punjabilens.com

ਛੋਟਾ ਘੱਲੂਘਾਰਾ

ਸਮੇਂ ਸਮੇਂ ਉੱਤੇ ਜ਼ਾਬਰ ਹਕੂਮਤਾਂ ਨੇ ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਦੇ ਕੋਝੇ ਯਤਨ ਕੀਤੇ, ਇਨ੍ਹਾਂ ਘਟਨਾਵਾਂ ਨੂੰ ਸਿੱਖ ਇਤਿਹਾਸ ਵਿਚ ‘ਘੱਲੂਘਾਰਾ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ ‘ਚ ਗਿਣਤੀ ਪੱਖੋਂ ਹੋਏ ਕੌਮ ਦੇ ਜਾਨੀ ਨੁਕਸਾਨ ਨੂੰ ਮੁੱਖ ਰੱਖਦਿਆਂ ਛੋਟੇ ਤੇ ਵੱਡੇ ਘੱਲੂਘਾਰੇ ਦਾ ਨਾਂ ਦਿੱਤਾ ਗਿਆ ਹੈ। ਛੋਟਾ ਘੱਲੂਘਾਰਾ 1746 ‘ਚ ਗੁਰਦਾਸਪੁਰ ਦੇ ਛੰਭ ਕਾਹਨੂੰਵਾਨ ਵਿਖੇ ਵਾਪਰਿਆ। ਇਹ ਘੱਲੂਘਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤਕ ਚੱਲਦਾ ਰਿਹਾ।

ਯਹੀਆ ਖਾਨ ਦਾ ਸਾਸ਼ਨ 

1745 ਈਸਵੀ ‘ਚ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਦਾ ਹੈ। ਯਹੀਆ ਖ਼ਾਨ ਬੇਰਹਿਮ ਤੇ ਬੇਕਿਰਕ ਸ਼ਾਸਕ ਸੀ ਤੇ ਸਿੱਖ ਕੌਮ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਭਰਾਵਾਂ ਲੱਖਪਤ ਰਾਏ ਤੇ ਜੱਸਪਤ ਰਾਏ ਨੂੰ ਕ੍ਰਮਵਾਰ ਲਾਹੌਰ ਦਾ ਦੀਵਾਨ ਤੇ ਐਮਨਾਬਾਦ ਦਾ ਫ਼ੌਜਦਾਰ ਨਿਯੁਕਤ ਕੀਤਾ।

ਇਸ ਤੋਂ ਕੁਝ ਮਹੀਨੇ ਬਾਅਦ ਲਾਹੌਰ ਨੇੜਲੇ ਕਸਬੇ ਐਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ’ਤੇ ਸਿੱਖ ਸੰਗਤ ਦਾ ਵਿਸ਼ਾਲ ਇਕੱਠ ਹੋਇਆ, ਜਿਹੜਾ ਜਸਪਤ ਰਾਏ ਨੂੰ ਚੰਗਾ ਨਾ ਲੱਗਾ। ਉਸ ਨੇ ਸੰਗਤ ਨੂੰ ਗੁਰਦੁਆਰਾ ਖਾਲੀ ਕਰਨ ਦਾ ਹੁਕਮ ਦਿੱਤਾ।

 ਸੰਗਤ ਵੱਲੋ ਜਵਾਬ ਵਿਚ ਕਿਹਾ ਗਿਆ ਕਿ ਉਹ ਕਈ ਦਿਨਾਂ ਤੋਂ ਫ਼ਾਕੇ ਹਨ, ਪ੍ਰਸ਼ਾਦਾ-ਪਾਣੀ ਬਣਾ/ਛੱਕ ਕੇ ਸਵੇਰੇ ਇਥੋਂ ਕੂਚ ਕਰ ਜਾਣਗੇ ਪਰ ਜਸਪਤ ਰਾਏ ’ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ।

ਜਸਪਤ ਰਾਏ ਦਾ ਕਤਲ 

ਜਸਪਤ ਰਾਏ ਨੇ ਧਾੜ ਇਕੱਠੀ ਕਰ ਕੇ ਸਿੱਖਾਂ ਉਪਰ ਹਮਲਾ ਕਰ ਦਿੱਤਾ। ਨਾ ਚਾਹੁੰਦਿਆਂ ਹੋਇਆਂ ਵੀ ਸਿੱਖਾਂ ਨੂੰ ਇਹ ਲੜਾਈ ਲੜਨੀ ਪਈ।

ਹਾਥੀ ’ਤੇ ਚੜ੍ਹਿਆ ਜਸਪਤ ਰਾਏ ਸਿੱਖਾਂ ਵੱਲ ਵੱਧ ਰਿਹਾ ਸੀ। ਉਸ ਦੇ ਹਮਲੇ ਨੂੰ ਠੱਲ੍ਹ ਪਾਉਣ ਲਈ ਭਾਈ ਨਿਬਾਹੂ ਸਿੰਘ ਪੂਛ ਦਾ ਸਹਾਰਾ ਲੈ ਕੇ ਹਾਥੀ ਉੱਤੇ ਜਾ ਚੜ੍ਹੇ ਅਤੇ ਉਨ੍ਹਾਂ ਨੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਜਸਪਤ ਰਾਏ ਦੀ ਮੌਤ ਨਾਲ ਮੁਗ਼ਲ ਫ਼ੌਜ ਵਿਚ ਭਗਦੜ ਮੱਚ ਗਈ ਅਤੇ ਉਹ ਮੈਦਾਨ ਛੱਡ ਗਈ।

ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਦੀਵਾਨ ਲਖਪਤ ਰਾਏ ਦਾ ਦਿਮਾਗੀ ਤਵਾਜ਼ਨ ਵਿਗੜ ਗਿਆ ਅਤੇ ਉਸ ਨੇ ਬਦਲਾ ਲੈਣ ਦੀ ਠਾਣ ਲਈ। ਉਸ ਦਾ ਕਹਿਣਾ ਸੀ ਜਦ ਤੱਕ ਉਹ ਸਿੱਖੀ ਨੂੰ ਖ਼ਤਮ ਨਹੀਂ ਕਰ ਲੈਂਦਾ ਉਦੋਂ ਤੱਕ ਸਿਰ ’ਤੇ ਪੱਗ ਨਹੀਂ ਬੰਨ੍ਹੇਗਾ।

ਸਿੱਖਾਂ ਦੇ ਖਾਤਮੇ ਦਾ ਐਲਾਨ 

ਲਾਹੌਰ ਦੇ ਗਵਰਨਰ ਯਹੀਆ ਖਾਂ ਤੋਂ ਸ਼ਾਹੀ ਫ਼ੌਜ ਦੇ ਸਹਾਰੇ ਲਖਪਤ ਰਾਏ ਨੇ ਆਪਣੇ ਜ਼ੁਲਮ ਦੀ ਹੱਦ ਮੁਕਾ ਕਰ ਦਿੱਤੀ, ਉਹ ਲਾਹੌਰ ਸ਼ਹਿਰ ਦੇ ਆਮ ਸਿੱਖਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਉਣ ਲੱਗਾ। ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਕੁਝ ਪਤਵੰਤੇ ਹਿੰਦੂਆਂ ਨੇ ਲਖਪਤ ਰਾਏ ਨੂੰ ਅਜਿਹਾ ਕਹਿਰ ਕਮਾਉਣ ਤੋਂ ਵਰਜਿਆ ਪਰ ਉਸ ਦੀ ਸਿਹਤ ’ਤੇ ਕੋਈ ਅਸਰ ਨਾ ਹੋਇਆ।

 ਲਖਪਤ ਰਾਏ ਨੇ ਐਲਾਨ ਕਰਵਾ ਦਿੱਤਾ ਕਿ ਸਿੱਖਾਂ ਨਾਲ ਕੋਈ ਨੇੜਤਾ ਨਾ ਰੱਖੇ ਅਤੇ ਨਾ ਹੀ ਇਨ੍ਹਾਂ ਦੀ ਬਾਣੀ ਪੜ੍ਹੇ। ਉਸ ਨੇ ਗੁੜ ਦੀ ਥਾਂ ‘ਰੋੜੀ’ ਅਤੇ ਗ੍ਰੰਥ ਦੀ ਥਾਂ ‘ਪੋਥੀ’ ਸ਼ਬਦ ਵਰਤਣ ਲਈ ਕਿਹਾ। ਇੱਥੇ ਹੀ ਬਸ ਨਹੀਂ ਉਸ ਨੇ ਪਾਵਨ ਬੀੜਾਂ ਦੀ ਬੇਅਦਬੀ ਕਰਨ ਲੱਗਿਆਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ।

ਨਵਾਬ ਕਪੂਰ ਸਿੰਘ ਦਾ ਸਿੱਖਾਂ ਨੂੰ ਸੱਦਾ 

ਲਖਪਤ ਰਾਏ ਦੀਆਂ ਆਪ ਹੁਦਰੀਆਂ ਦੀਆਂ ਰਿਪੋਰਟਾਂ ਜਦੋਂ ਨਵਾਬ ਕਪੂਰ ਸਿੰਘ ਨੂੰ ਮਿਲੀਆਂ ਤਾਂ ਉਨ੍ਹਾਂ  ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਿਰਕੱਢ ਆਗੂਆਂ ਨੂੰ ਸੁਨੇਹੇ ਭੇਜ ਕੇ ਕਾਹਨੂੰਵਾਨ ਦੀ ਛੰਭ (ਗੁਰਦਾਸਪੁਰ) ਵਿਖੇ ਇਕੱਠੇ ਹੋਣ ਲਈ ਕਿਹਾ।

 ਨਵਾਬ ਸਾਹਿਬ ਦੇ ਸੰਦੇਸ਼ ’ਤੇ ਇਸ ਛੰਭ ਵਿਚ ਲਗਪਗ 20,000 ਸਿੱਖ ਇਕੱਠੇ ਹੋ ਗਏ ਜਿਨ੍ਹਾਂ ਵਿਚ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋਕੀ, ਗੁਰਦਿਆਲ ਸਿੰਘ ਡੱਲੇਵਾਲੀਆ, ਹਰੀ ਸਿੰਘ ਭੰਗੀ ਅਤੇ ਨੋਧ ਸਿੰਘ ਸ਼ੁਕਰਚੱਕੀਆ ਆਦਿ ਦੇ ਜਥੇ ਹਾਜ਼ਰ ਸਨ। ਇਸ ਇਕੱਠ ਦਾ ਪਤਾ ਜਦੋਂ ਦੀਵਾਨ ਲਖਪਤ ਰਾਏ ਨੂੰ ਲੱਗਾ ਤਾਂ ਉਹ ਯਾਹੀਆਂ ਖਾਨ ਲਾਨ ਭਾਰੀ ਫੌਜ ਲੈ ਕੇ ਹਮਲਾ ਕਰਨ ਲਈ ਛੰਭ ਕੋਲ ਪਹੁੰਚ ਗਿਆ। ਇਸ ਹਮਲੇ ਵਿਚ ਸ਼ਾਹੀ ਫੌਜ ਨੇ ਸਿੱਖਾਂ ਉਪਰ ਤੋਪਾਂ ਦੇ ਗੋਲਿਆਂ ਦਾ ਮੀਂਹ ਵਰਸਾ ਦਿੱਤਾ।

ਲਖਪਤ ਦੇ ਘਟੀਆ ਹਥਕੰਡੇ

ਸਿੱਖਾਂ ਨੇ ਯਹੀਆ ਖਾਨ ਅਤੇ ਲਖਪਤ ਰਾਏ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਲੜਾਈ ਦਾ ਇਹ ਸਿਲਸਲਾ ਕਈ ਦਿਨਾਂ ਤੱਕ ਚੱਲਦਾ ਰਿਹਾ। ਇਸ ਸਮੇਂ ਦੌਰਾਨ ਸਿੱਖਾਂ ਦਾ ਰਸਦ ਪਾਣੀ ਖ਼ਤਮ ਹੋ ਗਿਆ ਅਤੇ ਸਿੰਘ ਭੁੱਖਣ-ਭਾਣੇ ਲੜਦੇ ਰਹੇ।

ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਜੰਮੂ ਕਸ਼ਮੀਰ ਭੇਜਿਆ ਜਾਣ ਵਾਲਾ ਰਾਸ਼ਨ ਜਾਣ ਬੁੱਝ ਕੇ ਉਸ ਰਸਤੇ ਭੇਜ ਦਿੱਤਾ ਅਤੇ ਨਾਲ ਹੀ ਉਸ ਰਾਸ਼ਨ ਨੂੰ ਲੁੱਟ ਲੈਣ ਦਾ ਸੰਦੇਸ਼ (ਗੁਪਤਚਰ ਰਾਹੀਂ) ਭੇਜ ਦਿੱਤਾ। ਸਿੱਖਾਂ ਨੇ ਇਸੇ ਤਰ੍ਹਾਂ ਹੀ ਕੀਤਾ। ਕੌੜਾ ਮੱਲ ਦੀ ਇਸ ਹਮਦਰਦੀ ਨਾਲ ਖ਼ਾਲਸਾ ਫੌਜ ਨੂੰ ਕੁਝ ਰਾਹਤ ਮਹਿਸੂਸ ਹੋਈ ਅਤੇ ਉਹ ਦੀਵਾਨ ਸਾਹਿਬ ਦੀ ਰਿਣੀ ਹੋ ਗਈ।

ਇਸ ਪਰਉਪਕਾਰ ਬਦਲੇ ਸਿੱਖ ਇਤਿਹਾਸ ਦੀਵਾਨ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਸਤਿਕਾਰਦਾ ਆ ਰਿਹਾ ਹੈ। ਇਹ ਲੜਾਈ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਦੀ ਰਹੀ ਜਿਸ ਕੌੜਾ ਮੱਲ ਵਾਲਾ ਰਾਸ਼ਣ ਅਤੇ ਗੋਲੀ-ਸਿੱਕਾ ਖ਼ਤਮ ਹੋਣ ਲੱਗਾ।

ਇਸ ਘਮਸਾਨ ਦੀ ਲੜਾਈ ਵਿਚ ਲਖਪਤ ਰਾਏ ਦਾ ਕਾਫੀ ਨੁਕਸਾਨ ਹੋਇਆ। ਉਸ ਦਾ ਪੁੱਤਰ ਹਰਭਜ ਰਾਏ, ਯਹੀਆ ਖਾਨ ਦਾ ਪੁੱਤਰ ਨਾਹਰ ਖਾਨ ਅਤੇ ਫ਼ੌਜਦਾਰ ਕਰਮ ਬਖਸ਼ ਸਿੱਖਾਂ ਹੱਥੋਂ ਮਾਰੇ ਗਏ। ਭਰਾ ਦੀ ਮੌਤ ਤੋਂ ਬਾਅਦ ਪੁੱਤਰ ਦੀ ਮੌਤ ਉਸ ਲਈ ਹੋਰ ਵੀ ਅਸਹਿ ਸਾਬਤ ਹੋਣ ਲੱਗੀ। ਗੁੱਸੇ ਵਿਚ ਆ ਕੇ ਉਸ ਨੇ ਛੰਭ ਦਾ ਘੇਰਾ ਹੋਰ ਸਖ਼ਤ ਕਰ ਦਿੱਤਾ। ਲਗਾਤਾਰ ਸਰਕਾਰੀ ਸਹਾਇਤਾ ਅਤੇ ਗੋਲੀ ਸਿੱਕਾ ਮਿਲਣ ਕਰ ਕੇ ਉਸ ਦਾ ਪੱਲੜਾ ਭਾਰੀ ਹੋਣ ਲੱਗਾ।

ਗੁੱਸੇ ਵਿਚ ਪਾਗਲ ਹੋਇਆ ਲਖਪਤ ਰਾਏ ਹੋਛੇ ਹਥਕੰਡੇ ਵਰਤਣ ਲੱਗਾ। ਉਸ ਨੇ ਜੰਗਲ ਦੇ ਦਰਖ਼ਤ ਕਟਵਾ ਕੇ ਉਸ ਦੇ ਚਾਰੇ ਪਾਸੇ ਅੱਗ ਲਗਵਾ ਦਿੱਤੀ। ਉਸ ਦੀ ਇਸ ਕਰਤੂਤ ਨੇ ਸਿੱਖਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ। ਇੱਕ ਜੇਠ-ਹਾੜ ਦੀ ਤਪਸ਼, ਦੂਜਾ ਜੰਗਲ ਦੀ ਅੱਗ, ਤੀਜੇ ਗੁਰੂ ਘਰ ਦੇ ਵਿਰੋਧੀ ਪਹਾੜੀ ਰਾਜੇ ਅਤੇ ਚੌਥਾ ਚੜ੍ਹਦੇ ਪਾਸੇ ਵੱਲ ਸ਼ੂਕਦਾ ਦਰਿਆ ਬਿਆਸ। ਅਜਿਹੀ ਸੂਰਤ ਵਿਚ ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਇੱਕ ਮਤਾ ਪਾਸ ਕੀਤਾ। ਇਸ ਮਤੇ ਰਾਹੀਂ ਦੁਸ਼ਮਣ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕੀਤਾ ਗਿਆ। ਫ਼ੈਸਲੇ ਮੁਤਾਬਕ ਸਿੱਖਾਂ ਨੇ ਚੜ੍ਹਦੀਕਲਾ ਦੇ ਜੈਕਾਰੇ ਛੱਡੇ ਅਤੇ ਵੈਰੀਆਂ ਖ਼ਿਲਾਫ਼ ਜੂਝ ਪਏ। ਇਸ ਘੱਲੂਘਾਰੇ ਵਿਚ ਅਨੇਕਾਂ ਸਿੱਖ ਸ਼ਹੀਦ ਹੋ ਗਏ ਅਤੇ ਵੱਡੀ ਗਿਣਤੀ ਜ਼ਖ਼ਮੀ। ਜੱਦੋਜਹਿਦ ਕਰਦਿਆਂ ਕੁੱਝ ਸਿੱਖਾਂ ਨੇ ਦਰਿਆ ਬਿਆਸ ਵਿਚ ਛਾਲਾਂ ਮਾਰ ਦਿੱਤੀਆਂ। ਇਨਾਂ ’ਚੋਂ ਕੁੱਝ ਰੁੜ੍ਹ ਗਏ ਅਤੇ ਕੁੱਝ ਪਹਾੜਾਂ ਵੱਲ ਨੂੰ ਹੋ ਤੁਰੇ।

ਕਿੰਨੇ ਸਿੰਘ ਸ਼ਹੀਦ ਹੋ ਗਏ 

ਕਈ ਸਿੱਖਾਂ ਨੂੰ ਮੁਗਲਾਂ ਨੇ ਕੈਦੀ ਬਣਾ ਲਿਆ ਅਤੇ ਲਾਹੌਰ ਸ਼ਹਿਰ ਦੇ ਨਾਖਾਸ ਚੌਕ ਵਿਚ ਬੜੇ ਵਹਿਸ਼ੀ ਢੰਗ ਨਾਲ ਸ਼ਹੀਦ ਕਰ ਦਿੱਤਾ। ਇਸ ਘੱਲੂਘਾਰੇ ਵਿਚ 7000 ਦੇ ਕਰੀਬ ਸਿੱਖ ਸ਼ਹੀਦ ਹੋਏ ਅਤੇ 3000 ਸਿੱਖਾਂ ਨੂੰ ਕੈਦੀ ਬਣਾਇਆ ਗਿਆ। ਕੁੱਝ ਇਤਿਹਾਸਕਾਰਾਂ ਮੁਤਾਬਕ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਗਿਣਤੀ 11,000 ਅਤੇ ਕੈਦ ਕੀਤਿਆਂ ਦੀ 2000 ਹੈ।

ਇਸ ਘੱਲੂਘਾਰੇ ਵਿਚ ਭਾਵੇਂ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਪਰ ਦੀਵਾਨ ਲਖਪਤ ਰਾਏ ਦਾ ਸਿੱਖੀ ਨੂੰ ਖ਼ਤਮ ਕਰਨ ਦਾ ਅਧੂਰਾ ਹੀ ਰਹਿ ਗਿਆ। ਇੱਕ ਛਿਮਾਹੀ ਪਿੱਛੋਂ ਸਿੱਖ ਦੁਬਾਰਾ ਅੰਮ੍ਰਿਤਸਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ 30 ਮਾਰਚ 1747 ਈ. ਨੂੰ ਸਰਬੱਤ ਖ਼ਾਲਸਾ ਬੁਲਾ ਕੇ ਅੰਮ੍ਰਿਤਸਰ ਵਿਚ ਪੱਕੀ ਠਹਿਰ ਬਣਾਉਣ ਦਾ ਗੁਰਮਤਾ ਪਾਸ ਕਰ ਦਿੱਤਾ। ਇਸ ਗੁਰਮਤੇ ਮੁਤਾਬਕ ਹੀ ਰਾਮ ਰੌਣੀ ਦੇ ਕਿਲ੍ਹੇ ਦੀ ਉਸਾਰੀ ਆਰੰਭ ਕੀਤੀ ਗਈ ਸੀ।