
ਆਮ ਆਦਮੀ ਪਾਰਟੀ ਦੇ ਧਰਨੇ ਤੋਂ ਬਾਅਦ ਮੁਹਾਲੀ ਤੇ ਚੰਡੀਗੜ੍ਹ ’ਚ ਈਡੀ ਦੀ ਰੇਡ ਖਤਮ
ਮੁਹਾਲੀ ਤੋਂ 6 ਗੱਡੀਆਂ ’ਚ ਦਸਤਾਵੇਜ਼ ਲੈ ਕੇ ਗਈ ਈਡੀ ਦੀ ਟੀਮ
ਮੁਹਾਲੀ/ਬਿਊਰੋ ਨਿਊਜ਼
ਮੁਹਾਲੀ ਸਥਿਤ ‘ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ’ (ਗਮਾਡਾ) ਦੇ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਰੇਡ ਖਤਮ ਹੋ ਗਈ ਹੈ।
ਕਰੀਬ 48 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈਡੀ ਦੀ ਟੀਮ ਦਸਤਾਵੇਜ਼ ਲੈ ਕੇ 6 ਗੱਡੀਆਂ ਵਿਚ ਸਵਾਰ ਹੋ ਕੇ ਮੁਹਾਲੀ ਸਥਿਤ ਗਮਾਡਾ ਦੇ ਮੁੱਖ ਦਫਤਰ ਵਿਚੋਂ ਚਲੇ ਗਈ।
ਹਾਲਾਂਕਿ, ਇਸ ਛਾਪੇਮਾਰੀ ਦੌਰਾਨ ਈਡੀ ਦੀ ਟੀਮ ਨੂੰ ਕੀ-ਕੀ ਮਿਲਿਆ, ਇਸਦੇ ਬਾਰੇ ਵਿਚ ਈਡੀ ਦੇ ਅਫਸਰਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ ਇਕ ਆਈਏਐਸ ਅਧਿਕਾਰੀ ਦੇ ਘਰ ਤੋਂ ਕਰੀਬ ਢਾਈ ਕਰੋੜ ਰੁਪਏ ਕੈਸ਼, ਸਵਾ ਕਿਲੋ ਸੋਨਾ-ਚਾਂਦੀ ਅਤੇ ਜ਼ਮੀਨ ਦੇ ਕੁਝ ਦਸਤਾਵੇਜ਼ ਮਿਲੇ ਹਨ।
ਜ਼ਿਕਰਯੋਗ ਹੈ ਕਿ ਈਡੀ ਨੇ ਲੰਘੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿਚ ਕਈ ਟਿਕਾਣਿਆਂ ’ਤੇ ਛਾਪਾ ਮਾਰਿਆ ਸੀ ਅਤੇ ਅੱਜ ਦੁਪਹਿਰ ਤੱਕ ਇਹ ਕਾਰਵਾਈ ਚੱਲਦੀ ਰਹੀ।
ਜ਼ਿਕਰਯੋਗ ਹੈ ਕਿ ਈਡੀ ਦੀ ਇਸ ਛਾਪੇਮਾਰੀ ਖਿਲਾਫ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਗਮਾਡਾ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਮੌਕੇ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋ ਗਈ।
ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੇ ਈ.ਡੀ. ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।






