
ਖੋਜ ਦੱਸਦੀ ਹੈ ਕਿ ਜਦੋਂ ਅਸੀਂ ਵੱਧ ਮਿੱਠੇ ਵਾਲਾ ਖਾਣਾ ਖਾਂਦੇ ਹਾਂ, ਤਾਂ ਇਸ ਨਾਲ ਸਾਡੇ ਖੂਨ ਵਿੱਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਜਾਂਦਾ ਹੈ।
ਹਾਲਾਂਕਿ ਖਾਣ ਤੋਂ ਬਾਅਦ ਇਹ ਇੱਕ ਆਮ ਪ੍ਰਕਿਰਿਆ ਹੈ, ਪਰ ਜੇ ਇਹ ਬਹੁਤ ਵਾਰ ਹੁੰਦਾ ਹੈ, ਤਾਂ ਅਸੀਂ ਇੰਸੁਲਿਨ ਪ੍ਰਤੀ ਰੋਧੀ ਹੋ ਸਕਦੇ ਹਾਂ ਅਤੇ ਟਾਈਪ 2 ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ।
ਵੱਧ ਮਿੱਠੇ ਜਾਂ ਖੰਡ ਵਾਲੇ ਆਹਾਰ ਦਾ ਸਬੰਧ ਦੰਦਾਂ ਵਿੱਚ ਸੜਨ, ਸੋਜਸ਼, ਮੋਟਾਪੇ, ਐਲਜ਼ਾਈਮਰ ਅਤੇ ਕੈਂਸਰ ਨਾਲ ਵੀ ਹੈ।
ਮਾਹਰ ਕਹਿੰਦੇ ਹਨ, “ਡਾਇਬਟੀਜ਼ ਵਰਗੀਆਂ ਆਹਾਰ ਨਾਲ ਜੁੜੀਆਂ ਬਿਮਾਰੀਆਂ ਹੁਣ ਸ਼ਰਾਬ ਅਤੇ ਅਫੀਮ ਨਾਲੋਂ ਵੀ ਵੱਧ ਲੋਕਾਂ ਦੀ ਜਾਨ ਲੈ ਰਹੀਆਂ ਹਨ, ਅਤੇ [ਗੈਰ-ਸਿਹਤਮੰਦ ਖਾਣਾ] ਦੁਨੀਆ ਦਾ ਸਭ ਤੋਂ ਜਾਨਲੇਵਾ ਪਦਾਰਥ ਬਣਨ ਦੀ ਦੌੜ ਵਿੱਚ ਤੰਬਾਕੂ ਨੂੰ ਵੀ ਟੱਕਰ ਦੇ ਰਿਹਾ ਹੈ।”
ਉਦਾਹਰਣ ਲਈ, ਇਹ ਪਾਇਆ ਗਿਆ ਹੈ ਕਿ ਮਿੱਠਾ ਲੀਵਰ ਵਿੱਚ ਫੈਟ ਵਧਾਉਂਦੀ ਹੈ। ਇੱਕ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਵਿੱਚ, ਜਿਨ੍ਹਾਂ ਲੋਕਾਂ ਨੇ ਕਈ ਹਫ਼ਤਿਆਂ ਤੱਕ ਵੱਧ ਮਿੱਠੇ ਵਾਲੇ ਪੇਅ ਪਦਾਰਥ ਪੀਤੇ, ਉਨ੍ਹਾਂ ਦੇ ਲੀਵਰ ਵਿੱਚ ਫੈਟ ਦੀ ਮਾਤਰਾ ਲਗਭਗ ਦੁੱਗਣੀ ਪਾਈ ਗਈ, ਭਾਵੇਂ ਉਨ੍ਹਾਂ ਨੇ ਕੁੱਲ ਮਿਲਾਕੇ ਓਨੀ ਹੀ ਕੈਲੋਰੀ ਲਈ ਹੋਵੇ।
ਰੋਬਰਟ ਲਸਟਿੰਗ, ਜੋ ਇਸ ਟ੍ਰਾਇਲ ਦੇ ਸਹਿ-ਲੇਖਕ ਅਤੇ ਮਿੱਠੇ ਦੇ ਨੁਕਸਾਨ ਦੱਸਣ ਬਾਰੇ ਇੱਕ ਮਸ਼ਹੂਰ ਮਾਹਿਰ ਹਨ, ਦੱਸਦੇ ਹਨ ਕਿ ਫ੍ਰਕਟੋਜ਼ – ਜਿਵੇਂ ਕਿ ਕਾਰਨ (ਮੱਕੀ) ਸਿਰਪ ਵਿੱਚ ਮਿਲਦਾ ਹੈ – ਮਾਈਟੋਕੌਂਡਰੀਆ ਲਈ ਜ਼ਹਿਰੀਲਾ ਹੁੰਦਾ ਹੈ। ਮਾਈਟੋਕੌਂਡਰੀਆ ਉਹ ਸੈੱਲੂਲਰ ਮਸ਼ੀਨਰੀ ਹੈ ਜੋ ਸਾਡੇ ਸਰੀਰ ਨੂੰ ਚਲਾਉਂਦੀ ਹੈ।
ਉਹ ਕਹਿੰਦੇ ਹਨ, “ਇਹ ਅਸਲ ਵਿੱਚ ਮਾਈਟੋਕੌਂਡਰੀਆ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਊਰਜਾ ਦੇ ਖਰਚ ਨੂੰ ਘੱਟ ਕਰ ਦਿੰਦਾ ਹੈ, ਇਸ ਲਈ ਤੁਹਾਨੂੰ ਨਵੇਂ ਮਾਈਟੋਕੌਂਡਰੀਆ ਬਣਾਉਣੇ ਪੈਂਦੇ ਹਨ।”
ਉਨ੍ਹਾਂ ਮੈਨੂੰ ਦੱਸਿਆ ਕਿ ਇਸ ਕਰਕੇ ਤੁਹਾਨੂੰ ਸਿਹਤ ਠੀਕ ਨਹੀਂ ਲੱਗ ਸਕਦੀ, ਥੱਕੇ ਹੋਏ, ਸੁਸਤ ਅਤੇ ਚਿੜਚਿੜਾ ਮਹਿਸੂਸ ਕਰ ਸਕਦੇ ਹੋ ਅਤੇ ਤੁਹਾਡੇ ਦਿਮਾਗ ਵਿੱਚ ਉਲਝਣ (ਬ੍ਰੇਨ ਫੌਗ) ਵਧ ਸਕਦਾ ਹੈ।
ਮੈਂ ਨਿਸ਼ਚਿਤ ਤੌਰ ‘ਤੇ ਮਹਿਸੂਸ ਕੀਤਾ ਕਿ ਜਿਵੇਂ-ਜਿਵੇਂ ਮੈਂ ਮਿੱਠੇ ਤੋਂ ਪਰਹੇਜ਼ ਜਾਰੀ ਰੱਖਿਆ, ਦਿਨ ਭਰ ਮੇਰੀ ਊਰਜਾ ਦਾ ਪੱਧਰ ਹੋਰ ਸਥਿਰ ਬਣਿਆ ਰਿਹਾ।
ਨਵੀਂ ਰਿਸਰਚ ਤੋਂ ਇਹ ਵੀ ਸੁਝਾਅ ਮਿਲਦਾ ਹੈ ਕਿ ਵੱਧ ਮਿੱਠਾ ਖਾਣ ਵਾਲੀ ਡਾਇਟ ਦਾ ਸਬੰਧ ਵੱਧ ਮਾਨਸਿਕ ਪਰੇਸ਼ਾਨੀ ਨਾਲ ਹੁੰਦਾ ਹੈ, ਜਿਸ ਵਿੱਚ ਐਂਗਜ਼ਾਇਟੀ ਅਤੇ ਡਿਪ੍ਰੈਸ਼ਨ (ਘਬਰਾਹਟ ਅਤੇ ਤਣਾਅ) ਦੇ ਲੱਛਣ ਵੀ ਸ਼ਾਮਲ ਹਨ।
ਹਾਲਾਂਕਿ ਇਹ ਸਭ ਸੁਣ ਕੇ ਚਿੰਤਾ ਹੋ ਸਕਦੀ ਹੈ, ਪਰ ਇੱਕ ਸਿਹਤਮੰਦ ਖੁਰਾਕ ਦੇ ਹਿੱਸੇ ਵਜੋਂ ਥੋੜ੍ਹੀ ਮਾਤਰਾ ਵਿੱਚ ਮਿੱਠਾ ਖਾਣਾ ਠੀਕ ਹੈ। ਪਰ ਇਹ ਵੀ ਸਪਸ਼ਟ ਹੈ ਕਿ ਉਹ ਲੱਖਾਂ ਲੋਕ ਜੋ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਨ, ਜੇ ਉਹ ਇਸਨੂੰ ਘੱਟ ਕਰ ਦੇਣ ਤਾਂ ਉਨ੍ਹਾਂ ਦੀ ਸਿਹਤ ਨੂੰ ਬਹੁਤ ਫਾਇਦਾ ਹੋਵੇਗਾ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।

