Punjabi Lens

ਤੇਲ ਕੀਮਤਾਂ ’ਚ ਮੁੜ ਵਾਧਾ – ਦੋ ਹਫਤਿਆਂ ’ਚ ਚੌਥੀ ਵਾਰ ਵਧੀਆਂ ਕੀਮਤਾਂ

ਤੇਲ ਕੀਮਤਾਂ

ਦਿੱਲੀ ’ਚ ਪੈਟਰੋਲ 102 ਰੁਪਏ ਦੇ ਪਾਰ – ਆਮ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਨੂੰ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ, ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2 ਰੁਪਏ 61 ਪੈਸੇ ਰੁਪਏ ਤੋਂ ਲੈ ਕੇ 2 ਰੁਪਏ 71 ਪੈਸੇ ਪ੍ਰਤੀ ਲੀਟਰ ਤੱਕ ਦਾ ਭਾਰੀ ਵਾਧਾ ਕਰ ਦਿੱਤਾ।

ਲੰਘੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਅੰਦਰ ਤੇਲ ਦੀਆਂ ਕੀਮਤਾਂ ਵਿਚ ਇਹ ਚੌਥਾ ਵੱਡਾ ਵਾਧਾ ਹੈ। ਤੇਲ ਕੰਪਨੀਆਂ ਵਲੋਂ ਕੌਮਾਂਤਰੀ ਬਜ਼ਾਰ ਵਿਚ ਵਧ ਰਹੀਆਂ ਕੀਮਤਾਂ ਦਾ ਬੋਝ ਸਿੱਧਾ ਉਪਭੋਗਤਾਵਾਂ ਦੀਆਂ ਜੇਬ੍ਹਾਂ ’ਤੇ ਪਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਦੀ ਖੜੋਤ ਤੋਂ ਬਾਅਦ ਲੰਘੀ 15 ਮਈ ਤੋਂ ਸ਼ੁਰੂ ਹੋਇਆ ਤੇਲ ਕੀਮਤਾਂ ਵਿਚ ਵਾਧੇ ਦਾ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਉਦੋਂ ਤੋਂ ਲੈ ਕੇ ਹੁਣ ਤੱਕ, ਮਹਿਜ ਕੁਝ ਦਿਨਾਂ ਦੇ ਅੰਦਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸਮੂਹਿਕ ਤੌਰ ’ਤੇ ਕਰੀਬ ਸਾਢੇ 7 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਇਸਦੇ ਚੱਲਦਿਆਂ ਦਿੱਲੀ ਵਿਚ ਪੈਟਰੋਲ 102 ਰੁਪਏ ਪ੍ਰਤੀ ਲੀਟਰ ਤੋਂ ਵੀ ਪਾਰ ਹੋ ਗਿਆ ਹੈ।

 ਹਰਪਾਲ ਸਿੰਘ ਚੀਮਾ ਨੇ ਤੇਲ ਦੀ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਭਾਰਤ ਵਿਚ ਲਗਾਤਾਰ ਵਧ ਰਹੀ ਰਹੀਆਂ ਤੇਲ ਦੀਆਂ ਕੀਮਤਾਂ ਦੇ ਚੱਲਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਹੈ। ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਬਹੁਤ ਹੋਈ ਮਹਿੰਗਾਈ ਦੀ ਮਾਰ, ਹੁਣ ਤਾਂ ਬੱਸ ਕਰੋ ਮੋਦੀ ਸਾਹਬ’’। ਉਨ੍ਹਾਂ ਨੇ ਭਾਜਪਾ ਨੂੰ ਕਿਸਾਨਾਂ, ਆਮ ਲੋਕਾਂ, ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਵਿਰੋਧੀ ਪਾਰਟੀ ਗਰਦਾਨਦਿਆਂ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਜਨਤਾ ਨੂੰ ਹੋ ਰਹੀਆਂ ਮੁਸ਼ਕਲਾਂ ਪ੍ਰਤੀ ਪੂਰੀ ਤਰ੍ਹਾਂ ਬੇਫਿਕਰ ਹਨ। ਵਿੱਤੀ ਚੀਮਾ ਨੇ ਕਿਹਾ ਕਿ ਦੋ ਹਫਤਿਆਂ ਵਿਚ ਚੌਥੀ ਵਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਜੋ ਆਮ ਜਨਤਾ ਲਈ ਫਿਕਰ ਵਾਲੀ ਗੱਲ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ‘ਟੌਫੀਆਂ’ ਵੰਡਣੀਆਂ ਬੰਦ ਕਰਕੇ ਦੇਸ਼ ਦੇ ਅੰਦਰੂਨੀ ਮੁੱਦਿਆਂ ਅਤੇ ਪਟੜੀ ਤੋਂ ਉਤਰ ਰਹੀ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵੱਲ ਧਿਆਨ ਦੇਣ।

Leave a Comment

Your email address will not be published. Required fields are marked *

Scroll to Top