punjabilens.com

ਸਿੱਖ ਵਿਧਾਇਕ ਤਲਬ, ਸੀਐੱਮ ਪੰਥ ਤੋਂ ਬਾਹਰ

ਜਥੇਦਾਰ ਕੁਲਦੀਪ ਸਿੰਘ ਗੜਗੱਜ

ਪੰਜਾਬ ਦੇ ਸਿੱਖ ਵਿਧਾਇਕ ਅਤੇ ਪੂਰੀ ਕੈਬਨਿਟ 29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ  


ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ 

ਅੰਮ੍ਰਿਤਸਰ /ਬਿਊਰੋ ਨਿਊਜ਼    
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅੱਜ ਸੋਮਵਾਰ ਨੂੰ ਇਕੱਤਰਤਾ ਹੋਈ ਹੈ, ਜਿਸ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਸਖਤ ਫੈਸਲੇ ਲਏ ਗਏ।

ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਉਂਦੇ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ’ ਵਿੱਚ ਸੋਧਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ।

ਪਰ ਇਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੜੀ ਕਰਕੇ ਇਸ ਨੂੰ ਨਾ ਬਦਲਣ ਦਾ ਆਪਣਾ ਅੜੀਅਲ ਰਵਈਆ ਅਤੇ ਅਹੰਕਾਰ ਦਿਖਾਇਆ ਹੈ।

ਜਿਸ ਨੂੰ ਸਿੱਖ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧੀ ਪੱਤਰ ਲਿਖ ਕੇ 15 ਦਿਨਾਂ ਵਿੱਚ ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਲਈ ਕਿਹਾ ਸੀ ਪਰ ਸਰਕਾਰ ਨੇ ਇੱਕ ਮਹੀਨਾ ਬੀਤਣ ’ਤੇ ਵੀ ਇਸ ਉਤੇ ਕੋਈ ਵੀ ਫੈਸਲਾ ਨਹੀਂ ਲਿਆ।

ਇਸ ਲਈ ਆਉਂਦੀ 29 ਜੂਨ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਅਤੇ ਸਿੱਖ ਵਿਧਾਇਕ, ਜਿਨ੍ਹਾਂ ਨੇ ਇਸ ਬਿੱਲ ਉੱਪਰ ਸਹਿਮਤੀ ਪ੍ਰਗਟਾਈ ਸੀ, ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਂਦਾ ਹੈ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜਯੋਗ ਵੀਡੀਓ ਸਬੰਧੀ ਵੀ ਸ਼ਿਕਾਇਤ ਆਈ ਸੀ।

ਉਸ ਵੀਡੀਓ ਦੀ ਭਾਰਤ ਦੀਆਂ ਦੋ ਮਾਨਤਾ ਪ੍ਰਾਪਤ ਫੋਰੈਂਸਿਕ ਲੈਬਾਂ ਤੋਂ ਜਾਂਚ ਕਰਵਾਈ ਗਈ ਹੈ ਅਤੇ ਜਾਂਚ ਵਿੱਚ ਇਹ ਵੀਡੀਓ ਅਸਲੀ ਪਾਈ ਗਈ ਹੈ।

ਇਸ ਲਈ ਮੁੱਖ ਮੰਤਰੀ ਵੱਲੋਂ ਵੀਡੀਓ ਵਿੱਚ ਕੀਤੀਆਂ ਹਰਕਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ  ਭਗਵੰਤ ਮਾਨ ਨੂੰ ਪੰਥ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ।  

Leave a Comment

Your email address will not be published. Required fields are marked *