਾਂ ਵਿਚ ਬਾਬਾ ਠਾਕਰ ਸਿੰਘ ਦੇ ਪ੍ਰਾਣ ਤਿਆਗਣ ਤੋਂ ਬਾਅਦ ਦਮਦਮੀ ਟਕਸਾਲ ਦੋਫਾੜ ਹੋ ਗਈ । ਇਕ ਧੜੇ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਮਰਥਨ ਸਿਰਫ ਇਸ ਲਈ ਦਿੱਤਾ ਗਿਆ ਕਿਉਂਕਿ ਉਹ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦੇ ਸਨ ।ਕਿਉਂਕਿ ਸ਼੍ਰੋਮਣੀ ਕਮੇਟੀ ਕਈ ਸਾਲ ਪਹਿਲਾਂ ਹੀ ਇਸ ਦਾ ਐਲਾਨ ਕਰ ਚੁੱਕੀ ਸੀ।

ਬਾਬਾ ਠਾਕਰ ਸਿੰਘ ਤੋਂ ਬਾਅਦ ਨਵੇਂ ਕਾਰਜਕਾਰੀ ਮੁਖੀ ਹਰਨਾਮ ਸਿੰਘ ਧੁੰਮਾਂ ਨੇ ਵੱਖ ਵੱਖ ਜਥੇਬੰਦੀਆਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਅਪਰੇਸ਼ਨ ਬਲਿਊ ਸਟਾਰ ਦੌਰਾਨ ਭਿੰਡਰਾਂਵਾਲਿਆਂ ਦੇ ਮਾਰੇ ਜਾਣ ਦਾ ਐਲਾਨ ਕਰ ਦਿੱਤਾ। ਜਿਸ ਦਾ ਸਾਰੀਆਂ ਧਿਰਾਂ ਨੇ ਸਵਾਗਤ ਕੀਤਾ।

ਇਸ ਨਾਲ ਪੰਥਕ ਰਾਜਨੀਤੀ ਵਿਚ ਦੋ ਦਹਾਕੇ ਤੋਂ ਚਲੀ ਆ ਰਹੀ ਇਕ ਮਿਥ ਦਾ ਅੰਤ ਹੋ ਗਿਆ ਸੰਤਾਂ ਦੀ ਵਿਚਾਰਧਾਰਾ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਬਿਨਾਂ ਸ਼ੱਕ ਉਹ ਸਿੱਖ ਪੰਥ ਵਿਚ ਇਸ ਦੌਰ ਦੀ ਇਕ ਵੱਡੀ ਸਖਸ਼ੀਅਤ ਸਨ ਅਤੇ ਉਨਾਂ ਬਹੁਤ ਵਿਆਪਕ ਰੂਪ ਵਿਚ ਪੰਥਕ ਜੀਵਨ ਨੂੰ ਪ੍ਰਭਾਵਤ ਕੀਤਾ। ਅਜਿਹੀ ਸਖਸ਼ੀਅਤ ਦੀ ਮੌਤ ਦਾ ਐਨੇ ਸਾਲ ਇਸ ਤਰਾਂ ਰੁਲਣਾ ਬੇਇਨਸਾਫੀ ਹੀ ਕਹੀ ਜਾ ਸਕਦੀ ਹੈ। ਪਰ ਇਹ ਬੇਇਨਸਾਫੀ ਕਿਸੇ ਹੋਰ ਨੇ ਨਹੀਂ, ਉਨਾਂ ਦੇ ਆਪਣਿਆਂ ਨੇ ਹੀ ਕੀਤੀ।

(ਇਹ ਰਿਪੋਰਟ 2005 ਵਿੱਚ ਪਰਵਾਸੀ ਮੈਗਜ਼ੀਨ ਲਈ ਲਿਖੀ ਗਈ ਸੀ।)

 

Leave a Comment

Your email address will not be published. Required fields are marked *