Punjabi Lens

ਪੰਜਾਬ ‘ਚ ਡਰੱਗਜ਼ ਖ਼ਤਮ ਨਹੀਂ ਹੋਏ, ਮੰਨ ਗਏ ‘ਆਪ’ ਆਗੂ

ਅਵਿਨਾਸ਼ ਖੰਨਾ

ਹੁਣ ‘ਆਪ’ ਦੇ ਆਗੂਆਂ ਨੇ ਵੀ ਮੰਨਿਆ ਲਿਆ ਸਰਕਾਰ ਨਸ਼ੇ ਖ਼ਤਮ ਕਰਨ ਵਿੱਚ ਨਾਕਾਮ ਰਹੀ:  ਖੰਨਾ

ਜਲੰਧਰ, 18 ਅਕਤੂਬਰ ( ਬਿਊਰੋ ਨਿਊਜ਼ )- ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ (‘ਆਪ’) ਦੇ ਆਗੂਆਂ ਨੇ ਵੀ ਮੰਨ ਲਿਆ ਹੈ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਜਾਰੀ ਬਿਆਨ ਮੁਤਾਬਕ ਅਵਿਨਾਸ਼ ਖੰਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ‘ਆਪ’ ਨਾਲ ਜੁੜੇ ਨਸ਼ਾ ਮੁਕਤੀ ਮੋਰਚੇ ਦੇ ਅਹੁਦੇਦਾਰਾਂ, ਬਲਾਕ ਪ੍ਰਧਾਨਾਂ ਸਮੇਤ 33 ਪ੍ਰਮੁੱਖ ਆਗੂਆਂ ਵੱਲੋਂ ਅਸਤੀਫ਼ੇ ਦੇਣਾ ਇਸ ਗੱਲ ਦਾ ਸਬੂਤ ਹੈ। ਅਸਤੀਫ਼ਾ ਦੇਣ ਵਾਲੇ ਆਗੂਆਂ ਨੇ ਖ਼ੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਬਾਅਦ ਕਹਿਣ ਲਈ ਹੋਰ ਕੁਝ ਨਹੀਂ ਬਚਦਾ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੇ ਆਗੂ ਹੁਣ ਡੁੱਬਦੇ ਬੇੜੇ ਨੂੰ ਛੱਡ ਕੇ ਜਾਣ ਲੱਗ ਪਏ ਹਨ।

ਪਰਵਿੰਦਰ ਝੋਟਾ ਦੀ ਲੜਾਈ ਠੰਢੀ ਨਹੀਂ ਪਵੇਗੀ 

ਅਵਿਨਾਸ਼ ਖੰਨਾ  ਨੇ ਕਿਹਾ ਕਿ ਜਿਸ ਮੋਰਚੇ ਨੂੰ ਸਰਕਾਰ ਨੇ ਨਸ਼ਿਆਂ ਵਿਰੁੱਧ ਆਪਣਾ ਸਭ ਤੋਂ ਵੱਡਾ ਹਥਿਆਰ ਦੱਸਿਆ ਸੀ, ਉਸੇ ਮੋਰਚੇ ਦੇ ਵਰਕਰ ਅੱਜ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਨਿਰਾਸ਼ ਹੋ ਕੇ ਆਪਣੇ ਅਹੁਦੇ ਛੱਡ ਰਹੇ ਹਨ। ਇਹ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਵੀ ਸੂਬਾ ਸਰਕਾਰ ਨੂੰ ਘੇਰਦਿਆਂ ਖੰਨਾ ਨੇ ਕਿਹਾ, ਭਾਜਪਾ ਇਸ ਇਨਸਾਫ਼ ਦੀ ਲੜਾਈ ਨੂੰ ਠੰਢਾ ਨਹੀਂ ਪੈਣ ਦੇਵੇਗੀ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਆਪਣੀ ਮੰਗ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।

ਆਪ ਦੇ 33 ਆਗੂਆਂ ਨੇ ਛੱਡੀ ਪਾਰਟੀ 

ਜ਼ਿਕਰਯੋਗ ਹੈ ਕਿ ਸ਼ੁਤਰਾਣਾ ਹਲਕੇ ਵਿੱਚ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਵਿੱਕੀ, ਬਲਾਕ ਪ੍ਰਧਾਨ ਕੇ.ਪੀ. ਸ਼ਰਮਾ, ਘੱਗਾ ਬਲਾਕ ਪ੍ਰਧਾਨ ਸ਼ਕਤੀ ਗੋਇਲ, ਹਰਿਆਊ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਅਤੇ ਕੋਆਰਡੀਨੇਟਰ ਨੰਦ ਲਾਲ ਘੱਗਾ ਸਮੇਤ 25 ਬਲਾਕ ਪ੍ਰਧਾਨਾਂ ਸਣੇ 33 ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਵਿੱਚ ਸੂਬਾ ਸਰਕਾਰ ਅਸਫ਼ਲ ਰਹੀ ਹੈ।

Leave a Comment

Your email address will not be published. Required fields are marked *

Scroll to Top