punjabilens.com

ਆਪਰੇਸ਼ਨ ਹਾਰਡਬਾਲ ਦਾ ਪੰਜਾਬੀ ਗੈਂਗ ਲਿੰਕ

ਲਾਰੈਸ ਬਿਸ਼ਨੋਈ, ਜੱਗੂ ਭਗਵਾਨਪੁਰੀਆ

ਅਮਰੀਕੀ ਐੱਫ਼ਬੀਆਈ ਦੇ ਆਪਰੇਸ਼ਨ ਹਾਰਡਬਾਲ ਉੱਤੇ ਕਿਹੜੇ ਪੰਜਾਬੀ ਗੈਂਗ ਨਿਸ਼ਾਨੇ ਉੱਤੇ 

ਖੁਸ਼ਹਾਲ ਲਾਲੀ ਦੀ ਵਿਸ਼ੇਸ਼ ਰਿਪੋਰਟ 

ਸੰਯੁਕਤ ਰਾਜ ਅਮਰੀਕਾ ਦੇ ਸੰਘੀ ਵਕੀਲਾਂ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੇ ‘ਆਪ੍ਰੇਸ਼ਨ ਹਾਰਡਬਾਲ’  ਤਹਿਤ ਅਮਰੀਕਾ, ਯੂਰਪ ਅਤੇ ਭਾਰਤ ਵਿੱਚ ਗੈਂਗਸਟਰਾਂ ਖਿਲਾਫ਼ ਵੱਡਾ ਆਪਰੇਸ਼ਨ ਚਲਾਇਆ ਹੈ. ਜਿਸ ਤਹਿਤ 24 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 37 ਜਣਿਆਂ ਖਿਲਾਫ਼ ਚਾਰਜਸ਼ੀਟ ਕੀਤੀ ਗਈ ਹੈ।

ਐਫ਼ਬੀਆਈ ਨੇ ਤਿੰਨ ਵੱਖ-ਵੱਖ ਚਾਰਜਸ਼ੀਟਾਂ ਦਾਇਰ ਕਰਕੇ ਕੁੱਲ 37 ਵਿਅਕਤੀਆਂ ‘ਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ। ਇਨ੍ਹਾਂ ਮੁਲਜ਼ਮਾਂ ਦਾ ਸਬੰਧ ਅਮਰੀਕਾ, ਕੈਨੇਡਾ, ਯੂਰਪ ਅਤੇ ਭਾਰਤ ਵਿੱਚ ਸਰਗਰਮ ਨੈੱਟਵਰਕਾਂ ਨਾਲ ਦੱਸਿਆ ਗਿਆ ਹੈ।

ਗੋਲਡੀ, ਜੱਗੂ ਅਤੇ ਢਾਂਡਾ ਨਿਸ਼ਾਨੇ ਉੱਤੇ

ਇਸ ਕਾਰਵਾਈ ਵਿੱਚ ਲਾਰੈਂਸ ਬਿਸ਼ਨੋਈ, ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਰਵਿੰਦਰ ਸਿੰਘ ਢਾਂਡਾ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਮ ਮੁੱਖ ਤੌਰ ‘ਤੇ ਸ਼ਾਮਲ ਹਨ। ਐੱਫਬੀਆਈ ਲਾਸ ਏਂਜਲਸ ਸਥਿਤ ਅਮਰੀਕੀ ਅਟਾਰਨੀ ਦਫ਼ਤਰ, ਲਾਸ ਏਂਜਲਸ ਪੁਲਿਸ, ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐੱਮਪੀ) ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਇਸ ਅੰਤਰਰਾਸ਼ਟਰੀ ਜਾਂਚ ਦੀ ਅਗਵਾਈ ਕਰ ਰਹੀ ਹੈ।

25 ਜੂਨ ਨੂੰ ਪੇਸ਼ ਕੀਤੀ ਗਈ ਫੈਡਰਲ ਗ੍ਰੈਂਡ ਜਿਊਰੀ ਦੀ ਚਾਰਜਸ਼ੀਟ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਸਿੰਘ ਢਾਂਡਾ ‘ਤੇ ਅਪਰਾਧਿਕ ਗਿਰੋਹ ਚਲਾਉਣ, ਸੁਪਾਰੀ ਦੇ ਕੇ ਕਤਲ ਕਰਵਾਉਣ, ਨਸ਼ਾ ਤਸਕਰੀ, ਅਗਵਾ, ਜਬਰੀ ਵਸੂਲੀ, ਹਥਿਆਰਾਂ ਦੀ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।

ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ 

ਚਾਰਜਸ਼ੀਟ ਮੁਤਾਬਕ 33 ਸਾਲਾ ਲਾਰੈਂਸ ਬਿਸ਼ਨੋਈ ਪੰਜਾਬ ਦਾ ਗੈਂਗਸਟਰ ਹੈ ਜੋ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਐੱਫਬੀਆਈ ਦਾ ਦਾਅਵਾ ਹੈ ਕਿ ਉਸਨੇ ਯੂਨੀਵਰਸਿਟੀ ਵਿਦਿਆਰਥੀ ਨੇਤਾ ਵਜੋਂ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਅਪਰਾਧਿਕ ਗਿਰੋਹ ਦਾ ਮੁਖੀ ਬਣ ਗਿਆ। ਦੋਸ਼ ਹੈ ਕਿ ਉਸਨੇ ਆਪਣੇ ਆਪ ਨੂੰ ਦੇਸ਼ਭਗਤ, ਰਾਸ਼ਟਰਵਾਦੀ ਅਤੇ ਧਾਰਮਿਕ ਵਿਅਕਤੀ ਵਜੋਂ ਪੇਸ਼ ਕਰਕੇ ਭਾਰਤ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਗਿਰੋਹ ਲਈ ਮੈਂਬਰ ਭਰਤੀ ਕੀਤੇ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਬਿਸ਼ਨੋਈ ਜੇਲ੍ਹ ਵਿੱਚੋਂ ਗੈਰ-ਕਾਨੂੰਨੀ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਅਧਾਰਿਤ ਸੰਚਾਰ ਸਾਧਨਾਂ ਰਾਹੀਂ ਦੁਨੀਆ ਭਰ ਵਿੱਚ ਆਪਣੇ ਗਿਰੋਹ ਦੀਆਂ ਗਤੀਵਿਧੀਆਂ ਚਲਾਉਂਦਾ ਰਿਹਾ। ਉਸ ‘ਤੇ ਕਤਲ, ਗੋਲੀਬਾਰੀ, ਜਬਰੀ ਵਸੂਲੀ, ਅਗਵਾ, ਮਨੁੱਖੀ ਤਸਕਰੀ ਅਤੇ ਨਸ਼ਾ ਤਸਕਰੀ ਵਰਗੇ ਅਪਰਾਧਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਦੀ ਅਗਵਾਈ ਕਰਨ ਦੇ ਦੋਸ਼ ਹਨ। ਕੈਨੇਡਾ ਸਰਕਾਰ ਸਤੰਬਰ 2025 ਵਿੱਚ ਬਿਸ਼ਨੋਈ ਗਿਰੋਹ ਨੂੰ ਅੱਤਵਾਦੀ ਸੰਸਥਾ ਘੋਸ਼ਿਤ ਕਰ ਚੁੱਕੀ ਹੈ।

ਐੱਫਬੀਆਈ ਮੁਤਾਬਕ ਗੋਲਡੀ ਬਰਾੜ ਬਿਸ਼ਨੋਈ ਗਿਰੋਹ ਦਾ ਉੱਤਰੀ ਅਮਰੀਕਾ ਵਿੱਚ ਮੁੱਖ ਆਗੂ ਹੈ, ਜਦਕਿ ਰੋਹਿਤ ਗੋਦਾਰਾ ਯੂਰਪ ਵਿੱਚ ਇਸ ਦੀਆਂ ਗਤੀਵਿਧੀਆਂ ਸੰਭਾਲਦਾ ਹੈ। ਇਨ੍ਹਾਂ ‘ਤੇ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਹਿੰਸਕ ਕਾਰਵਾਈਆਂ, ਜਬਰੀ ਵਸੂਲੀ ਅਤੇ ਅਪਰਾਧਿਕ ਨੈੱਟਵਰਕ ਚਲਾਉਣ ਦੇ ਦੋਸ਼ ਹਨ।

ਨਿੱਝਰ ਕਤਲ ਕੇਸ ਦੇ ਹੁਕਮ 

ਚਾਰਜਸ਼ੀਟ ਵਿੱਚ ਹਰਦੀਪ ਸਿੰਘ ਨਿੱਜਰ ਦੇ 18 ਜੂਨ 2023 ਨੂੰ ਕੈਨੇਡਾ ਦੇ ਸਰੀ ਵਿੱਚ ਹੋਏ ਕਤਲ ਦਾ ਵੀ ਜ਼ਿਕਰ ਹੈ। ਦਸਤਾਵੇਜ਼ ਅਨੁਸਾਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ‘ਤੇ ਇਸ ਕਤਲ ਦਾ ਹੁਕਮ ਦੇਣ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਹੈ ਕਿ ਗਿਰੋਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੂੰ ਨਿਸ਼ਾਨਾ ਬਣਾਕੇ ਡਰ ਦਾ ਮਾਹੌਲ ਪੈਦਾ ਕਰਦਾ ਅਤੇ ਇਸ ਰਾਹੀਂ ਜਬਰੀ ਵਸੂਲੀ ਕਰਦਾ ਸੀ।

ਚਾਰਜਸ਼ੀਟ ਵਿੱਚ ਨਵੰਬਰ 2023 ਵਿੱਚ ਵੈਨਕੂਵਰ ਵਿੱਚ ਇੱਕ ਭਾਰਤੀ ਅਦਾਕਾਰ ਅਤੇ ਗਾਇਕ ਦੇ ਘਰ ‘ਤੇ ਹੋਈ ਗੋਲੀਬਾਰੀ ਦਾ ਵੀ ਹਵਾਲਾ ਦਿੱਤਾ ਗਿਆ ਹੈ। ਦੋਸ਼ ਹੈ ਕਿ ਇਸ ਦੀ ਜ਼ਿੰਮੇਵਾਰੀ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਸੀ। ਇਸ ਤੋਂ ਇਲਾਵਾ ਦਸੰਬਰ 2025 ਅਤੇ ਜਨਵਰੀ 2026 ਵਿੱਚ ਲਾਸ ਏਂਜਲਸ ਅਤੇ ਥਾਊਜ਼ੈਂਡ ਓਕਸ ਵਿੱਚ ਪੀੜਤਾਂ ਤੋਂ 50 ਲੱਖ ਅਮਰੀਕੀ ਡਾਲਰ ਦੀ ਜਬਰੀ ਵਸੂਲੀ ਦੀ ਕੋਸ਼ਿਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ ਹੈ ਕਿ ਬਿਸ਼ਨੋਈ ਗਿਰੋਹ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਆਪਣੀਆਂ ਗਤੀਵਿਧੀਆਂ ਨੂੰ ਫੰਡ ਕੀਤਾ। ਨਵੰਬਰ 2024 ਵਿੱਚ 49 ਕਿਲੋਗ੍ਰਾਮ ਕੋਕੀਨ ਦੀ ਖੇਪ ਦੀ ਨਿਗਰਾਨੀ ਕਰਨ ਅਤੇ ਮਾਰਚ 2024 ਤੋਂ ਜੁਲਾਈ 2025 ਤੱਕ ਗ੍ਰੇਟਰ ਲਾਸ ਏਂਜਲਸ ਖੇਤਰ ਵਿੱਚ ਲਗਭਗ 520 ਕਿਲੋਗ੍ਰਾਮ ਕੋਕੀਨ ਨਾਲ ਜੁੜੀਆਂ ਗਤੀਵਿਧੀਆਂ ਦਾ ਵੀ ਦੋਸ਼ ਲਗਾਇਆ ਗਿਆ ਹੈ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰ ਮੁਲਜ਼ਮਾਂ ‘ਤੇ ਜਬਰੀ ਵਸੂਲੀ, ਧੋਖਾਧੜੀ ਦੀ ਸਾਜ਼ਿਸ਼ ਅਤੇ ਕੋਕੀਨ ਤੇ ਮੇਥਾਮਫੇਟਾਮਾਈਨ ਦੀ ਵੰਡ ਨਾਲ ਸੰਬੰਧਿਤ ਕਈ ਫੈਡਰਲ ਦੋਸ਼ ਵੀ ਲਗਾਏ ਗਏ ਹਨ।

ਜੱਗੂ ਭਗਵਾਨਪੁਰੀਆ ਗੈਂਗ

ਜੱਗੂ ਭਗਵਾਨਪੁਰੀਆ ਬਾਰੇ ਐੱਫਬੀਆਈ ਦਾ ਦਾਅਵਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਦਾ ਸਾਬਕਾ ਸਾਥੀ ਅਤੇ ਮੌਜੂਦਾ ਵਿਰੋਧੀ ਹੈ। ਉਸ ਦਾ ਅਪਰਾਧਿਕ ਨੈੱਟਵਰਕ ਭਾਰਤ, ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਫੈਲਿਆ ਹੋਇਆ ਹੈ। ਚਾਰਜਸ਼ੀਟ ਅਨੁਸਾਰ ਇਸ ਗਿਰੋਹ ਦੇ ਦੁਨੀਆ ਭਰ ਵਿੱਚ 1000 ਤੋਂ ਵੱਧ ਅਤੇ ਅਮਰੀਕਾ ਵਿੱਚ 100 ਤੋਂ ਵੱਧ ਮੈਂਬਰ ਹਨ।

ਐੱਫਬੀਆਈ ਨੇ ਦੋਸ਼ ਲਗਾਇਆ ਹੈ ਕਿ ਭਗਵਾਨਪੁਰੀਆ ਗਿਰੋਹ ਨੇ ਭਾਰਤ ਵਿੱਚ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਜਬਰੀ ਵਸੂਲੀ ਦੀਆਂ ਯੋਜਨਾਵਾਂ ਚਲਾਈਆਂ ਅਤੇ ਗਲਤ ਜਾਣਕਾਰੀ ਦੇ ਕੇ ਕਥਿਤ ਵਿਰੋਧੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾਏ। ਚਾਰਜਸ਼ੀਟ ਵਿੱਚ ਅਪ੍ਰੈਲ 2026 ਦੌਰਾਨ ਕੈਲੀਫੋਰਨੀਆ ਵਿੱਚ ਰਹਿੰਦੇ ਇੱਕ ਮੈਂਬਰ ਵੱਲੋਂ ਪੀੜਤ ਨੂੰ ਧਮਕੀਆਂ ਦੇਣ ਅਤੇ ਉਸ ਦੀ ਜਾਣਕਾਰੀ ਭਾਰਤ ਵਿੱਚ ਭ੍ਰਿਸ਼ਟ ਪੁਲਿਸ ਅਧਿਕਾਰੀ ਤੱਕ ਪਹੁੰਚਾਉਣ ਦਾ ਦੋਸ਼ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਕਥਿਤ ਤੌਰ ‘ਤੇ ਝੂਠਾ ਕਤਲ ਕੇਸ ਦਰਜ ਕਰਕੇ ਜਬਰੀ ਵਸੂਲੀ ਕੀਤੀ ਗਈ।

ਭਗਵਾਨਪੁਰੀਆ ਗਿਰੋਹ ‘ਤੇ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਕੋਕੀਨ ਅਤੇ ਹੈਰੋਇਨ ਦੀ ਵੰਡ ਅਤੇ ਮਸ਼ੀਨ ਗਨਾਂ ਨਾਲ ਜੁੜੇ ਦੋਸ਼ ਵੀ ਲਗਾਏ ਗਏ ਹਨ।

ਰਵਿੰਦਰ ਢਾਂਡਾ ਗਿਰੋਹ ਕੈਨੇਡਾ

ਕੈਨੇਡਾ ਦੇ ਵੈਨਕੂਵਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਢਾਂਡਾ ਉਰਫ਼ ਰੈਂਡੀ, ਰੋਲੈਕਸ ਅਤੇ ਜੌਨ ਵਿਕ ਖ਼ਿਲਾਫ਼ ਵੀ ਵੱਖਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਉਸ ‘ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਕੋਕੀਨ ਅਤੇ ਮੇਥਾਮਫੇਟਾਮਾਈਨ ਦੀ ਵੱਡੇ ਪੱਧਰ ‘ਤੇ ਤਸਕਰੀ ਕਰਨ ਵਾਲਾ ਨੈੱਟਵਰਕ ਚਲਾਉਣ ਦੇ ਦੋਸ਼ ਹਨ। ਦੋਸ਼ ਪੱਤਰ ਵਿੱਚ ਜੁਲਾਈ 2023 ਤੋਂ ਨਵੰਬਰ 2024 ਤੱਕ 430.1 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।

ਪੰਜਾਬ ਪੁਲਿਸ ਦੇ ਥਾਣੇਦਾਰ ਦੀ ਚਰਚਾ

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਇੰਸਪੈਕਟਰ ਅਤੇ ਉਸ ਸਮੇਂ ਟਾਂਡਾ ਥਾਣੇ ਦੇ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਵੀ ਸ਼ਾਮਲ ਹੈ। ਐੱਫਬੀਆਈ ਨੇ ਉਸ ‘ਤੇ ਜੱਗੂ ਭਗਵਾਨਪੁਰੀਆ ਨਾਲ ਮਿਲ ਕੇ ਲਾਸ ਏਂਜਲਸ ਦੇ ਇੱਕ ਪਰਿਵਾਰ ਤੋਂ 4 ਲੱਖ ਅਮਰੀਕੀ ਡਾਲਰ ਦੀ ਫਿਰੌਤੀ ਮੰਗਣ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਜਲੰਧਰ ਰੇਂਜ ਦੇ ਡੀਆਈਜੀ ਨੇ ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨਜ਼, ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਅਤੇ ਇੱਕ ਆਈਪੀਐੱਸ ਅਧਿਕਾਰੀ ਦੀ ਅਗਵਾਈ ਹੇਠ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਐੱਫਬੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਨਾਗਰਾ ਹਾਲੇ ਹਿਰਾਸਤ ਵਿੱਚ ਨਹੀਂ ਹੈ, ਪਰ ਉਸ ਖ਼ਿਲਾਫ਼ ਦੋਸ਼ ਦਾਇਰ ਕੀਤੇ ਜਾ ਚੁੱਕੇ ਹਨ ਅਤੇ ਉਸ ਨੂੰ ਅਮਰੀਕਾ ਹਵਾਲੇ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ।

ਚਾਰਜਸ਼ੀਟ ਦੇ ਅੰਤ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਦੋਸ਼ ਪੱਤਰ ਸਿਰਫ਼ ਇਲਜ਼ਾਮ ਹੁੰਦੇ ਹਨ। ਸਾਰੇ ਮੁਲਜ਼ਮ ਉਦੋਂ ਤੱਕ ਕਾਨੂੰਨੀ ਤੌਰ ‘ਤੇ ਬੇਕਸੂਰ ਮੰਨੇ ਜਾਂਦੇ ਹਨ ਜਦੋਂ ਤੱਕ ਅਦਾਲਤ ਉਨ੍ਹਾਂ ਨੂੰ ਦੋਸ਼ੀ ਸਾਬਤ ਨਹੀਂ ਕਰਦੀ। ਜੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਕਈ ਮੁਲਜ਼ਮਾਂ ਨੂੰ 10 ਸਾਲ ਦੀ ਘੱਟੋ-ਘੱਟ ਸੰਘੀ ਕੈਦ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

Leave a Comment

Your email address will not be published. Required fields are marked *