
ਸਾਊਦੀ ਅਰਬ ’ਚ ਪਠਾਨਕੋਟ ਦੇ ਸਿੱਖ ਡਰਾਈਵਰ ਨੂੰ ਬਚਾਉਣ ਦੀ ਮੁਹਿੰਮ
ਦਿਲਜੀਤ ਦੋਸਾਂਝ ਅਤੇ ਗਰੇਟ ਖਲੀ ਨੇ ਸਰਕਾਰ ਦੇ ਦਖਲ ਦੀ ਕੀਤੀ ਮੰਗ
ਪਠਾਨਕੋਟ/ਬਿਊਰੋ ਨਿਊਜ਼
ਸਾਊਦੀ ਅਰਬ ਵਿਚ ਡਰੱਗ ਤਸਕਰੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਬਚਾਉਣ ਦੀ ਮੁਹਿੰਮ ਤੇਜ਼ ਹੋ ਗਈ ਹੈ।
ਬਲਜਿੰਦਰ ਸਿੰਘ ਦੇ ਪਰਿਵਾਰ ਵਲੋਂ ਮੱਦਦ ਦੀ ਗੁਹਾਰ ਤੋਂ ਬਾਅਦ ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ, ਭਾਰਤੀ ਰੈਸਲਰ ਗਰੇਟ ਖਲੀ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪਣੇ-ਆਪਣੇ ਪੱਧਰ ’ਤੇ ਆਵਾਜ਼ ਉਠਾਈ ਹੈ।
ਇਸਦੇ ਚੱਲਦਿਆਂ ਰੈਸਲਰ ਗਰੇਟ ਖਲੀ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਲਜਿੰਦਰ ਸਿੰਘ ਦੀ ਮੱਦਦ ਲਈ ਅੱਗੇ ਆਉਣ।
ਖਲੀ ਨੇ ਇਲਜ਼ਾਮ ਲਗਾਇਆ ਕਿ ਬਲਜਿੰਦਰ ਸਿੰਘ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ ਹੈ।
ਇਸੇ ਦੌਰਾਨ ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਬਲਜਿੰਦਰ ਸਿੰਘ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਵਾਪਸ ਭਾਰਤ ਲਿਆਉਣ ਵਿਚ ਮੱਦਦ ਕਰਨੀ ਚਾਹੀਦੀ ਹੈ।
ਦਿਲਜੀਤ ਦੋਸਾਂਝ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਬਲਜਿੰਦਰ ਸਿੰਘ ਦੀ ਜਿੰਨੀ ਮੱਦਦ ਹੋ ਸਕੇ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਦੇ ਪਰਿਵਾਰ ਨੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੂੰ ਵੀ ਮੱਦਦ ਲਈ ਅਪੀਲ ਕੀਤੀ ਸੀ।






