
ਪੌੜੀਆਂ ਚੜ੍ਹਨ ਨਾਲ ਸਿਹਤ ਵਿੱਚ ਕੀ ਫਰਕ ਪੈਂਦਾ ਹੈ
ਖੋਜ ਵਿੱਚ ਪਤਾ ਲੱਗਿਆ ਹੈ ਕਿ ਪੌੜ੍ਹੀਆਂ ਚੜ੍ਹਣਾ ਵੱਡੀ ਉਮਰ ਦੇ ਲੋਕਾਂ ਵਿੱਚ ਸੰਤੁਲਨ ਸੁਧਾਰਣ ਅਤੇ ਡਿੱਗਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਨਾਲ ਹੀ ਇਹ ਸਰੀਰ ਦੇ ਹੇਠਲੇ ਹਿੱਸੇ ਦੀ ਤਾਕਤ ਵੀ ਵਧਾਉਂਦਾ ਹੈ। ਹੋਰ ਅਧਿਐਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਮੰਜ਼ਿਲਾਂ ਪੌੜ੍ਹੀਆਂ ਚੜ੍ਹਣਾ ਸਾਡੀ ਬੌਧਿਕ ਸਮਰੱਥਾ, ਜਿਵੇਂ ਸਮੱਸਿਆ ਹੱਲ ਕਰਨ ਦੀ ਯੋਗਤਾ, ਯਾਦਦਾਸ਼ਤ ਅਤੇ ਸੰਭਾਵਤ ਤੌਰ ‘ਤੇ ਰਚਨਾਤਮਕ ਸੋਚ ‘ਤੇ ਵੀ ਸਕਾਰਾਤਮਕ ਅਸਰ ਪਾ ਸਕਦਾ ਹੈ।
“ਘੱਟ ਪ੍ਰਭਾਵ ਵਾਲੀ” ਕਸਰਤ ਹੋਣ ਕਰਕੇ, ਪੌੜ੍ਹੀਆਂ ਚੜ੍ਹਣ ਦੇ ਛੋਟੇ-ਛੋਟੇ ਦੌਰ ਵੀ ਦਿਲ ਅਤੇ ਫੇਫੜਿਆਂ ਦੀ ਤੰਦਰੁਸਤੀ ਸੁਧਾਰਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਘਰ ਵਿੱਚ ਪੌੜ੍ਹੀਆਂ ਚੜ੍ਹਣ ਨਾਲ ਮਿਲਣ ਵਾਲੇ ਐਰੋਬਿਕ ਫ਼ਾਇਦੇ ਜਿਮ ਵਿੱਚ ਸਟੇਅਰ ਮਸ਼ੀਨ ਵਰਤਣ ਦੇ ਬਰਾਬਰ ਵੀ ਹੋ ਸਕਦੇ ਹਨ।
ਪੌੜ੍ਹੀਆਂ ਚੜ੍ਹਣ ਦੀ ਸਭ ਤੋਂ ਵੱਡੀ ਖ਼ਾਸੀਅਤ ਇਸਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀ ਸੌਖੀ ਵਰਤੋਂ ਹੈ। ਪੌੜ੍ਹੀਆਂ ਹਰ ਜਗ੍ਹਾ ਹੁੰਦੀਆਂ ਹਨ, ਘਰ, ਦਫ਼ਤਰ ਅਤੇ ਜਨਤਕ ਥਾਵਾਂ ‘ਤੇ। ਐਸਕਲੇਟਰ ਜਾਂ ਲਿਫ਼ਟ ਦੀ ਥਾਂ ਪੌੜ੍ਹੀਆਂ ਵਰਤਣਾ ਇੱਕ ਅਜਿਹੀ ਕਸਰਤ ਹੈ ਜੋ ਆਮ ਲੱਗਦੀ ਹੈ, ਪਰ ਸਿਹਤ ‘ਤੇ ਇਸਦਾ ਵੱਡਾ ਅਸਰ ਹੋ ਸਕਦਾ ਹੈ।
ਕੈਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪੋਸਟਡਾਕਟੋਰਲ ਰਿਸਰਚ ਫੈਲੋ ਐਲੈਕਸਿਸ ਮਾਰਕੋਟ-ਸ਼ੇਨਾਰਡ ਕਹਿੰਦੇ ਹਨ, “ਇਹ ਅਜਿਹੀ ਕਸਰਤ ਹੈ ਜੋ ਲਗਭਗ ਹਰ ਕੋਈ ਕਰ ਸਕਦਾ ਹੈ, ਕਿਉਂਕਿ ਲੋਕਾਂ ਕੋਲ ਇਸਦੀ ਪਹੁੰਚ ਹੁੰਦੀ ਹੈ ਅਤੇ ਉਹ ਇਹ ਰੋਜ਼ ਕਰਦੇ ਹਨ।”
ਮਾਰਕੋਟ-ਸ਼ੇਨਾਰਡ ਇਸ ਗੱਲ ‘ਤੇ ਖੋਜ ਕਰ ਰਹੇ ਹਨ ਕਿ ਕਸਰਤ ਅਤੇ ਖੁਰਾਕ ਰਾਹੀਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ।
ਇਸ ਵਿੱਚ “ਐਕਸਰਸਾਈਜ਼ ਸਨੈਕਸ” ਦੇ ਅਸਰ ਵੀ ਸ਼ਾਮਲ ਹਨ ਭਾਵ ਦਿਨ ਭਰ ਵਿੱਚ ਇੱਕ ਮਿੰਟ ਜਾਂ ਇਸ ਤੋਂ ਘੱਟ ਸਮੇਂ ਲਈ ਕੀਤੀ ਜਾਣ ਵਾਲੀ ਤੇਜ਼ ਕਸਰਤ।
ਉਨ੍ਹਾਂ ਮੁਤਾਬਕ ਪੌੜ੍ਹੀਆਂ ਚੜ੍ਹਣਾ ਇਸ ਲਈ ਵਧੀਆ ਹੈ ਕਿਉਂਕਿ ਇਸਦੀ ਮੁਸ਼ਕਲਤਾ ਗਤੀ ਬਦਲ ਕੇ ਆਸਾਨੀ ਨਾਲ ਘਟਾਈ ਜਾਂ ਵਧਾਈ ਜਾ ਸਕਦੀ ਹੈ ਅਤੇ ਇਸ ਲਈ ਕਿਸੇ ਖ਼ਾਸ ਸਾਮਾਨ ਜਾਂ ਖ਼ਰਚ ਦੀ ਲੋੜ ਨਹੀਂ ਹੁੰਦੀ।
ਮਾਰਕੋਟ-ਸ਼ੇਨਾਰਡ ਕਹਿੰਦੇ ਹਨ, “ਜਦੋਂ ਤੁਸੀਂ ਐਕਸਰਸਾਈਜ਼ ਸਨੈਕਸ ਕਰਦੇ ਹੋ, ਤਾਂ ਤੁਹਾਨੂੰ ਕਿਸੇ ਮਹਿੰਗੇ ਸਾਮਾਨ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੇ ਸਰੀਰ ਅਤੇ ਪੌੜ੍ਹੀਆਂ ਦੀ ਵਰਤੋਂ ਕਰ ਸਕਦੇ ਹੋ। ਅਤੇ ਜੇ ਤੁਸੀਂ ਦਿਨ ਭਰ ਵਿੱਚ ਸਰੀਰਕ ਸਰਗਰਮੀ ਕਰਦੇ ਰਹਿੰਦੇ ਹੋ, ਤਾਂ ਤੁਹਾਨੂੰ ਕਸਰਤ ਲਈ ਵੱਖਰਾ ਇੱਕ ਘੰਟਾ ਕੱਢਣ ਦੀ ਲੋੜ ਨਹੀਂ ਪੈਂਦੀ।”
“ਐਕਸਰਸਾਈਜ਼ ਸਨੈਕਸ”, ਜਿਸਨੂੰ “ਸਨੈਕਟਿਵਿਟੀ” ਜਾਂ “ਵਿਲਪਾ” (ਵਿਗਰਸ ਇੰਟਰਮਿਟੈਂਟ ਲਾਈਫਸਟਾਈਲ ਫਿਜ਼ਿਕਲ ਐਕਟਿਵਿਟੀ) ਵੀ ਕਿਹਾ ਜਾਂਦਾ ਹੈ, ਬਾਰੇ ਖੋਜ ਵੱਧ ਰਹੀ ਹੈ।
ਖੋਜਕਾਰ ਅਜਿਹੇ ਤਰੀਕੇ ਲੱਭ ਰਹੇ ਹਨ ਜੋ ਬੈਠੇ ਰਹਿਣ ਵਾਲੀ ਜੀਵਨਸ਼ੈਲੀ ਅਤੇ ਸਰੀਰਕ ਅਕਿਰਿਆਸ਼ੀਲਤਾ ਨਾਲ ਜੁੜੇ ਖ਼ਤਰਿਆਂ ਨੂੰ ਘਟਾ ਸਕਣ। ਇਸ ਵੇਲੇ ਦੁਨੀਆ ਭਰ ਵਿੱਚ ਲਗਭਗ 180 ਕਰੋੜ ਬਾਲਗ਼ ਇਸ ਕਾਰਨ ਬਿਮਾਰੀਆਂ ਦੇ ਖ਼ਤਰੇ ਵਿੱਚ ਹਨ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
