
3 ਸਾਲਾਂ ਵਿਚ 6 ਭਾਰਤੀ ਪਾਇਲਟਾਂ ਦੀ ਹੋਈ ਮੌਤ ਨੇ ਵਧਾਈ ਚਿੰਤਾ
ਐਫ.ਆਈ.ਪੀ. ਵਲੋਂ ਡਿਊਟੀ ਨਿਯਮਾਂ ’ਚ ਦਿੱਤੀਆਂ ਛੋਟਾਂ ਵਾਪਸ ਲੈਣ ਦੀ ਉਠੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਪਿਛਲੇ 3 ਸਾਲਾਂ ’ਚ ਡਿਊਟੀ ਜਾਂ ਡਿਊਟੀ ਨਾਲ ਜੁੜੀਆਂ ਗਤੀਵਿਧੀਆਂ ਦੌਰਾਨ ਭਾਰਤੀ ਏਅਰਲਾਈਨਜ਼ ਦੇ 6 ਪਾਇਲਟਾਂ ਦੀ ਮੌਤ ਹੋਣ ਕਾਰਨ ਪਾਇਲਟਾਂ ਦੀ ਸਿਹਤ ਅਤੇ ਥਕਾਵਟ ਨੂੰ ਲੈ ਕੇ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ।
ਇਸ ਮਾਮਲੇ ਵਿਚ ‘ਫੈਡਰੇਸ਼ਨ ਆਫ ਇੰਡੀਅਨ ਪਾਇਲਟਸ’ (ਐਫਆਈਪੀ) ਨੇ ਜਹਾਜ਼ਰਾਨੀ ਰੈਗੂਲੇਟਰ ‘ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ’ ਨੂੰ ਪੱਤਰ ਲਿਖਿਆ ਹੈ।
ਇਸ ਪੱਤਰ ਰਾਹੀਂ ‘ਫਲਾਈਟ ਡਿਊਟੀ ਟਾਈਮ ਲਿਮੀਏਸ਼ਨ’ ਨਿਯਮਾਂ ਤੋਂ ਦਿੱਤੀਆਂ ਸਾਰੀਆਂ ਛੋਟਾਂ ਨੂੰ ਤੁਰੰਤ ਵਾਪਸ ਲੈਣ ਅਤੇ ਏਅਰਲਾਈਨਜ਼ ਲਈ ਥਕਾਵਟ-ਜੋਖਮ ਪ੍ਰਬੰਧਨ ਪ੍ਰਣਾਲੀ ਲਾਜ਼ਮੀ ਬਣਾਉਣ ਦੀ ਮੰਗ ਕੀਤੀ ਹੈ।
‘ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ’ ਨੂੰ ਭੇਜੇ ਪੱਤਰ ਵਿਚ ਐਫ.ਆਈ.ਪੀ. ਦੇ ਪ੍ਰਧਾਨ ਕੈਪਟਨ ਸੀ.ਐਸ. ਰੰਧਾਵਾ ਨੇ ਪਾਇਲਟਾਂ ਦੀਆਂ ਮੌਤਾਂ ਅਤੇ ਸਿਹਤ ਦੇ ਰੁਝਾਨਾਂ ਦੀ ਇਕ ਅਜ਼ਾਦ ਵਿਗਿਆਨਕ ਜਾਂਚ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਏਅਰਲਾਈਨਜ਼ ਦੇ ਰੋਸਟਰ, ਆਰਾਮ ਦੇ ਸਮੇਂ ਅਤੇ ਸਰੀਰਕ ਜੈਵਿਕ ਘੜੀ ਵਿਚ ਵਿਘਨ ਦੀ ਸਮੀਖਿਆ ਕਰਨ ਲਈ ਕਿਹਾ ਹੈ।
ਇਸ ਦੇ ਚੱਲਦਿਆਂ ਐਫ.ਆਈ.ਪੀ. ਨੇ ਨਵੰਬਰ 2023 ਤੋਂ ਸਤੰਬਰ 2026 ਦਰਮਿਆਨ ਛੇ ਪਾਇਲਟਾਂ ਦੀ ਹੋਈ ਮੌਤ ਦੀ ਸੂਚੀ ਦਿੱਤੀ ਹੈ।







