punjabilens.com

ਜਨਰਲ ਸੁਬੇਗ ਸਿੰਘ: ਭਾਰਤ ਲ਼ਈ ਵੀ ਲੜਿਆ ਤੇ ਭਾਰਤ ਖਿਲਾਫ਼ ਵੀ

ਸੁਬੇਗ ਸਿੰਘ

ਦੂਜੀ ਵਿਸ਼ਵ ਜੰਗ ਤੋਂ ਲੈ ਕੇ ਅਜ਼ਾਦ ਭਾਰਤ ਦੀ ਹਰ ਫੌਜੀ ਮੁਹਿੰਮ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਪਰ ਭਾਰਤੀ ਫੌਜ ਵਿੱਚ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇੱਜ਼ਤ ਕਰ ਕੇ ਰਵਾਨਾ ਕੀਤਾ ਗਿਆ, ਉਸ ਨੇ ਇਸ ਫੌਜੀ ਜਰਨੈਲ ਦੇ ਮਨ ਵਿੱਚ ਗੁੱਸਾ ਅਤੇ ਰੋਹ ਭਰ ਦਿੱਤਾ ਸੀ। ਮੈਂ ਗੱਲ ਕਰ ਰਿਹਾ ਹਾਂ ਮੇਜਰ ਜਨਰਲ ਸੁਬੇਗ ਸਿੰਘ ਦੀ।

ਜਿਨ੍ਹਾਂ ਭਾਰਤ ਲਈ ਵੀ ਲੜਾਈ ਲੜੀ ਸੀ ਅਤੇ ਭਾਰਤ ਦੇ ਖਿਲਾਫ ਵੀ ਲੜਾਈ ਲੜੀ।

ਇਹ ਜਨਰਲ ਸੁਬੇਗ ਸਿੰਘ ਹੀ ਸਨ, ਜਿਨ੍ਹਾਂ ਜੂਨ 1984 ਵਿੱਚ ਭਾਰਤੀ ਫੌਜ ਦੇ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ ਮੋਰਚਾਬੰਦੀ ਕੀਤੀ ਅਤੇ ਭਾਰਤੀ ਫੌਜ ਨੂੰ 200 ਸਾਥੀ ਸਿੰਘਾਂ ਨਾਲ ਕਰਾਰੀ ਟੱਕਰ ਦਿੱਤੀ।

ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਜਦੋਂ ਲੋਕ ਲੰਬੇ ਚਿੱਟੇ ਪ੍ਰਕਾਸ਼ ਕੀਤੇ ਦਾਹੜੇ ਅਤੇ ਪੋਚਵੀਂ ਪੱਗ ਵਾਲੇ ਜਨਰਲ ਸੁਬੇਗ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਾਲ ਲੋਕੀਂ ਦੇਖਦੇ ਸਨ ਤਾਂ ਕਈ ਤਾਂ ਉਨ੍ਹਾਂ ਦੇ ਗ੍ਰੰਥੀ ਹੋਰ ਦਾ ਭੁਲੇਖਾ ਖਾ ਜਾਂਦੇ ਸਨ।

7 ਭਾਸ਼ਾਵਾਂ ਦੇ ਗਿਆਤਾ ਵਿਵਦਾਨ 

ਪਰ ਅਸਲ ਵਿੱਚ ਉਹ ਇੱਕ ਫੌਜੀ ਜਰਨੈਲ ਸਨ। ਸੁਬੇਗ ਸਿੰਘ ਜਵਾਨੀ ਵਿੱਚ ਅਥਲੀਟ ਰਹੇ ਸਨ, ਉਨ੍ਹਾਂ 18 ਸਾਲ ਦੀ ਉਮਰ ਵਿੱਚ 100 ਮੀਟਰ ਦੌੜ ਵਿੱਚ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ । ਉਹ ਪੰਜਾਬੀ, ਫ਼ਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਸੱਤ ਭਾਸ਼ਾਵਾਂ ਰਵਾਨਗੀ ਨਾਲ ਬੋਲ ਲੈਂਦੇ ਸਨ। ਕਿਤਾਬਾਂ ਪੜ੍ਹਨਾ ਉਨ੍ਹਾਂ ਦਾ ਅਵੱਲਾ ਸ਼ੌਕ ਸੀ।

ਫੌਜ ਵਿੱਚ ਭਰਤੀ ਹੋਣਾ ਉਨ੍ਹਾਂ ਦਾ ਬਚਪਨ ਦਾ ਹੀ ਸੁਪਨਾ ਸੀ। ਉਨ੍ਹਾਂ ਆਪਣੇ ਫ਼ੌਜੀ ਜੀਵਨ ਵਿੱਚ ਉਨ੍ਹਾਂ ਨੇ ਭਾਰਤ ਵੱਲੋਂ ਹਰ ਲੜਾਈ ਲੜੀ ਸੀ, ਚਾਹੇ ਉਹ ਦੂਜਾ ਵਿਸ਼ਵ ਯੁੱਧ ਹੋਵੇ, 1947 ਵਿੱਚ ਪਾਕਿਸਤਾਨ ਦਾ ਹਮਲਾ ਹੋਵੇ ਜਾਂ ਫਿਰ 1962 ਦੀ ਭਾਰਤ-ਚੀਨ ਲੜਾਈ ਅਤੇ 1965 ਅਤੇ 1971 ਦੇ ਭਾਰਤ-ਪਾਕਿਸਤਾਨ ਯੁੱਧ।

ਸੁਬੇਗ ਸਿੰਘ

ਜਨਰਲ ਸੁਬੇਗ ਸਿੰਘ ਨੂੰ 1942 ਵਿੱਚ ਕਿੰਗਜ਼ ਕਮਿਸ਼ਨ ਮਿਲਿਆ ਅਤੇ ਬ੍ਰਿਟਿਸ਼ ਫੌਜ ਨਾਲ ਸਿੰਗਾਪੁਰ ਤੇ ਮਲਾਇਆ ਵਿੱਚ ਕਾਰਵਾਈ ਕੀਤੀ। 1948 ਵਿੱਚ ਕਸ਼ਮੀਰ ਵਿੱਚ ਬ੍ਰਿਗੇਡੀਅਰ ਉਸਮਾਨ ਦੇ ਸਟਾਫ਼ ਅਫ਼ਸਰ ਰਹੇ। 1962 ਵਿੱਚ ਜ਼ਖ਼ਮੀ ਫੌਜੀਆਂ ਨੂੰ ਮੋਢਿਆਂ ‘ਤੇ ਚੁੱਕ ਕੇ ਹਸਪਤਾਲ ਲੈ ਜਾਣ ਦਾ ਉਨ੍ਹਾਂ ਦਾ ਕਿੱਸਾ ਕਾਫ਼਼ੀ ਪ੍ਰੇਣਦਾਇਕ ਸੀ ਅਤੇ 1965 ਵਿੱਚ ਹਾਜੀਪੀਰ ਮੋਰਚੇ ‘ਤੇ ਸਨ।

ਫਰਜ਼ ਲਈ ਕੇਸ ਕਤਲ ਕਰਵਾਏ

1971 ਵਿੱਚੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਭਾਰਤੀ ਫ਼ੌਜ ਦੇ ਮੁਖੀ ਸੈਮ ਮਾਨੇਕ ਸ਼ਾਅ ਨੇ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ।

ਜਿੱਥੇ ਉਨ੍ਹਾਂ ਨੂੰ ਬੰਗਾਲੀ ਖਾੜਕੂਆਂ ਦੀ ਜਥੇਬੰਦੀ ਮੁਕਤੀ ਬਾਹਿਨੀ ਨੂੰ ਖੜ੍ਹੀ ਕਰਨ ਅਤੇ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਇੱਕ ਗੁਪਤ ਮਿਸ਼ਨ ਸੀ ਕਿਉਂਕਿ ਭਾਰਤ ਦੁਨੀਆ ਨੂੰ ਇਹ ਨਹੀਂ ਦਿਖਾਉਣਾ ਚਾਹੁੰਦਾ ਸੀ ਕਿ ਉਹ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਿਹਾ ਹੈ। ਅਧਿਕਾਰਿਤ ਤੌਰ ‘ਤੇ ਭਾਰਤ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਕਿ ਉਸ ਨੇ ਮੁਕਤੀ ਬਾਹਿਨੀ ਨੂੰ ਸਿਖਲਾਈ ਦਿੱਤੀ ਹੈ।

 ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਦਾ ਮੰਨਣਾ ਸੀ ਕਿ ਮੁਕਤੀ ਬਾਹਿਨੀ ਦੀ ਸਿਖਲਾਈ ਵਿੱਚ ਸੁਬੇਗ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ।

ਭਾਵੇਂ ਸਿੱਖਾਂ ਵਿਚ ਕੇਸ ਰੱਖਣੇ ਧਾਰਮਿਕ ਆਸਥਾ ਦੀ ਰਵਾਇਤ ਹੈ, ਪਰ ਕੰਮ ਦੇ ਤਕਾਜ਼ੇ ਮੁਤਾਬਕ ਸੁਬੇਗ ਸਿੰਘ ਨੇ ਆਪਣੇ ਵਾਲ ਤੱਕ ਕਟਵਾ ਦਿੱਤੇ ਸਨ।

ਮੁਕਤੀ ਬਾਹਿਨੀ ਨੂੰ ਟਰੇਨਿੰਗ ਦਿੱਤੀ

ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਡੈਲਟਾ ਸੈਕਟਰ ਵਿੱਚ ਮੱਧ ਅਤੇ ਪੂਰਬੀ ਬੰਗਲਾਦੇਸ਼ ਦੇ ਇਲਾਕੇ ਵਿੱਚ ਮੁਕਤੀ ਬਾਹਿਨੀ ਦੀ ਸਿਖਲਾਈ ਦਾ ਇੰਚਾਰਜ ਬਣਾਇਆ ਗਿਆ ਸੀ।

ਉਨ੍ਹਾਂ ਨੇ ਪਾਕਿਸਤਾਨੀ ਫੌਜ ਨੂੰ ਛੱਡ ਕੇ ਆਏ ਕਈ ਲੋਕਾਂ ਜਿਵੇਂ ਮੇਜਰ ਜ਼ਿਆ ਉਰ ਰਹਿਮਾਨ ਅਤੇ ਮੁਹੰਮਦ ਮੁਸ਼ਤਕ ਨੂੰ ਟਰੇਨ ਕੀਤਾ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਫੌਜ ਮੁਖੀ ਬਣੇ।

ਸੁਬੇਗ ਸਿੰਘ ਦੇ ਯਤਨਾਂ ਨਾਲ ਜਨਵਰੀ ਤੋਂ ਅਕਤੂਬਰ 1971 ਤੱਕ ਬੰਗਲਾਦੇਸ਼ ਵਿੱਚ ਛਾਪਾਮਾਰ ਅੰਦੋਲਨ ਇਸ ਹੱਦ ਤੱਕ ਵਧਿਆ ਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਪਾਕਿਸਤਾਨੀ ਫੌਜ ਦੀ ਵਿਰੋਧ ਕਰਨ ਦੀ ਇੱਛਾ ਸ਼ਕਤੀ ਕਰੀਬ ਕਰੀਬ ਖਤਮ ਹੋ ਗਈ ਸੀ।

ਬੰਗਲਾ ਦੇਸ਼ ਯੁੱਧ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈ ਭਾਰਤ ਸਰਕਾਰ ਨੇ ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਿਆ ਸੀ।

1971 ਦੇ ਯੁੱਧ ਤੋਂ ਬਾਅਦ ਸੁਬੇਗ ਸਿੰਘ ਨੂੰ ਜਬਲਪੁਰ ਵਿੱਚ ਪਾਕਿਸਤਾਨੀ ਫ਼ੌਜੀਆਂ ਦੇ ਯੁੱਧਬੰਦੀ ਕੈਂਪ ਦਾ ਇੰਚਾਰਜ ਬਣਾਇਆ ਗਿਆ। ਉਸੇ ਕੈਂਪ ਵਿੱਚ ਜਨਰਲ ਨਿਆਜ਼ੀ ਅਤੇ ਪਾਕਿਸਤਾਨੀ ਫ਼ੌਜ ਦੇ ਸੀਨੀਅਰ ਅਫ਼ਸਰਾਂ ਨੂੰ ਰੱਖਿਆ ਗਿਆ ਸੀ।

ਇੱਕ ਵਾਰ ਜਦੋਂ ਸੁਬੇਗ ਸਿੰਘ ਯੁੱਧਬੰਦੀ ਕੈਂਪ ਜਾ ਰਹੇ ਸਨ ਤਾਂ ਉਨ੍ਹਾਂ ਦੇ ਬੇਟੇ ਪ੍ਰਬਪਾਲ ਸਿੰਘ ਨੇ ਵੀ ਉਨ੍ਹਾਂ ਨਾਲ ਉੱਥੇ ਜਾਣ ਦੀ ਇੱਛਾ ਪ੍ਰਗਟ ਕੀਤੀ।

ਪ੍ਰਬਪਾਲ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਿਆ ਸੀ, ”ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉੱਥੇ ਪਾਕਿਸਤਾਨੀ ਫ਼ੌਜ ਦੇ ਕਈ ਵੱਡੇ ਅਫ਼ਸਰ ਬੈਠੇ ਹੋਏ ਸਨ। ਇੰਨੇ ਵਿੱਚ ਮੇਜਰ ਜਨਰਲ ਰਾਓ ਫ਼ਰਮਾਨ ਅਲੀ ਕਮਰੇ ਦੇ ਅੰਦਰ ਆਏ, ਆਉਂਦੇ ਹੀ ਉਨ੍ਹਾਂ ਨੇ ਮੇਰੇ ਪਿਤਾ ਵੱਲ ਗੌਰ ਨਾਲ ਦੇਖਿਆ। ਨਿਆਜ਼ੀ ਨੇ ਹੱਸ ਕੇ ਕਿਹਾ, ਇਸ ਬਹਿਰੂਪੀਏ ਨੂੰ ਨਹੀਂ ਪਛਾਣਿਆ?”

”ਫ਼ਰਮਾਨ ਅਲੀ ਬੋਲੇ, ”ਨਹੀਂ, ਪਰ ਲੱਗਦਾ ਹੈ ਮੈਂ ਇਨ੍ਹਾਂ ਨੂੰ ਕਿਧਰੇ ਦੇਖਿਆ ਹੋਇਆ ਹੈ।” ਫਿਰ ਮੇਰੇ ਪਿਤਾ ਜੀ ਨੇ ਆਪਣੀ ਪੱਗ ਉਤਾਰ ਦਿੱਤੀ।

ਫ਼ਰਮਾਨ ਅਲੀ ਨੇ ਕਿਹਾ, ”ਯੂ ਆਰ ਮਿਸਟਰ ਬੇਗ।” ਮੇਰੇ ਪਿਤਾ ਜੀ ਨੇ ਆਪਣੀ ਪੱਗ ਸਿਰ ਉੱਤੇ ਰੱਖ ਕੇ ਕਿਹਾ, ”ਆਈ ਐੱਮ ਜਨਰਲ ਸੁਬੇਗ ਸਿੰਘ।”

ਫਿਰ ਮੈਂ ਫ਼ਰਮਾਨ ਅਲੀ ਤੋਂ ਪੁੱਛਿਆ ਕਿ ਤੁਸੀਂ ਇਨ੍ਹਾਂ ਨਾਲ ਇਸ ਲਹਿਜੇ ਵਿੱਚ ਕਿਉਂ ਗੱਲ ਕੀਤੀ? ਉਨ੍ਹਾਂ ਨੇ ਕਿਹਾ, ”ਯੂ ਨੋ ਯੋਅਰ ਫਾਦਰ ਵਾਜ਼ ਵਾਂਟੇਡ ਡੈੱਡ ਔਰ ਅਲਾਈਵ ਫਾਰ 10 ਲੈਕ ਰੁਪੀਜ਼।”

ਮੈਂ ਇਨ੍ਹਾਂ ਉੱਪਰ ਇਨਾਮ ਰੱਖਿਆ ਹੋਇਆ ਸੀ ਕਿ ਜੋ ਇਨ੍ਹਾਂ ਨੂੰ ਜਿਉਂਦਾ ਜਾਂ ਮੁਰਦਾ ਫੜੇਗਾ, ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।

ਅਕਾਲ ਤਖ਼ਤ ਸਾਹਿਬ

ਜਨਰਲ ਸੁਬੇਗ ਸਿੰਘ ਨੌਕਰੀ ਤੋਂ ਹੋਏ ਬਰਖ਼ਾਸਤ

ਇਸ ਤੋਂ ਬਾਅਦ ਉਨ੍ਹਾਂ ਦੀ ਉੱਤਰ ਪ੍ਰਦੇਸ਼ ਵਿੱਚ ਬਰੇਲੀ ਵਿੱਚ ਤੈਨਾਤੀ ਹੋ ਗਈ ਸੀ। ਬਰੇਲੀ ਦਾ ਇਲਾਕਾ ਕਾਫ਼ੀ ਵੱਡਾ ਹੈ ਅਤੇ ਚੀਨ ਦੀ ਸੀਮਾ ਤੱਕ ਜਾਂਦਾ ਹੈ।

ਉਸ ਦੇ ਅੰਦਰ ਦੋ, ਤਿੰਨ ਟਰੇਨਿੰਗ ਸੈਂਟਰ ਆਉਂਦੇ ਹਨ। ਉੱਥੇ ਇੱਕ ਆਡਿਟ ਰਿਪੋਰਟ ਵਿੱਚ ਵਿੱਤੀ ਤਰੁੱਟੀਆਂ ਦਾ ਪਤਾ ਲੱਗਿਆ।

ਜਨਰਲ ਸੁਬੇਗ ਸਿੰਘ ਨੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਜੋ ਫੌਜ ਦੇ ਆਲ੍ਹਾ ਅਧਿਕਾਰੀਆਂ ਨੂੰ ਪਸੰਦ ਨਹੀਂ ਆਈ।

ਨਤੀਜਾ ਇਹ ਹੋਇਆ ਕਿ ਜਨਰਲ ਸੁਬੇਗ ਸਿੰਘ ਦੀ ਰਿਟਾਇਰਮੈਂਟ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਬਿਨਾਂ ਕਿਸੇ ਮੁਕੱਦਮੇ ਜਾਂ ਕੋਰਟ ਮਾਰਸ਼ਲ ਦੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਉਨ੍ਹਾਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਹੋਰ ਇਲਜ਼ਾਮ ਵੀ ਲਗਾਏ ਗਏ। ਇਹ ਦੋਸ਼ ਵੀ ਲੱਗਿਆ ਕਿ ਜਬਲਪੁਰ ਤੋਂ ਟਰਾਂਸਫਰ ਹੋਣ ‘ਤੇ ਉਨ੍ਹਾਂ ਨੇ ਭੇਟ ਵਿੱਚ ਇੱਕ ਸਿਲਵਰ ਸਾਲਵਰ ਸਵੀਕਾਰ ਕੀਤੀ ਸੀ, ਜਿਸ ਦੀ ਕੀਮਤ 2500 ਰੁਪਏ ਸੀ। ਉਨ੍ਹਾਂ ‘ਤੇ ਆਪਣਾ ਮਕਾਨ ਬਣਾਉਣ ਵਿੱਚ ਆਪਣੀ ਆਮਦਨ ਦੇ ਸਰੋਤ ਤੋਂ ਕਿਧਰੇ ਜ਼ਿਆਦਾ ਧਨ ਲਗਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ।

”ਸਰਕਾਰ ਦੇ ਇਸ ਕਦਮ ਨੇ ਜਨਰਲ ਸੁਬੇਗ ਸਿੰਘ ਨੂੰ ਬਹੁਤ ਦੁਖੀ ਅਤੇ ਸਰਕਾਰ ਵਿਰੋਧੀ ਬਣਾ ਦਿੱਤਾ।”

”ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ। ਅਦਾਲਤ ਨੇ ਉਨ੍ਹਾਂ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਗ਼ਲਤ ਪਾਇਆ, ਪਰ ਇਸ ਦੇ ਬਾਵਜੂਦ ਸਰਕਾਰ ਦੇ ਪ੍ਰਤੀ ਉਨ੍ਹਾਂ ਦੇ ਰਵੱਈਏ ਵਿੱਚ ਕੋਈ ਤਬਦੀਲੀ ਨਹੀਂ ਆਈ।”

”ਫਿਰ ਉਨ੍ਹਾਂ ਨੇ ਆਪਣੇ ਮਨ ਦੀ ਸ਼ਾਂਤੀ ਲਈ ਧਰਮ ਦਾ ਸਹਾਰਾ ਲਿਆ ਅਤੇ ਉਦੋਂ ਉਹ ਜਰਨੈਲ ਸਿੰਘ ਭਿੰਡਰਾਵਾਲੇ ਦੇ ਪ੍ਰਭਾਵ ਵਿੱਚ ਆ ਗਏ।”

ਹਰਿਮੰਦਰ ਸਾਹਿਬ ਦੀ ਮੋਰਚੇਬੰਦੀ

ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਕਹਿਣ ‘ਤੇ ਜਨਰਲ ਸੁਬੇਗ ਸਿੰਘ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਜਾ ਕੇ ਰਹਿਣ ਲੱਗੇ। ਭਿੰਡਰਾਵਾਲੇ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ।

ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਉੱਥੇ ਰਹਿ ਕੇ ਉਨ੍ਹਾਂ ਨੇ ਉਹ ਸਭ ਕੁਝ ਕੀਤਾ, ਜਿਸ ਨਾਲ ਭਾਰਤੀ ਫ਼ੌਜੀਆਂ ਦਾ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਵੜਨਾ ਮੁਸ਼ਕਿਲ ਤੋਂ ਮੁਸ਼ਕਿਲ ਬਣਾ ਦਿੱਤਾ ਜਾਵੇ।

ਫੌਜੀ ਮਾਮਲਿਆਂ ਦੇ ਜਾਣਕਾਰ ਸੁਬੇਗ ਸਿੰਘ ਗੁਰੀਲਾ ਟੈਕਟਿਕਸ ਦੇ ਹੋ ਚੀ ਮਿਨ੍ਹ ਕਹਿੰਦੇ ਸਨ। ਉਨ੍ਹਾਂ ਨੇ ਤਹਿਖਾਨੇ ਅਤੇ ਮੇਨ ਹੋਲ ਦੇ ਹੇਠ ਆਪਣੇ ਖਾੜਕੂਆਂ ਨੂੰ ਤਾਇਨਾਤ ਕਰਕੇ ਭਾਰਤੀ ਫ਼ੌਜੀਆਂ ਦੇ ਪੈਰ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ।”

”ਜ਼ਿਆਦਾਤਰ ਭਾਰਤੀ ਫ਼ੌਜੀਆਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਗੋਲੀਆਂ ਕਿੱਥੋਂ ਆ ਰਹੀਆਂ ਹਨ।”

ਭਾਰਤ ਦੇ ਫੌਜ ਮੁਖੀ ਬਣੇ ਜਨਰਲ ਵੀ. ਕੇ. ਸਿੰਘ ਨੇ ਆਪਣੀ ਆਤਮਕਥਾ, ‘ਕਰੇਜ ਐਂਡ ਕਨਵਿਕਸ਼ਨ’ ਵਿੱਚ ਲਿਖਿਆ, ”ਮੇਜਰ ਜਨਰਲ ਸੁਬੇਗ ਸਿੰਘ ਦੀ ਦੇਖ ਰੇਖ ਵਿੱਚ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੀ ਯੋਜਨਾ ਤਿਆਰ ਕੀਤੀ ਗਈ। ਸਾਰੇ ਹਥਿਆਰਾਂ ਨੂੰ ਜ਼ਮੀਨ ਤੋਂ ਕੁਝ ਹੀ ਇੰਚ ਦੀ ਉੱਚਾਈ ‘ਤੇ ਰੱਖਿਆ ਗਿਆ।

ਇਸ ਦਾ ਮਤਲਬ ਇਹ ਹੋਇਆ ਕਿ ਨਾ ਸਿਰਫ਼ ਹਮਲਾਵਰ ਬਲਾਂ ਦੇ ਪੈਰ ਉਖੜ ਗਏ ਬਲਕਿ ਉਨ੍ਹਾਂ ਦੇ ਰੇਂਗ ਕੇ ਅੱਗੇ ਵਧਣ ਦਾ ਵਿਕਲਪ ਵੀ ਖਤਮ ਹੋ ਗਿਆ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗਦੀ।

ਹਮਲੇ ਤੋਂ ਪਹਿਲਾਂ ਜਨਰਲ ਬਰਾੜ ਨੇ ਸਿਵਲ ਕੱਪੜਿਆਂ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ।

ਦੂਰਬੀਨ ਨਾਲ ਸਾਰਾ ਨਜ਼ਾਰਾ ਦੇਖ ਰਹੇ ਸੁਬੇਗ ਸਿੰਘ ਨੇ ਉਨ੍ਹਾਂ ਨੂੰ ਤੁਰੰਤ ਪਛਾਣ ਲਿਆ, ਪਰ ਉਨ੍ਹਾਂ ਨੇ ਆਪਣੇ ਖਾੜਕੂਆਂ ਨੂੰ ਕਿਹਾ ਕਿ ਜਨਰਲ ਬਰਾੜ ਨਾਲ ਨਾ ਉਲਝਿਆ ਜਾਵੇ।”

ਜਨਰਲ ਸੁਬੇਗ ਸਿੰਘ ਨੂੰ ਪਛਾਣਨ ਚ ਗਲਤੀ

ਜਨਰਲ ਸੁਬੇਗ ਸਿੰਘ ਦੀ ਮੋਰਚੇਬੰਦੀ ਬਾਰੇ ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਆਪਣੇ ਇੱਕ ਲੇਖ ਵਿੱਚ ਲ਼ਿਖਿਆ ਸੀ,

”ਭਾਰਤੀ ਜਨਰਲਾਂ ਨੇ ਇਸ ਗੱਲ ਦੀ ਅਣਦੇਖੀ ਕਰ ਦਿੱਤੀ ਕਿ ਉਨ੍ਹਾਂ ਦਾ ਮੁਕਾਬਲਾ ਅਨਾੜੀਆਂ ਨਾਲ ਨਹੀਂ ਬਲਕਿ ਅਜਿਹੇ ਲੋਕਾਂ ਨਾਲ ਹੈ, ਜਿਨ੍ਹਾਂ ਦੀ ਅਗਵਾਈ ਉਨ੍ਹਾਂ ਵਰਗਾ ਹੀ ਸ਼ਖ਼ਸ ਕਰ ਰਿਹਾ ਹੈ ਅਤੇ ਉਹ ਸ਼ਖ਼ਸ ਜੇਕਰ ਉਨ੍ਹਾਂ ਤੋਂ ਬਿਹਤਰ ਨਹੀਂ ਤਾਂ ਉਨ੍ਹਾਂ ਦੇ ਬਰਾਬਰ ਜ਼ਰੂਰ ਹੈ।

”ਉਨ੍ਹਾਂ ਨੇ ਇੱਕ ਫੁੱਟਬਾਲ ਦੇ ਮੈਦਾਨ ਦੇ ਅੱਧੇ ਦੇ ਬਰਾਬਰ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਕਵਰ ਕੀਤਾ ਹੋਇਆ ਸੀ ਜਿੱਥੋਂ ਭਾਰਤੀ ਫ਼ੌਜੀਆਂ ਨੂੰ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਦਿਖਾਉਂਦੇ ਹੋਏ ਅੱਗੇ ਵਧਣਾ ਸੀ। ਇਹ ਉਨ੍ਹਾਂ ਦੀ ਨਜ਼ਰ ਵਿੱਚ ਪਹਿਲਾਂ ਤੋਂ ਤੈਅ ਕੀਤਾ ਗਿਆ, ‘ਕਿਲਿੰਗ ਗਰਾਊਂਡ’ ਸੀ ਜਿਸ ਨੂੰ ਫੌਜ ਦੀ ਭਾਸ਼ਾ ਵਿੱਚ FIBUA (ਫਾਈਟਿੰਗ ਇਨ ਬਿਲਟ ਅਪ ਏਰੀਆਜ਼) ਕਿਹਾ ਜਾਂਦਾ ਹੈ।”

”ਸੁਬੇਗ ਸਿੰਘ ਨੂੰ ਇਹ ਗਲਤਫਹਿਮੀ ਨਹੀਂ ਸੀ ਕਿ ਉਨ੍ਹਾਂ ਦੀ ਜਿੱਤ ਹੋਵੇਗੀ। ਉਹ ਜਿੰਨਾ ਸੰਭਵ ਹੋਵੇ ਭਾਰਤੀ ਫ਼ੌਜ ਦਾ ਨੁਕਸਾਨ ਕਰਨਾ ਚਾਹੁੰਦੇ ਸਨ ਤਾਂ ਕਿ ਉਹ ਹੋਣੀ ਨੂੰ ਕੁਝ ਦੇਰ ਤੱਕ ਟਾਲ ਸਕਣ ਤਾਂ ਕਿ ਸਵੇਰ ਹੋਣ ਤੱਕ ਉੱਥੇ ਇੰਨੀ ਭੀੜ ਇਕੱਠੀ ਹੋ ਜਾਵੇ ਕਿ ਫ਼ੌਜੀ ਕਾਰਵਾਈ ਰੋਕ ਦੇਣੀ ਪਏ। ਜੇਕਰ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਵਿੱਚ ਟੈਂਕ ਨਾ ਭੇਜੇ ਹੁੰਦੇ ਤਾਂ ਉਹ ਆਪਣੇ ਉਦੇਸ਼ ਵਿੱਚ ਬਹੁਤ ਹੱਦ ਤੱਕ ਸਫ਼ਲ ਰਹਿੰਦੇ।”

ਜਨਰਲ ਸੁਬੇਗ ਦੀ ਮੌਤ

ਜਨਰਲ ਕੇਐੱਸ ਬਰਾੜ ਆਪਣੀ ਕਿਤਾਬ ‘ਆਪ੍ਰੇਸ਼ਨ ਬਲੂ ਸਟਾਰ ਦਿ ਟਰੂ ਸਟੋਰੀ’ ਵਿੱਚ ਲਿਖਦੇ ਹਨ, ”ਸਾਨੂੰ ਜਨਰਲ ਸੁਬੇਗ ਸਿੰਘ ਦੀ ਲਾਸ਼ ਤਹਿਖਾਨੇ ਵਿੱਚ ਮਿਲੀ। ਮਰਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਹੱਥ ਵਿੱਚ ਕਾਰਬਾਈਨ ਫੜੀ ਹੋਈ ਸੀ। ਉਨ੍ਹਾਂ ਦਾ ਵਾਕੀ ਟਾਕੀ ਉਨ੍ਹਾਂ ਦੀ ਲਾਸ਼ ਦੇ ਕੋਲ ਜ਼ਮੀਨ ‘ਤੇ ਪਿਆ ਹੋਇਆ ਸੀ।’

ਲੇਕਿਨ ਜਨਰਲ ਸੁਬੇਗ ਸਿੰਘ ਦੇ ਬੇਟੇ ਪ੍ਰਬਪਾਲ ਸਿੰਘ ਨੇ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਨਾਲ ਗੱਲਬਾਤ ਦੌਰਾਨ ਸੁਬੇਗ ਸਿੰਘ ਦੀ ਮੌਤ ਦਾ ਦੂਜਾ ਹੀ ਵੇਰਵਾ ਦਿੱਤਾ ਸੀ।

ਉਹ ਕਹਿੰਦੇ ਹਨ, ”ਮੈਂ ਕਈ ਲੋਕਾਂ ਨੂੰ ਮਿਲਿਆ ਸੀ ਜਿਨ੍ਹਾਂ ਨੂੰ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਨਰਲ ਸੁਬੇਗ ਸਿੰਘ ਦੀ ਮੌਤ ਪਹਿਲੇ ਹੀ ਦਿਨ ਯਾਨੀ 5 ਜੂਨ ਨੂੰ ਹੋ ਗਈ ਸੀ।”

ਸਰਕਾਰ ਨੇ ਛੇ ਤਰੀਕ ਨੂੰ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ ਜਦੋਂਕਿ ਉਹ ਇੱਕ ਦਿਨ ਪਹਿਲਾਂ ਹੀ ਸ਼ਹੀਦ ਹੋ ਗਏ ਸਨ।

ਉਨ੍ਹਾਂ ਨੂੰ ਮਸ਼ੀਨਗੰਨ ਦੇ ਇੱਕ ਬਰਸਟ ਦੀਆਂ ਸੱਤ ਗੋਲੀਆਂ ਲੱਗੀਆਂ ਸਨ ।

ਸੰਤ ਭਿੰਡਰਾਵਾਲੇ ਨੇ ਉਨ੍ਹਾਂ ਦੀ ਦੇਹ ਨੂੰ ਲਿਟਾ ਕੇ ਉਨ੍ਹਾਂ ਦੀ ਅਰਦਾਸ ਕੀਤੀ। ਉਨ੍ਹਾਂ ਨੇ ਲਾਸ਼ ਨੂੰ ਸਾਫ਼ ਕੀਤਾ। ਫਿਰ ਉਹ ਲਾਸ਼ ਨੂੰ ਤਹਿਖਾਨੇ ਵਿੱਚ ਲੈ ਗਏ। ਜਦੋਂ ਆਰਟਿਲਰੀ ਦਾ ਫਾਇਰ ਆਇਆ ਤਾਂ ਉਨ੍ਹਾਂ ਦੀ ਲਾਸ਼ ਮਲਬੇ ਵਿੱਚ ਦੱਬ ਗਈ।”

ਮਾਰਕ ਟਲੀ ਅਤੇ ਸਤੀਸ਼ ਜੈਕਬ ਆਪਣੀ ਕਿਤਾਬ ਵਿੱਚ ਲਿਖਦੇ ਹਨ, ”9 ਜੂਨ ਤੱਕ ਸੁਬੇਗ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਨਹੀਂ ਲਿਆਂਦੀ ਗਈ ਸੀ, ਪਰ ਉਦੋਂ ਵੀ ਉਨ੍ਹਾਂ ਦਾ ਪੂਰਾ ਪੋਸਟਮਾਰਟਮ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਸਰੀਰ ਨਸ਼ਟ ਹੋਣਾ ਸ਼ੁਰੂ ਹੋ ਗਿਆ ਸੀ।”

 

ਸਰਕਾਰ ਦਾ ਸੁਬੇਗ ਸਿੰਘ ਦੀ ਲਾਸ਼ ਦੇਣ ਤੋਂ ਇਨਕਾਰ

 

ਜਦੋਂ ਸੁਬੇਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਨੂੰਹ ਨੇ ਫ਼ੌਜ ਮੁਖੀ ਜਨਰਲ ਵੈਦਿਆ ਨੂੰ ਫੋਨ ਕਰਕੇ ਪੁੱਛਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਮੇਰੇ ਸਹੁਰਾ ਸਾਹਿਬ ਦੀ ਆਪ੍ਰੇਰਸ਼ਨ ਬਲੂ ਸਟਾਰ ਵਿੱਚ ਮੌਤ ਹੋ ਗਈ ਹੈ। ਕੀ ਤੁਸੀਂ ਸਾਨੂੰ ਉਨ੍ਹਾਂ ਬਾਰੇ ਦੱਸ ਸਕਦੇ ਹੋ?

ਮੁਕਤੀ ਬਾਹਨੀ

ਪ੍ਰਬਪਾਲ ਸਿੰਘ ਕਹਿੰਦੇ ਹਨ, ”ਜਨਰਲ ਵੈਦਿਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਕੋਈ ਬਲੂ ਸਟਾਰ ਨਹੀਂ ਹੋਇਆ ਹੈ। ਫੌਜ ਨੇ ਕੋਈ ਐਕਸ਼ਨ ਨਹੀਂ ਲਿਆ ਹੈ।”

”ਮੈਂ ਭੱਜ ਕੇ ਚੰਡੀਗੜ੍ਹ ਪਹੁੰਚਿਆ, ਜਿੱਥੇ ਮੈਂ ਰਾਜਪਾਲ ਬੀ.ਡੀ. ਪਾਂਡੇ ਨੂੰ ਫੋਨ ਕਰਕੇ ਕਿਹਾ, ਮੈਂ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹਾਂ, ਪਰ ਗਵਰਨਰ ਪਾਂਡੇ ਨੇ ਕਿਹਾ ਕਿ ਉਹ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਹਜ਼ਾਰਾਂ ਲੋਕਾਂ ਨੂੰ ਇਸ ਦੀ ਇਜਾਜ਼ਤ ਦੇਣੀ ਹੋਵੇਗੀ।”

”ਉਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਹ ਮੰਨਦੇ ਹੋ ਕਿ ਇਸ ਆਪ੍ਰੇਸ਼ਨ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ ਤਾਂ ਉਨ੍ਹਾਂ ਨੇ ਫ਼ੋਨ ਰੱਖ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਤਿੰਨ ਦਿਨ ਮੈਂ ਉਨ੍ਹਾਂ ਦੇ ਘਰ ਦੇ ਗੇਟ ਦੇ ਬਾਹਰ ਖੜ੍ਹਾ ਰਿਹਾ ਤਾਂ ਕਿ ਮੈਂ ਉਨ੍ਹਾਂ ਨੂੰ ਆਪਣੀ ਫਰਿਆਦ ਕਹਿ ਸਕਾਂਗਾ, ਪਰ ਮੈਨੂੰ ਸਫਲਤਾ ਨਹੀਂ ਮਿਲੀ।”

”ਮੇਰੇ ਪਿਤਾ ਦਾ ਅੰਤਿਮ ਸੰਸਕਾਰ ਕਦੋਂ ਹੋਇਆ, ਕਿਵੇਂ ਹੋਇਆ, ਮੈਨੂੰ ਕੁਝ ਵੀ ਪਤਾ ਨਹੀਂ। ਉਨ੍ਹਾਂ ਨੇ ਨਾ ਤਾਂ ਸਾਨੂੰ ਉਨ੍ਹਾਂ ਦੀ ਕੋਈ ਚੀਜ਼ ਦਿੱਤੀ ਅਤੇ ਨਾ ਹੀ ਉਨ੍ਹਾਂ ਦੀਆਂ ਅਸਥੀਆਂ।’

ਜੁਲਾਈ 1984 ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਵਿੱਚ ਕਿਹਾ ਗਿਆ ਕਿ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੇ 83 ਜਵਾਨਾਂ ਦੀ ਮੌਤ ਹੋਈ ਜਿਸ ਵਿੱਚ 4 ਅਫ਼ਸਰ ਸਨ।ਨਇਸ ਤੋਂ ਇਲਾਵਾ 273 ਫ਼ੌਜੀ ਅਤੇ 12 ਅਫ਼ਸਰ ਜ਼ਖ਼ਮੀ ਹੋਏ।

ਸਰਕਾਰੀ ਵਾਇਟ ਪੇਪਰ ਮੁਤਾਬਕ 492 ਆਮ ਲੋਕਾਂ ਦੇ ਮਾਰੇ ਜਾਣ 86 ਦੇ ਜਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ। ਪਰ ਕਈ ਸਿੱਖ ਵਿਦਵਾਨਾਂ ਨੇ ਵੱਖ ਵੱਖ ਹਵਾਲਿਆਂ ਮਰਨ ਵਾਲੇ ਆਮ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਦੱਸਦੇ ਹਨ।

Leave a Comment

Your email address will not be published. Required fields are marked *