
ਨਾਰਵੇ ਦੀ ਇੱਕ ਘੱਟ ਜਾਣੀ ਜਾਣ ਵਾਲੀ ਪੱਤਰਕਾਰ ਉਸ ਵੇਲੇ ਅਚਾਨਕ ਚਰਚਾ, ਧਿਆਨ ਅਤੇ ਵਿਵਾਦ ਦੇ ਕੇਂਦਰ ਵਿੱਚ ਆ ਗਈ ਜਦੋਂ ਉਸਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਸਾਂਝੀ ਮੀਡੀਆ ਬ੍ਰੀਫਿੰਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ।
ਮੋਦੀ ਨੇ ਨਹੀਂ ਦਿੱਤਾ ਜਵਾਬ
ਪੱਤਰਕਾਰ ਹੇਲੇ ਲਿੰਗ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, “ਦੁਨੀਆ ਦੀ ਸਭ ਤੋਂ ਆਜ਼ਾਦ ਪ੍ਰੈੱਸ ਤੋਂ ਕੁਝ ਸਵਾਲ ਕਿਉਂ ਨਹੀਂ ਲੈਂਦੇ?” ਹਾਲਾਂਕਿ ਇਹ ਸਪਸ਼ਟ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਵਾਲ ਸੁਣਿਆ ਜਾਂ ਨਹੀਂ, ਪਰ ਉਹ ਕਮਰੇ ਤੋਂ ਬਾਹਰ ਚਲੇ ਗਏ। ਇਹ ਇਕ ਪਲ ਹੀ ਪ੍ਰੈੱਸ ਦੀ ਆਜ਼ਾਦੀ ਉੱਤੇ ਚਰਚਾ ਛੇੜਨ ਲਈ ਕਾਫੀ ਸੀ।
ਵਿਵਾਦ ਦੇ ਮਾਹੌਲ ਵਿੱਚ ਹੁਣ ਧਿਆਨ ਹੇਲੇ ਲਿੰਗ ਅਤੇ ਉਸਦੀ ਸੋਸ਼ਲ ਮੀਡੀਆ ਗਤੀਵਿਧੀਆਂ ਵੱਲ ਮੁੜ ਗਿਆ ਹੈ।
ਓਸਲੋ ਅਧਾਰਿਤ ਅਖ਼ਬਾਰ ਡਾਗਸਾਵੀਸਨ ਨਾਲ ਜੁੜੀ ਲਿੰਗ ਨੇ ਟਵੀਟ ਕਰਦਿਆਂ ਕਿਹਾ, “ਨਰਿੰਦਰ ਮੋਦੀ ਨੇ ਮੇਰਾ ਸਵਾਲ ਨਹੀਂ ਲਿਆ; ਮੈਂ ਇਸਦੀ ਉਮੀਦ ਵੀ ਨਹੀਂ ਕਰਦੀ ਸੀ। ਨਾਰਵੇ ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕਾਂਕ ਵਿੱਚ ਪਹਿਲੇ ਸਥਾਨ ’ਤੇ ਹੈ, ਜਦਕਿ ਭਾਰਤ 157ਵੇਂ ਸਥਾਨ ’ਤੇ ਹੈ।”
ਜਿਵੇਂ ਹੀ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਅਤੇ ਵਿਰੋਧੀ ਧਿਰ ਨੇ ਵੀ ਇਸ ਮਾਮਲੇ ਨੂੰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਣ ਲਈ ਵਰਤਿਆ, ਨਾਰਵੇ ਸਥਿਤ ਭਾਰਤੀ ਦੂਤਾਵਾਸ ਨੇ ਖੁਦ ਲਿੰਗ ਨੂੰ ਟੈਗ ਕਰਕੇ ਉਸੇ ਦਿਨ ਹੋਣ ਵਾਲੀ ਇੱਕ ਹੋਰ ਪ੍ਰੈੱਸ ਬ੍ਰੀਫਿੰਗ ਲਈ ਸੱਦਾ ਦਿੱਤਾ।

ਹਾਲਾਂਕਿ ਇਹ ਬ੍ਰੀਫਿੰਗ ਵੀ ਤਣਾਭਰੀ ਰਹੀ ਕਿਉਂਕਿ ਲਿੰਗ ਨੇ ਭਾਰਤ ਦੀ ਭਰੋਸੇਯੋਗਤਾ ਅਤੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਬਾਰੇ ਸਵਾਲ ਉਠਾਏ। ਵਿਦੇਸ਼ ਮੰਤਰਾਲੇ ਦੇ ਸਕੱਤਰ (ਵੈਸਟ) ਸਿਬੀ ਜਾਰਜ ਨੇ ਜਵਾਬ ਦਿੰਦਿਆਂ ਭਾਰਤੀ ਸਭਿਆਚਾਰ, ਸ਼ਤਰੰਜ ਦੀ ਉਤਪੱਤੀ, ਯੋਗਾ, ਕੋਵਿਡ ਵੈਕਸੀਨ ਡਿਪਲੋਮੇਸੀ ਆਦਿ ਦਾ ਜ਼ਿਕਰ ਕੀਤਾ। ਦਰਅਸਲ, ਉਨ੍ਹਾਂ ਦੇ ਜਵਾਬ ਨਾਲੋਂ ਵੱਧ ਉਨ੍ਹਾਂ ਦੇ ਹਾਵ-ਭਾਵ ਅਤੇ ਅੰਦਾਜ਼ ਨੇ ਧਿਆਨ ਖਿੱਚਿਆ।
ਜਦੋਂ ਲਿੰਗ ਨੇ ਵਿਚਕਾਰ ਟੋਕਿਆ ਤਾਂ ਜਾਰਜ ਨੇ ਵੀ ਵਿਰੋਧ ਕੀਤਾ। ਇੱਕ ਮੌਕੇ ’ਤੇ ਨਾਰਵੇ ਦੀ ਇਹ ਪੱਤਰਕਾਰ ਬ੍ਰੀਫਿੰਗ ਰੂਮ ਛੱਡ ਕੇ ਬਾਹਰ ਚਲੀ ਗਈ, ਪਰ ਕੁਝ ਸਮੇਂ ਬਾਅਦ ਵਾਪਸ ਆ ਗਈ। ਇਹ ਸਾਰਾ ਨਾਟਕੀ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ।
ਸੋਸ਼ਲ ਮੀਡੀਆ ’ਤੇ ਲਿੰਗ ਨੂੰ ਕਾਫੀ ਟਰੋਲਿੰਗ ਅਤੇ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੇ ਉਸਨੂੰ “ਵਿਦੇਸ਼ੀ ਏਜੰਟ”, “ਜਾਸੂਸ” ਅਤੇ “ਚੀਨੀ ਪ੍ਰੌਕਸੀ” ਤੱਕ ਕਹਿ ਦਿੱਤਾ। ਇਹ ਦੋਸ਼ ਉਸਦੇ ਪੁਰਾਣੇ ਲੇਖਾਂ ਦੇ ਆਧਾਰ ’ਤੇ ਲਗਾਏ ਗਏ, ਜਿਨ੍ਹਾਂ ਵਿੱਚ ਉਸਨੇ ਬੀਜਿੰਗ ਅਤੇ ਸ਼ੀ ਜਿਨਪਿੰਗ ਦੀ ਪ੍ਰਸ਼ੰਸਾ ਕੀਤੀ ਸੀ। ਕਈ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਪ੍ਰੈੱਸ ਕਾਨਫਰੰਸ ਨਹੀਂ ਸੀ, ਸਗੋਂ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਦੀ ਸਾਂਝੀ ਬ੍ਰੀਫਿੰਗ ਸੀ।
ਦੂਜੇ ਪਾਸੇ ਕੁਝ ਲੋਕਾਂ ਨੇ ਲਿੰਗ ਦਾ ਸਮਰਥਨ ਵੀ ਕੀਤਾ ਅਤੇ ਇਹ ਗੱਲ ਉਠਾਈ ਕਿ ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਅਜੇ ਤੱਕ ਕੋਈ ਰਸਮੀਂ ਪ੍ਰੈੱਸ ਕਾਨਫਰੰਸ ਨਹੀਂ ਕੀਤੀ।
ਟਰੋਲਿੰਗ ਇੰਨੀ ਵੱਧ ਗਈ ਕਿ ਲਿੰਗ ਨੂੰ ਆਖ਼ਿਰਕਾਰ ਸਫਾਈ ਦੇਣੀ ਪਈ। ਉਸਨੇ ਟਵੀਟ ਕੀਤਾ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਲਿਖਣਾ ਪਵੇਗਾ, ਪਰ ਮੈਂ ਕਿਸੇ ਵੀ ਕਿਸਮ ਦੀ ਵਿਦੇਸ਼ੀ ਜਾਸੂਸ ਨਹੀਂ ਹਾਂ ਅਤੇ ਨਾ ਹੀ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਭੇਜੀ ਗਈ ਹਾਂ। ਮੇਰਾ ਕੰਮ ਪੱਤਰਕਾਰਤਾ ਹੈ।”

ਹੇਲੇ ਲਿੰਗ ਕੌਣ ਹੈ?
ਇਹ ਘਟਨਾ, ਜੋ ਲਗਭਗ 24 ਘੰਟਿਆਂ ਤੱਕ ਚਰਚਾ ਵਿੱਚ ਰਹੀ, ਨੇ ਹੇਲੇ ਲਿੰਗ ਨੂੰ ਅਚਾਨਕ ਸੁਰਖੀਆਂ ਵਿੱਚ ਲਿਆ ਦਿੱਤਾ।
ਖ਼ਾਸ ਤੌਰ ’ਤੇ ਉਸਦੀ X (ਪਹਿਲਾਂ ਟਵਿੱਟਰ) ਗਤੀਵਿਧੀ ਦੀ ਜਾਂਚ ਹੋਣ ਲੱਗੀ। ਮੋਦੀ ਬਾਰੇ ਕੀਤੇ ਗਏ ਪੋਸਟ ਤੋਂ ਪਹਿਲਾਂ ਉਸਦੀ ਆਖ਼ਰੀ ਪੋਸਟ 10 ਅਪ੍ਰੈਲ 2024 ਦੀ ਸੀ, ਜਿਸ ਵਿੱਚ ਉਸਨੇ ਕੋਕੇਨ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਬਾਰੇ ਲੇਖ ਸਾਂਝਾ ਕੀਤਾ ਸੀ। ਇਸ ਤੋਂ ਪਹਿਲਾਂ ਉਸਨੇ 2022 ਵਿੱਚ ਪੋਸਟ ਕੀਤਾ ਸੀ। 2021 ਵਿੱਚ ਉਸਨੇ ਇੱਕ ਪੋਸਟ ਰੀਟਵੀਟ ਕੀਤੀ ਸੀ, ਜਿਸ ਵਿੱਚ ਜੀ-20 ਰੋਮ ਸਮਿੱਟ ਦੌਰਾਨ ਮੋਦੀ ਅਤੇ ਹੋਰ ਵਿਸ਼ਵ ਨੇਤਾਵਾਂ ਦੀ ਸਿੱਕਾ ਸੁੱਟਦੇ ਹੋਏ ਤਸਵੀਰ ਸੀ।
ਕਈ ਯੂਜ਼ਰਾਂ ਨੇ ਇਸ ਗੱਲ ਨੂੰ ਆਧਾਰ ਬਣਾਕੇ ਕਿਹਾ ਕਿ ਸ਼ਾਇਦ ਉਸਨੂੰ ਭਾਰਤ ਨੂੰ ਵਿਸ਼ਵ ਪੱਧਰ ’ਤੇ “ਸ਼ਰਮਿੰਦਾ” ਕਰਨ ਲਈ “ਪਲਾਂਟ” ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਸੀ ਕਿ ਮੋਦੀ ਵਾਲੇ ਸਮਾਗਮ ਤੋਂ ਕੁਝ ਦਿਨ ਪਹਿਲਾਂ ਹੀ ਉਸਦਾ X ਖਾਤਾ ਵੈਰੀਫਾਈ ਹੋਇਆ ਸੀ।
ਲਿੰਗ ਦਾ ਸਪੱਸ਼ਟੀਕਰਨ
ਹਾਲਾਂਕਿ ਲਿੰਗ ਨੇ ਇਨ੍ਹਾਂ ਇਸ਼ਾਰਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ TikTok ਅਤੇ Instagram ’ਤੇ ਜ਼ਿਆਦਾ ਸਰਗਰਮ ਰਹਿੰਦੀ ਹੈ।
ਉਸਨੇ X ’ਤੇ ਲਿਖਿਆ, “ਮੈਂ ਅੱਜ ਖੁਦ ਆਪਣਾ ਖਾਤਾ ਵੈਰੀਫਾਈ ਕੀਤਾ ਕਿਉਂਕਿ ਮੈਨੂੰ ਇੱਕ ਟਾਈਪੋ ਠੀਕ ਕਰਨੀ ਸੀ ਅਤੇ ਉਸ ਲਈ ਭੁਗਤਾਨ ਕਰਨਾ ਪਿਆ। ਇਸ ਤੋਂ ਬਾਅਦ ਮੈਨੂੰ ਨੀਲਾ ਟਿਕ ਮਿਲ ਗਿਆ। ਅਤੇ ਹਾਂ, ਮੈਂ ਆਮ ਤੌਰ ’ਤੇ TikTok, Instagram ਅਤੇ Facebook ’ਤੇ ਜ਼ਿਆਦਾ ਸਰਗਰਮ ਰਹਿੰਦੀ ਹਾਂ।”
ਭਾਵੇਂ ਲਿੰਗ ਨੂੰ ਮੋਦੀ ਦਾ ਇੰਟਰਵਿਊ ਨਹੀਂ ਮਿਲਿਆ, ਪਰ ਉਹ ਲੋਕਪ੍ਰਿਯਤਾ ਦੇ ਮਾਮਲੇ ਵਿੱਚ ਕਾਫ਼ੀ ਉੱਪਰ ਚਲੀ ਗਈ। ਸੋਮਵਾਰ ਤੋਂ ਪਹਿਲਾਂ X ’ਤੇ ਉਸਦੇ ਲਗਭਗ 800 ਫਾਲੋਅਰ ਸਨ, ਜਦਕਿ ਹੁਣ ਇਹ ਗਿਣਤੀ 17 ਹਜ਼ਾਰ ਤੋਂ ਵੀ ਵੱਧ ਹੋ ਚੁੱਕੀ ਹੈ ਅਤੇ ਲਗਾਤਾਰ ਵਧ ਰਹੀ ਹੈ।
Muck Rack ’ਤੇ ਉਸਦੀ ਪ੍ਰੋਫ਼ਾਈਲ ਦੇ ਅਨੁਸਾਰ, ਲਿੰਗ ਨੇ ਕਈ ਨਾਰਵੇਜੀਅਨ ਪ੍ਰਕਾਸ਼ਨਾਂ ਅਤੇ MSN ਲਈ ਫ੍ਰੀਲਾਂਸਰ ਵਜੋਂ ਕੰਮ ਕੀਤਾ ਹੈ। ਇਸ ਵੇਲੇ ਉਹ ਛੋਟੇ ਨਾਰਵੇਜੀਅਨ ਅਖ਼ਬਾਰ ਡਾਗਸਾਵੀਸਨ ਵਿੱਚ ਕਮੈਂਟੇਟਰ ਹੈ, ਜਿਸਦੀ ਸਰਕੂਲੇਸ਼ਨ 14 ਹਜ਼ਾਰ ਤੋਂ ਘੱਟ ਹੈ। ਇਹ ਨਾਰਵੇ ਦੇ ਟਾਪ-10 ਮੀਡੀਆ ਘਰਾਂ ਵਿੱਚ ਵੀ ਸ਼ਾਮਲ ਨਹੀਂ।

ਉਸਦੀ ਪੱਤਰਕਾਰਤਾ ਦਿਖਾਉਂਦੀ ਹੈ ਕਿ ਉਹ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਆਲੋਚਕ ਰਹੀ ਹੈ। ਉਸਦੇ ਇੱਕ ਲੇਖ ਦੀ ਸੁਰਖੀ ਸੀ, “F**k you, Trump”। ਦੂਜੇ ਪਾਸੇ, ਉਸਦੇ ਕਈ ਲੇਖਾਂ ਵਿੱਚ “ਸੁਪਰਪਾਵਰ” ਚੀਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਸਨੇ ਇਲੋਨ ਮਸਕ ਦੀ ਕੰਪਨੀ ਟੈਸਲਾ ’ਤੇ ਵੀ ਕਈ ਆਲੋਚਨਾਤਮਕ ਲੇਖ ਲਿਖੇ ਹਨ।
ਰਾਹੁਲ ਗਾਂਧੀ ਨਾਲ ਸੰਪਰਕ ਕੀਤਾ
ਇਹ ਵਿਵਾਦ ਜਲਦੀ ਹੀ ਭਾਰਤੀ ਰਾਜਨੀਤੀ ਵਿੱਚ ਵੀ ਪਹੁੰਚ ਗਿਆ। ਵਿਰੋਧੀ ਨੇਤਾਵਾਂ ਜਿਵੇਂ ਰਾਹੁਲ ਗਾਂਧੀ ਅਤੇ ਮਹੂਆ ਮੋਇਤਰਾ ਨੇ ਪ੍ਰਧਾਨ ਮੰਤਰੀ ’ਤੇ “ਘਬਰਾਉਣ” ਅਤੇ “ਸਵਾਲਾਂ ਤੋਂ ਭੱਜਣ” ਦੇ ਦੋਸ਼ ਲਗਾਏ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਜਦੋਂ ਲੁਕਾਉਣ ਲਈ ਕੁਝ ਨਹੀਂ ਹੁੰਦਾ ਤਾਂ ਡਰਣ ਦੀ ਵੀ ਲੋੜ ਨਹੀਂ ਹੁੰਦੀ। ਜਦੋਂ ਦੁਨੀਆ ਇੱਕ ਘਬਰਾਏ ਹੋਏ ਪ੍ਰਧਾਨ ਮੰਤਰੀ ਨੂੰ ਕੁਝ ਸਵਾਲਾਂ ਤੋਂ ਭੱਜਦਾ ਦੇਖਦੀ ਹੈ ਤਾਂ ਭਾਰਤ ਦੀ ਛਵੀ ’ਤੇ ਕੀ ਅਸਰ ਪੈਂਦਾ ਹੈ?”
ਕੁਝ ਘੰਟਿਆਂ ਬਾਅਦ ਲਿੰਗ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਕੀ ਉਹ ਫੋਨ ਇੰਟਰਵਿਊ ਲਈ ਉਪਲਬਧ ਹੋਣਗੇ। ਉਸਨੇ ਲਿਖਿਆ, “ਹੈਲੋ, ਕੀ ਤੁਸੀਂ ਫੋਨ ਇੰਟਰਵਿਊ ਲਈ ਉਪਲਬਧ ਹੋਵੋਗੇ? ਨਾਰਵੇ ਦੌਰੇ ਬਾਰੇ ਤੁਹਾਡਾ ਨਜ਼ਰੀਆ ਜਾਣਨਾ ਦਿਲਚਸਪ ਹੋਵੇਗਾ।” ਲੇਖ ਲਿਖੇ ਜਾਣ ਤੱਕ ਗਾਂਧੀ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।
ਭਾਜਪਾ ਆਈਟੀ ਸੈੱਲ ਦਾ ਜਵਾਬ
ਭਾਜਪਾ ਨੇ ਇਸ ਪੂਰੇ ਵਿਵਾਦ ਨੂੰ ਖਾਰਜ ਕਰਦਿਆਂ ਲਿੰਗ ਨੂੰ “ਅਣਅਨੁਸ਼ਾਸਿਤ ਪੱਤਰਕਾਰ” ਕਿਹਾ। ਭਾਜਪਾ ਆਈਟੀ ਸੈੱਲ ਮੁਖੀ ਅਮਿਤ ਮਾਲਵੀਆ ਨੇ ਇਹ ਵੀ ਕਿਹਾ ਕਿ ਨਾਰਵੇ ਦੇ ਪ੍ਰਧਾਨ ਮੰਤਰੀ ਨੇ ਵੀ ਮੀਡੀਆ ਦੇ ਸਵਾਲ ਨਹੀਂ ਲਏ।
ਮਾਲਵੀਆ ਨੇ ਲਿਖਿਆ, “ਰਾਹੁਲ ਗਾਂਧੀ ਦੀ ਅਗਵਾਈ ਵਾਲਾ ਕਾਂਗਰਸੀ ਇਕੋਸਿਸਟਮ ਇੱਕ ਅਨੁਸਾਸ਼ਨਹੀਣ ਪੱਤਰਕਾਰ ਦੀ ਬੇਤੁਕੀ ਗੱਲਬਾਤ ’ਤੇ ਖੁਸ਼ ਹੋ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਕੀ ਕਾਂਗਰਸ ਲੀਡਰਸ਼ਿਪ ਵੀ ਉਹਨਾਂ ਲੋਕਾਂ ਦੇ ਪ੍ਰਭਾਵ ਹੇਠ ਹੈ ਜੋ ਮਜ਼ਬੂਤ ਅਤੇ ਸ਼ਕਤੀਸ਼ਾਲੀ ਭਾਰਤ ਨਹੀਂ ਦੇਖਣਾ ਚਾਹੁੰਦੇ।”
ਇੱਕ ਪੱਤਰਕਾਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਨਾਲ ਸ਼ੁਰੂ ਹੋਇਆ ਇਹ ਮਾਮਲਾ ਹੁਣ ਪੂਰਾ ਰਾਜਨੀਤਿਕ ਵਿਵਾਦ ਬਣ ਚੁੱਕਾ ਹੈ, ਜਿਸ ਦਾ ਪ੍ਰਭਾਵ ਭਾਰਤੀ ਰਾਜਨੀਤੀ ਤੱਕ ਵੀ ਪਹੁੰਚ ਗਿਆ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।

