Punjabi Lens

ਭਾਜਪਾ ਦੇ 3MPs ਨੂੰ ਨਿਤਿਨ ਨਬੀਨ ਦੀ ਫਟਕਾਰ

ਨਿਤਿਨ ਨਬੀਨ, ਭਾਜਪਾ ਕੌਮੀ ਪ੍ਰਧਾਨ

ਭਾਜਪਾ ਦੇ 3 ਸੰਸਦ ਮੈਂਬਰਾਂ ਨੂੰ ਨਿਤਿਨ ਨਬੀਨ ਦੀ ਫਟਕਾਰ

ਨਵੀਂ ਦਿੱਲੀ/ ਬਿਊਰੋ ਨਿਊਜ਼ 

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਲੀ ਨਾਲ ਸਬੰਧਤ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਾਰਟੀ ਸੂਤਰਾਂ ਮੁਤਾਬਕ, ਨਬੀਨ ਨੇ ਤਿੰਨਾਂ ਸੰਸਦ ਮੈਂਬਰਾਂ ਨੂੰ ਇਸ ਮਾਮਲੇ ਵਿੱਚ ਫਟਕਾਰ ਵੀ ਲਗਾਈ ਹੈ।

ਦੱਸਿਆ ਜਾ ਰਿਹਾ ਹੈ ਕਿ ਭਾਜਪਾ ਸੰਸਦ ਮੈਂਬਰ ਕਮਲਜੀਤ ਸਹਿਰਾਵਤ, ਰਾਮਵੀਰ ਸਿੰਘ ਬਿਧੂੜੀ ਅਤੇ ਯੋਗੇਂਦਰ ਚੰਦੋਲੀਆ ਹਾਲ ਹੀ ਵਿੱਚ ਸੱਜਣ ਕੁਮਾਰ ਦੀ ਰਿਹਾਇਸ਼ ’ਤੇ ਪਹੁੰਚੇ ਸਨ। ਉਨ੍ਹਾਂ ਨੇ ਉੱਥੇ ਸੱਜਣ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

ਪਾਰਟੀ ਲੀਡਰਸ਼ਿਪ ਨੇ ਕਿਉਂ ਜਤਾਈ ਨਾਰਾਜ਼ਗੀ?

ਪਾਰਟੀ ਸੂਤਰਾਂ ਅਨੁਸਾਰ, ਭਾਜਪਾ ਲੀਡਰਸ਼ਿਪ ਨੂੰ ਤਿੰਨਾਂ ਸੰਸਦ ਮੈਂਬਰਾਂ ਦਾ ਇਹ ਕਦਮ ਪਸੰਦ ਨਹੀਂ ਆਇਆ। ਇਸ ਦਾ ਕਾਰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜਿਆ ਸੱਜਣ ਕੁਮਾਰ ਦਾ ਪਿਛੋਕੜ ਅਤੇ ਇਸ ਮਾਮਲੇ ਵਿੱਚ ਭਾਜਪਾ ਵੱਲੋਂ ਲੰਬੇ ਸਮੇਂ ਤੋਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਸੰਘਰਸ਼ ਦਾ ਸਮਰਥਨ ਕਰਨਾ ਦੱਸਿਆ ਜਾ ਰਿਹਾ ਹੈ।

ਸੱਜਣ ਕੁਮਾਰ ਦਾ 20 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਉਹ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਿੱਖਾਂ ਦੀ ਹੱਤਿਆ ਨਾਲ ਸਬੰਧਤ ਮਾਮਲਿਆਂ ਵਿੱਚ ਦੋ ਉਮਰ ਕੈਦ ਦੀਆਂ ਸਜ਼ਾਵਾਂ ਕੱਟ ਰਹੇ ਸਨ।

ਐੱਚ.ਐੱਸ. ਫੂਲਕਾ ਨੇ ਵੀ ਕੀਤਾ ਸੀ ਵਿਰੋਧ

ਤਿੰਨਾਂ ਭਾਜਪਾ ਸੰਸਦ ਮੈਂਬਰਾਂ ਦੀ ਸੱਜਣ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਆਗੂ ਐੱਚ.ਐੱਸ. ਫੁੱਲਕਾ ਨੇ ਵੀ ਇਸ ’ਤੇ ਇਤਰਾਜ਼ ਜਤਾਇਆ ਸੀ।

ਫੂਲਕਾ ਨੇ ਕਿਹਾ ਸੀ ਕਿ ਭਾਜਪਾ ਆਗੂਆਂ ਵੱਲੋਂ ਸੱਜਣ ਕੁਮਾਰ ਦੇ ਪਰਿਵਾਰ ਨਾਲ ਕੀਤੀ ਗਈ ਇਹ ਮੁਲਾਕਾਤ ਖ਼ਾਸ ਤੌਰ ’ਤੇ ਇਤਰਾਜ਼ਯੋਗ ਹੈ। ਉਨ੍ਹਾਂ ਦਲੀਲ ਦਿੱਤੀ ਕਿ ਭਾਜਪਾ ਲਗਾਤਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਦਾ ਸਮਰਥਨ ਕਰਦੀ ਰਹੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਨੇ ਪੀੜਤ ਪਰਿਵਾਰਾਂ ਵੱਲੋਂ ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਰੱਖਣ ਲਈ ਕੀਤੇ ਗਏ ਯਤਨਾਂ ਦਾ ਵੀ ਸਮਰਥਨ ਕੀਤਾ ਸੀ।

ਫੂਲਕਾ ਨੇ ਕਿਹਾ ਕਿ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਕਈ ਪਰਿਵਾਰ ਅੱਜ ਵੀ 1984 ਦੀ ਹਿੰਸਾ ਦੀਆਂ ਯਾਦਾਂ ਅਤੇ ਉਸ ਦੀ ਪੀੜਾ ਨਾਲ ਜੀ ਰਹੇ ਹਨ। ਉਨ੍ਹਾਂ ਨੇ ਤਿੰਨਾਂ ਭਾਜਪਾ ਸੰਸਦ ਮੈਂਬਰਾਂ ਦੇ ਬਹਿਸਕਾਰ ਦਾ ਐਲਾਨ ਵੀ ਕੀਤਾ ਸੀ।  

Leave a Comment

Your email address will not be published. Required fields are marked *

Scroll to Top