
ਅਮਰੀਕਾ ਨੇ ਲਗਾਤਾਰ ਇਰਾਨ ’ਤੇ ਸੁੱਟੇ ਬੰਬ, ਇਰਾਨ ਦਾ ਵੀ ਬਹਿਰੀਨ, ਕੁਵੈਤ ਅਤੇ ਜੌਰਡਨ ’ਚ ਅਮਰੀਕੀ ਬੇਸ ’ਤੇ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਮੰਗਲਵਾਰ ਦੀ ਰਾਤ ਨੂੰ ਲਗਾਤਾਰ ਚੌਥੇ ਦਿਨ ਇਰਾਨ ’ਤੇ ਹਮਲੇ ਕੀਤੇ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ, ਕਰੀਬ 7 ਘੰਟਿਆਂ ਤੱਕ ਚੱਲੇ ਅਪਰੇਸ਼ਨ ਵਿਚ ਹੋਰਮੁਜ਼ ਸਟਰੇਟ ਦੇ ਨੇੜੇ ਇਰਾਨ ਦੇ ਮਿਜ਼ਾਈਲ, ਡਰੋਨ ਟਿਕਾਣਿਆਂ ਅਤੇ ਕੋਸਟਲ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤਹਿਰਾਨ ਸਮਝੌਤੇ ਦੇ ਲਈ ਅੱਗੇ ਨਹੀਂ ਆਇਆ ਤਾਂ ਅਗਲੇ ਹਫਤੇ ਬਿਜਲੀਘਰਾਂ ਅਤੇ ਪੁਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।
ਉਧਰ ਦੂਜੇ ਪਾਸੇ ਇਰਾਨ ਦੀ ਇਸਮਾਲਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਵੀ ਜਵਾਬੀ ਅਭਿਆਨ ਸ਼ੁਰੂ ਹੋਏ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਹਨ।
ਇਸਮਾਲਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ ਬਹਿਰੀਨ ਵਿਚ ਅਮਰੀਕੀ ਪੰਜਵੇਂ ਬੇੜੇ ਦੇ ਬੇਸ ਅਤੇ ਜੌਰਡਨ ਵਿਚ ਅਜ਼ਰਾਕ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦਾ ਵੀ ਦਾਅਵਾ ਕੀਤਾ ਹੈ।
ਇਸੇ ਦੌਰਾਨ ਇਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਹੋਰਮੁਜ਼ ਸਟਰੇਟ ’ਤੇ ਆਪਣੀ ਰਣਨੀਤੀ ਜਾਰੀ ਰੱਖੇਗਾ।
ਭਾਰਤ ’ਤੇ 100 ਫੀਸਦੀ ਟੈਰਿਫ ਲਗਾ ਸਕਦਾ ਹੈ ਅਮਰੀਕਾ
ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਸੀਨੇਟ ’ਚ ਰੂਸ ’ਤੇ ਪਾਬੰਦੀਆਂ ਨਾਲ ਜੁੜਿਆ ਇਕ ਸੋਧ ਬਿੱਲ ਵੀ ਪੇਸ਼ ਕੀਤਾ ਗਿਆ।
ਇਸ ਵਿਚ ਰੂੁਸ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ’ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦਾ ਮਤਾ ਰੱਖਿਆ ਗਿਆ ਹੈ। ਇਸ ਬਿੱਲ ਦੇ ਮੁਤਾਬਕ ਭਾਰਤ, ਚੀਨ, ਸਲੋਵਾਕੀਆ, ਹੰਗਰੀ ਅਤੇ ਅਜਰਬੈਜਾਨ ’ਤੇ 100 ਫੀਸਦੀ ਟੈਰਿਫ ਲਗਾਇਆ ਜਾ ਸਕਦਾ ਹੈ।
ਇਹ ਬਿੱਲ ਰਿਪਬਲਿਕਨ ਅਤੇ ਡੈਮੋਕਰੇਟ ਦੋਵੇਂ ਪਾਰਟੀਆਂ ਦੇ ਸਮਰਥਨ ਨਾਲ ਲਿਆਂਦਾ ਜਾ ਰਿਹਾ ਹੈ।
ਇਸਦਾ ਮਕਸਦ ਰੂਸ ਦੀ ਤੇਲ ਤੋਂ ਹੋਣ ਵਾਲੀ ਕਮਾਈ ਨੂੰ ਘੱਟ ਕਰਨਾ ਹੈ, ਤਾਂ ਕਿ ਉਸਦੀ ਯੁੱਧ ਲੜਨ ਦੀ ਸਮਰੱਥਾ ਕਮਜ਼ੋਰ ਹੋ ਸਕੇ।
ਇਸਦੇ ਤਹਿਤ ਰੂਸ ਦੇ ਅਧਿਕਾਰੀਆਂ, ਸ਼ੈਡੋ ਟੈਂਕਰ ਬੇੜੇ, ਕੇਂਦਰੀ ਬੈਂਕ ਅਤੇ ਸਰਕਾਰੀ ਊਰਜਾ ਯੋਜਨਾਵਾਂ ’ਤੇ ਵੀ ਰੋਕ ਲਗਾਈ ਜਾ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲੇ ਬਿੱਲ ਦੇ ਸ਼ੁਰੂਆਤੀ ਮਸੌਦੇ ’ਚ 500 ਫੀਸਦੀ ਟੈਰਿਫ ਲਗਾਉਣ ਦੀ ਯੋਜਨਾ ਸੀ, ਪਰ ਬਾਅਦ ਵਿਚ ਇਸ ਨੂੰ ਘਟਾ ਕੇ 100 ਫੀਸਦੀ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਅਮਰੀਕਾ ਪਹਿਲੀ ਵਾਰ ਕਿਸੇ ਦੇਸ਼ ’ਤੇ ਸਿਰਫ ਇਸ ਲਈ ਟੈਰਿਫ ਲਗਾਏਗਾ, ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਕੇ ਉਸਦੀ ਕਮਾਈ ਵਧਾ ਰਿਹਾ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
