
ਅਪਰਾਧੀਆਂ ਦੇ ਮਨਾਂ ਨੂੰ ਸ਼ਾਂਤ ਕਰਨ ਅਤੇ ਸੁਧਾਰਨ ਲਈ ਥਾਣਿਆਂ ਦੇ ਬਾਹਰ ਲਗਾਏ ਸਪੀਕਰ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਪੁਲਿਸ ਹਵਾਲਾਤਾਂ ਦੀ ਉਸ ਸੁੰਨਸਾਨ ਖਾਮੋਸ਼ੀ ਵਿਚ, ਜਿੱਥੇ ਲੋਹੇ ਦੀਆਂ ਸਲਾਖਾਂ ਪਿੱਛੇ ਅਕਸਰ ਇੰਤਜ਼ਾਰ ਅਤੇ ਪਛਤਾਵੇ ਦਾ ਬੋਝ ਗੂੰਜਦਾ ਹੈ, ਉਥੇ ਹੁਣ ਇਕ ਵੱਖਰੀ ਆਵਾਜ਼ ਸੁਣਾਈ ਦੇਵੇਗੀ।
ਖੰਨਾ ਪੁਲਿਸ ਜ਼ਿਲ੍ਹੇ ਦੀਆਂ ਹਵਾਲਾਤਾਂ ਵਿਚ ਬੰਦ ਵਿਅਕਤੀਆਂ ਦੇ ਮਨਾਂ ਨੂੰ ਸ਼ਾਂਤੀ ਦੇਣ ਲਈ ਹੁਣ ਰੂਹਾਨੀ ਤੇ ਆਤਮ ਚਿੰਤਨ ਵਾਲੀਆਂ ਧੁਨਾਂ ਦੀਆਂ ਸੁਰਾਂ ਗੂੰਜ ਰਹੀਆਂ ਹਨ।
ਪੰਜਾਬ ਵਿਚ ‘ਸਾਊਂਡ ਆਫ ਹੋਪ’ ਨਾਮ ਦੀ ਆਪਣੀ ਤਰ੍ਹਾਂ ਦੀ ਇਸ ਪਹਿਲੀ ਵਿਲੱਖਣ ਪਹਿਲਕਦਮੀ ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ ਦੀਆਂ ਸਾਰੀਆਂ ਹਵਾਲਾਤਾਂ ਦੇ ਬਾਹਰ ਸਪੀਕਰ ਲਗਾਏ ਹਨ।
ਇਨ੍ਹਾਂ ਰਾਹੀਂ ਧਾਰਮਿਕ ਭਜਨ, ਸ਼ਬਦ ਅਤੇ ਧੁਨਾਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਲਈ ਇਕ ਸੁਖਾਵਾਂ ਮਾਹੌਲ ਬਣ ਸਕੇ।
ਇਸ ਪਹਿਲ ਦਾ ਮੁੱਖ ਮਕਸਦ ਇਨਸਾਨੀਅਤ ਭਰੀ ਪੁਲੀਸਿੰਗ, ਆਤਮ-ਚਿੰਤਨ ਅਤੇ ਸੁਧਾਰ ’ਤੇ ਧਿਆਨ ਕੇਂਦਰਿਤ ਕਰਨਾ ਹੈ।
ਇਸ ਪਹਿਲਕਦਮੀ ਦੀ ਸ਼ੁਰੂਆਤ ਕਰਨ ਵਾਲੇ ਖੰਨਾ ਦੇ ਐਸ.ਐਸ.ਪੀ. ਡਾ. ਦਰਪਨ ਆਹਲੂਵਾਲੀਆ ਨੇ ਮੀਡੀਆ ਨੂੰ ਦੱਸਿਆ ਕਿ ਖੰਨਾ ਦੇ 8 ਪੁਲਿਸ ਥਾਣਿਆਂ ਅਤੇ ਇਕ ਸੀ.ਆਈ.ਏ. ਯੂਨਿਟ ਸਣੇ ਕੁੱਲ 9 ਹਵਾਲਾਤਾਂ ਦੇ ਬਾਹਰ ਇਹ ਸਪੀਕਰ ਲਗਾਏ ਗਏ ਹਨ।







