punjabilens.com

ਬਘੇਲ ਹੀ ਚੰਨੀ ਗਰੁੱਪ ਲਈ ਵਿਲੇਨ

ਚਰਨਜੀਤ ਚੰਨੀ

ਭੂਪੇਸ਼ ਬਘੇਲ ਨੇ ਕਿਹਾ : ਦੋ ਦਿਨਾਂ ਵਿਚ ਸਭ ਦੱਸ ਦਿਆਂਗਾ


ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਕਾਂਗਰਸ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਾਸਾਨ ਮਚਿਆ ਹੋਇਆ ਹੈ। ਇਸਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਰੁੱਪ ਨੇ ਵੱਡਾ ਦਾਅਵਾ ਕਰ ਦਿੱਤਾ ਹੈ। ਚੰਨੀ ਗਰੁੱਪ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ  ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਹਾਈਕਮਾਨ ਨੂੰ ਗੁੰਮਰਾਹ ਕੀਤਾ ਹੈ ਅਤੇ ਪੰਜਾਬ ਦੀ ਸਹੀ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰੱਖੀ ਗਈ ਹੈ। ਚੰਨੀ ਗਰੁੱਪ ਵਲੋਂ ਬਘੇਲ ਦੀ ਮੀਟਿੰਗ ਦਾ ਬਾਈਕਾਟ ਕਰਨ ਦੇ ਪਿੱਛੇ ਵੀ ਇਹੀ ਕਹਾਣੀ ਸਾਹਮਣੇ ਆ ਰਹੀ ਹੈ। ਚੰਨੀ ਗਰੁੱਪ ਨਾਲ ਜੁੜੇ ਇਕ ਆਗੂ ਦਾ ਕਹਿਣਾ ਹੈ ਕਿ ਬਘੇਲ ਕੋਲੋਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਉਮੀਦ ਹੀ ਨਹੀਂ ਤਾਂ ਫਿਰ ਮੁਲਾਕਾਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸੇ ਦੌਰਾਨ ਬਘੇਲ ਨੇ ਕਿਹਾ ਕਿ ਮੈਨੂੰ ਦੋ ਦਿਨ ਕੰਮ ਕਰਨ ਦਿਓ, ਸਾਰਾ ਕੁਝ ਦੱਸ ਦਿਆਂਗਾ। ਬਘੇਲ ਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਚਾਹ ਦੇ ਲਈ ਵੀ ਬੁਲਾਏਗਾ ਤਾਂ ਮੈਂ ਉਨ੍ਹਾਂ ਦੇ ਘਰ ਵੀ ਚਲਾ ਜਾਵਾਂਗਾ। ਉਧਰ ਦੂਜੇ ਪਾਸੇ ਸਾਬਕਾ ਸੀਐਮ ਚੰਨੀ ਵੀ ਰਾਜਾ ਵੜਿੰਗ ਦੀਆਂ ਬਿਆਨਬਾਜ਼ੀਆਂ ਦਾ ਡੋਜ਼ੀਅਰ ਲੈ ਕੇ ਦਿੱਲੀ ਪਹੁੰਚੇ ਹੋਏ ਹਨ। ਚੰਨੀ ਨੂੰ ਹੁਣ ਤੱਕ ਇਕ ਸੰਸਦ ਮੈਂਬਰ ਅਤੇ 6 ਵਿਧਾਇਕਾਂ ਦਾ ਸਮਰਥਨ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਦੀ ਸੂਬਾ ਪ੍ਰਧਾਨਗੀ ਬਰਕਰਾਰ ਰੱਖੀ ਹੈ ਅਤੇ ਪੰਜਾਬ ਕਾਂਗਰਸ ਦਾ ਇਕ ਵੱਡਾ ਧੜਾ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਿਚ ਕੰਮ ਕਰਨਾ ਚਾਹੁੰਦਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਕਲੇਸ਼ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।  

ਰਾਜ ਕੁਮਾਰ ਵੇਰਕਾ ਨੇ ਵੀ ਚੰਨੀ ਨਾਲ ਖੜ੍ਹਨ ਦਾ ਲਿਆ ਫੈਸਲਾ

ਪੰਜਾਬ ਕਾਂਗਰਸ ਵਿਚ ਬਗਾਵਤ ਦਰਮਿਆਨ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂੁਪੇਸ਼ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ  ਨਾਲ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਗੱਲਬਾਤ ਕਰਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬਘੇਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਰੁੱਪ ਨੇ ਇਕ ਤਰੀਕੇ ਨਾਲ ਲਕੀਰ ਖਿੱਚ ਦਿੱਤੀ ਹੈ ਅਤੇ ਬਘੇਲ ਨਾਲੋਂ ਦੂਰੀ ਬਣਾ ਲਈ ਹੈ। ਇਸਦੇ ਚੱਲਦਿਆਂ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਵੇਰਕਾ ਨੇ ਵੀ ਚਰਨਜੀਤ ਸਿੰਘ ਚੰਨੀ ਨਾਲ ਖੜ੍ਹਨ ਦੀ ਗੱਲ ਕਰ ਦਿੱਤੀ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਇਕਜੁੱਟ ਹੈ ਅਤੇ ਆਉਂਦੇ ਦਿਨਾਂ ਦੌਰਾਨ ਸੂਬੇ ਦੇ ਸਾਰੇ ਕਾਂਗਰਸੀ ਲੀਡਰ ਇਕੋ ਮੰਚ ’ਤੇ ਨਜ਼ਰ ਆਉਣਗੇ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ’ਚ ਪਏ ਕਲੇਸ਼ ਦੇ ਚੱਲਦਿਆਂ ਪਿ੍ਰਅੰਕਾ ਗਾਂਧੀ ਦੀ ਟੀਮ ਨੇ ਵੀ ਚੰਡੀਗੜ੍ਹ ਵਿਚ ਪਹੁੰਚ ਕੇ ਇਸ ਸਬੰਧੀ ਜਾਣਕਾਰੀ ਲਈ ਹੈ ਅਤੇ ਫਿਰ ਇਹ ਟੀਮ ਵਾਪਸ ਦਿੱਲੀ ਚਲੀ ਗਈ।

 

Leave a Comment

Your email address will not be published. Required fields are marked *