punjabilens.com

ਦਿੱਲੀ ‘ਸ਼ੀਸ਼ ਮਹਿਲ’ ਬਣੇਗਾ ਗੈਸਟ ਹਾਊਸ

ਕੇਜਰੀਵਾਲ ਦਾ ਸ਼ੀਸ਼ ਮਹਿਲ

ਅਰਵਿੰਦ ਕੇਜਰੀਵਾਲ ਦੀ ਪਹਿਲਾਂ ਵਾਲੀ ਰਿਹਾਇਸ਼ ਨੂੰ ਨਵਾਂ ਰੂਪ ਦੇਣ ਦੀ ਤਿਆਰੀ


ਨਵੀਂ ਦਿੱਲੀ/ਬਿਊਰੋ ਨਿਊਜ਼  
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਹਿਲਾਂ ਵਾਲੀ ਰਿਹਾਇਸ਼ ਨੂੰ ਭਾਜਪਾ ਵਲੋਂ ਸਿਆਸੀ ਵਿਰੋਧ ਦੌਰਾਨ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਗਿਆ ਸੀ।

ਇਸ ਨੂੰ ਹੁਣ ਜਲਦ ਹੀ ਸਰਕਾਰ ਦੇ ਗੈਸਟ ਹਾਊਸ ਵਿਚ ਤਬਦੀਲ ਕੀਤਾ ਜਾ ਸਕਦਾ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਸਰਕਾਰ ਸਿਵਲ ਲਾਈਨਜ਼ ਦੇ ਫਲੈਗ ਸਟਾਫ ਰੋਡ ਸਥਿਤ ਬੰਗਲਾ ਨੰਬਰ 6 ਨੂੰ ਬਾਹਰੋਂ ਆਉਣ ਵਾਲੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਰਹਿਣ ਲਈ ਇਕ ਗੈਸਟ ਹਾਊਸ ਵਿਚ ਬਦਲਣ ਦੀ ਤਜਵੀਜ਼ ’ਤੇ ਵਿਚਾਰ ਕਰ ਰਹੀ ਹੈ।

ਇਸ ਸਬੰਧੀ ਇਕ ਮਤਾ ਉਚ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਭੇਜਿਆ ਗਿਆ ਹੈ।

ਜੇਕਰ ਇਸ ਨੂੰ ਮਨਜੂਰੀ ਮਿਲ ਜਾਂਦੀ ਹੈ ਤਾਂ ਇਸ ਬੰਗਲੇ ਵਿਚ ਪਾਰਕਿੰਗ ਏਰੀਆ, ਵੇਟਿੰਗ ਹਾਲ ਅਤੇ ਇਕ ਸਰਕਾਰੀ ਗੈਸਟ ਹਾਊਸ ਲਈ ਲੋੜੀਂਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੰਗਲਾ ਦੂਜੇ ਸਰਕਾਰੀ ਗੈਸਟ ਹਾਊਸਾਂ ਵਾਂਗ ਹੀ ਕੰਮ ਕਰੇਗਾ, ਜਿੱਥੇ ਬਾਹਰੋਂ ਆਉਣ ਵਾਲੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਨਿਰਧਾਰਤ ਫੀਸ ਦੇ ਭੁਗਤਾਨ ’ਤੇ ਰਿਹਾਇਸ਼ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਅਤੇ ਇਸ ਰਿਹਾਇਸ਼ ਨੂੰ ਖਾਲੀ ਕਰਨ ਤੋਂ ਬਾਅਦ ਇਹ ਬੰਗਲਾ ਲਗਾਤਾਰ ਖਾਲੀ ਪਿਆ ਹੈ।  

Leave a Comment

Your email address will not be published. Required fields are marked *