punjabilens.com

ਖੁੱਲ੍ਹ ਗਿਆ ਹੋਰਮੂਜ਼, ਤੇਲ ਟੈਕਰ ਨਿਕਲਣੇ ਸ਼ੁਰੂ

ਅਮਰੀਕਾ -ਇਰਾਨ

ਟਰੰਪ ਦਾ ਐਲਾਨ- ਖੁੱਲ ਗਿਆ ਹੋਰਮੂਜ਼ ਜਲਮਾਰਗ, ਨਿਕਲਣ ਲੱਗੇ ਤੇਲ ਟੈਂਕਰ 

ਵਾਸ਼ਿੰਗਟਨ/ ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਦੱਸਿਆ ਕਿ ਤੇਲ ਨਾਲ ਭਰੇ ਕਈ ਸਮੁੰਦਰੀ ਜਹਾਜ਼ ‘ਹੋਰਮੁਜ਼ ਜਲਮਾਰਗ’ (Strait of Hormuz) ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਹਨ। ਇਹ ਇੱਕ ਅਜਿਹਾ ਤੰਗ ਸਮੁੰਦਰੀ ਰਸਤਾ ਹੈ, ਜਿੱਥੋਂ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਪੰਜਵਾਂ ਹਿੱਸਾ (20 ਫੀਸਦੀ) ਲੰਘਦਾ ਹੈ।

ਉਨ੍ਹਾਂ ਨੇ ‘ਟਰੂਥ ਸੋਸ਼ਲ’ (Truth Social) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਤੇਲ ਨਾਲ ਭਰੇ ਕਈ ਸਮੁੰਦਰੀ ਜਹਾਜ਼ ਹੋਰਮੁਜ਼ ਜਲਮਾਰਗ ਤੋਂ ਬਾਹਰ ਨਿਕਲ ਰਹੇ ਹਨ।

ਇਹ ਜਹਾਜ਼ ਦੱਖਣੀ ‘ਹਾਈਵੇ’ (ਸਮੁੰਦਰੀ ਰਸਤੇ) ਰਾਹੀਂ ਅੱਗੇ ਵਧ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ, ਖ਼ਤਰੇ ਤੋਂ ਬਾਹਰ ਅਤੇ ਸਾਫ਼-ਸੁਥਰਾ ਹੈ।”

ਇਸ ਤੋਂ ਪਹਿਲਾਂ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਅਤੇ ਇਰਾਨ ਵਿਚਾਲੇ 107 ਦਿਨਾਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਇਸ ਜੰਗ ਕਾਰਨ ਪੂਰੀ ਦੁਨੀਆ ਵਿੱਚ ਤੇਲ ਅਤੇ ਗੈਸ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ।

ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਹੋਣ ਵਾਲੇ ਇਸ ਸਮਝੌਤੇ ਦੇ ਦਸਤਖਤ ਸਮਾਰੋਹ ਦੀ ਮੇਜ਼ਬਾਨੀ ਕਰੇਗਾ।

ਹਾਲਾਂਕਿ, ਅਮਨ ਸਮਝੌਤੇ (Peace Deal) ਦੇ ਵੇਰਵੇ ਤੁਰੰਤ ਉਪਲਬਧ ਨਹੀਂ ਹੋ ਸਕੇ ਸਨ।

ਟਰੰਪ ਨੇ ਐਤਵਾਰ ਸ਼ਾਮ ਨੂੰ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਕਿਹਾ ਸੀ, “ਇਸਲਾਮਿਕ ਰਿਪਬਲਿਕ ਆਫ਼ ਇਰਾਨ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ। ਸਾਰਿਆਂ ਨੂੰ ਵਧਾਈਆਂ,” ਇਸ  ਨਾਲ ਆਲਮੀ ਊਰਜਾ ਬਾਜ਼ਾਰਾਂ ‘ਤੇ ਦਬਾਅ ਘੱਟ ਹੋਇਆ ਹੈ।

ਅਮਰੀਕਾ-ਇਰਾਨ ਸਮਝੌਤੇ ’ਤੇ ਭੜਕਿਆ ਇਜ਼ਰਾਈਲ

ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਟਵੀਟ ਕਰਕੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਝੌਤਾ ਸਾਨੂੰ ਮਨਜੂਰ ਨਹੀਂ ਹੈ ਅਤੇ ਉਹ ਸਾਨੂੰ ਬੰਨ੍ਹ ਨਹੀਂ ਸਕਦਾ।

ਉਨ੍ਹਾਂ ਕਿਹਾ ਕਿ ਇਜ਼ਰਾਈਲ, ਸੰਯੁਕਤ ਰਾਜ ਅਮਰੀਕਾ ਦੇ ਅਧੀਨ ਨਹੀਂ ਹੈ ਅਤੇ ਅਸੀਂ ਇਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਹਾਂ।

ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਅਸੀਂ ਇਜ਼ਰਾਈਲ ਦੀ ਸੁਰੱਖਿਆ ਦੀ ਕੀਮਤ ’ਤੇ ਅੰਤਰਰਾਸ਼ਟਰੀ ਦਬਾਅ ਅੱਗੇ ਝੁਕਦੇ ਹਾਂ, ਤਾਂ ਅਸੀਂ ਵਿਆਜ ਸਮੇਤ ਖੂਨ ਦੀ ਕੀਮਤ ਅਦਾ ਕੀਤੀ ਹੈ।

ਇਜ਼ਰਾਈਲ ਦਾ ਕਹਿਣਾ ਹੈ ਕਿ ਅਸੀਂ ਅਮਰੀਕਾ ਨੂੰ ਪਿਆਰ ਕਰਦੇ ਹਾਂ ਅਤੇ ਰਾਸ਼ਟਰਪਤੀ ਟਰੰਪ ਦੇ ਧੰਨਵਾਦੀ ਹਾਂ ਅਤੇ ਫਿਰ ਵੀ ਇਜ਼ਰਾਈਲ ਰਾਜ ਇਕ ਕਮਜ਼ੋਰ ਗਣਰਾਜ ਨਹੀਂ ਹੈ।

ਇਜ਼ਰਾਈਲ ਦੇ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਕਿਹਾ ਕਿ, ਮੈਂ ਇਹ ਗੱਲਾਂ ਪ੍ਰਧਾਨ ਮੰਤਰੀ ਨੂੰ ਹਰ ਸਮੇਂ ਕਹਿੰਦਾ ਹਾਂ ਅਤੇ ਹਰ ਮਹੱਤਵਪੂਰਨ ਇਤਿਹਾਸਕ ਮੋੜ ’ਤੇ ਬੰਦ ਕਮਰਿਆਂ ਵਿਚ ਇਨ੍ਹਾਂ ਗੱਲਾਂ ਨੂੰ ਦੁਹਰਾਉਂਦਾ ਹਾਂ।

ਉਨ੍ਹਾਂ ਇਹ ਵੀ ਕਿਹਾ ਕਿ ਇਕ ਇਤਿਹਾਸਕ ਫੈਸਲਾ ਲਿਆ ਜਾਣਾ ਚਾਹੀਦਾ ਹੈ।

Leave a Comment

Your email address will not be published. Required fields are marked *