punjabilens.com

12 ਸਾਲ, 116 ਪੇਪਰ ਲੀਕ, 7.5 ਕਰੋੜ ਪ੍ਰਭਾਵਿਤ

ਪੇਪਰ ਲੀਕ ਨਰਿੰਦਰ ਮੋਦੀ

 ਪੇਪਰ ਲੀਕ: 2014 ਤੋਂ ਜੁਲਾਈ 2026 ਤੱਕ 116 ਮਾਮਲੇ, 7.5 ਕਰੋੜ ਉਮੀਦਵਾਰ ਪ੍ਰਭਾਵਿਤ

ਨਿਊ ਦਿੱਲੀ / ਬਿਊਰੋ ਨਿਊਜ਼ 

ਦੇਸ਼ ਵਿੱਚ ਪੇਪਰ ਲੀਕ ਹੁਣ ਕਿਸੇ ਇੱਕ ਪ੍ਰੀਖਿਆ ਜਾਂ ਕਿਸੇ ਇੱਕ ਰਾਜ ਦੀ ਸਮੱਸਿਆ ਨਹੀਂ ਰਹੀ। ਇਹ ਇੱਕ ਵੱਡੇ ਅਤੇ ਸੁੰਗਠਿਤ ਨੈੱਟਵਰਕ ਦਾ ਰੂਪ ਧਾਰ ਚੁੱਕੀ ਹੈ, ਜੋ ਦੇਸ਼ ਦੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। 2014 ਤੋਂ ਜੁਲਾਈ 2026 ਤੱਕ ਮੀਡੀਆ ਰਿਪੋਰਟਾਂ ਅਤੇ ਸਰਕਾਰੀ ਕਾਰਵਾਈ ਦੇ ਆਧਾਰ ‘ਤੇ ਘੱਟੋ-ਘੱਟ 116 ਪੇਪਰ ਲੀਕ ਦੇ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਘਟਨਾਵਾਂ ਕਾਰਨ ਕਰੀਬ 7.5 ਕਰੋੜ ਉਮੀਦਵਾਰ ਪ੍ਰਭਾਵਿਤ ਹੋਏ, ਜਦਕਿ ਪੇਪਰ ਮਾਫੀਆ ਦਾ ਨੈੱਟਵਰਕ 19 ਰਾਜਾਂ ਤੱਕ ਫੈਲਿਆ ਮਿਲਿਆ। 2014 ਤੋਂ 2024 ਦਰਮਿਆਨ 89 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚ 21 ਕੇਂਦਰੀ ਸੰਸਥਾਵਾਂ ਅਤੇ 68 ਰਾਜ ਪੱਧਰੀ ਪ੍ਰੀਖਿਆਵਾਂ ਨਾਲ ਜੁੜੇ ਮਾਮਲੇ ਸ਼ਾਮਲ ਸਨ। ਇਸ ਤੋਂ ਬਾਅਦ 2025 ਵਿੱਚ 20 ਅਤੇ 2026 ਵਿੱਚ ਜੁਲਾਈ ਤੱਕ ਨੀਟ-ਯੂਜੀ ਸਮੇਤ 7 ਹੋਰ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਏ।

ਤਿੰਨ ਲੱਖ ਦੀ ਭਰਤੀ ਅਟਕੀ

ਜਨਵਰੀ 2019 ਤੋਂ ਜੂਨ 2024 ਤੱਕ ਦੇਸ਼ ਦੇ 19 ਰਾਜਾਂ ਵਿੱਚ 65 ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਲੀਕ ਹੋਏ। ਇਨ੍ਹਾਂ ਵਿੱਚ ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਨਾਲ-ਨਾਲ ਦਾਖ਼ਲਾ ਪ੍ਰੀਖਿਆਵਾਂ, ਬੋਰਡ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਸ਼ਾਮਲ ਸਨ।

ਇਨ੍ਹਾਂ 65 ਮਾਮਲਿਆਂ ਵਿੱਚੋਂ 45 ਸਰਕਾਰੀ ਭਰਤੀ ਪ੍ਰੀਖਿਆਵਾਂ ਨਾਲ ਸਬੰਧਤ ਸਨ। ਪੇਪਰ ਲੀਕ ਕਾਰਨ ਘੱਟੋ-ਘੱਟ 27 ਪ੍ਰੀਖਿਆਵਾਂ ਰੱਦ ਜਾਂ ਮੁਲਤਵੀ ਕਰਣੀਆਂ ਪਈਆਂ, ਜਿਸ ਨਾਲ ਤਿੰਨ ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਤੇ ਭਰਤੀ ਅਟਕ ਗਈ। ਸਭ ਤੋਂ ਵੱਧ ਅਸਰ ਅਧਿਆਪਕ ਅਤੇ ਪੁਲਿਸ ਭਰਤੀ ਪ੍ਰੀਖਿਆਵਾਂ ‘ਤੇ ਪਿਆ।

ਉੱਤਰ ਪ੍ਰਦੇਸ਼ ਦੇ 11 ਮਾਮਲੇ 

ਰਾਜਾਂ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ 11 ਮਾਮਲਿਆਂ ਨਾਲ ਸਭ ਤੋਂ ਉੱਪਰ ਰਿਹਾ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 9-9, ਮਹਾਰਾਸ਼ਟਰ ਵਿੱਚ 6 ਅਤੇ ਗੁਜਰਾਤ ਵਿੱਚ 5 ਮਾਮਲੇ ਸਾਹਮਣੇ ਆਏ।

ਕੇਂਦਰ ਸਰਕਾਰ ਦੀਆਂ ਐੱਸਐੱਸਸੀ (SSC), ਕੇਂਦਰੀ ਵਿਦਿਆਲਿਆ ਸੰਗਠਨ (KVS), ਯੂਪੀਐੱਸਸੀ (UPSC), ਫੌਜ, ਓਐਨਜੀਸੀ (ONGC) ਅਤੇ ਖੇਤੀ ਵਿਗਿਆਨੀ ਭਰਤੀ ਬੋਰਡ ਸਮੇਤ ਅੱਠ ਭਰਤੀ ਪ੍ਰੀਖਿਆਵਾਂ ਵੀ ਰੱਦ ਕਰਣੀਆਂ ਪਈਆਂ। ਇਸ ਕਾਰਨ ਭਰਤੀ ਪ੍ਰਕਿਰਿਆ ਦੋ ਤੋਂ ਅੱਠ ਮਹੀਨੇ ਤੱਕ ਲਟਕ ਗਈ। 2025 ਅਤੇ 2026 ਵਿੱਚ ਵੀ ਬੋਰਡ, ਭਰਤੀ, ਯੋਗਤਾ, ਯੂਨੀਵਰਸਿਟੀ ਅਤੇ ਮੈਡੀਕਲ ਦਾਖ਼ਲਾ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਦੇ ਮਾਮਲੇ ਜਾਰੀ ਰਹੇ।

ਨੀਟ ਤੋਂ ਬਾਅਦ 21 ਮੌਤਾਂ

ਨੀਟ ਪੇਪਰ ਲੀਕ ਤੋਂ ਬਾਅਦ 21 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ, CJP ਦਾ ਅੰਦੋਲਨ ਅਤੇ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ

ਨੀਟ ਪੇਪਰ ਲੀਕ ਤੋਂ ਬਾਅਦ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਸਾਲਾਂ ਤੋਂ ਪੈਦਾ ਹੋ ਰਿਹਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਗਿਆ। ਕਾਕਰੋਚ ਜਨਤਾ ਪਾਰਟੀ (CJP) ਦੀ ਅਗਵਾਈ ਹੇਠ ਇਸ ਦੇ ਵਿਰੋਧ ਵਿੱਚ ਦਿੱਲੀ ਦੇ ਜੰਤਰ-ਮੰਤਰ ‘ਤੇ ਅੰਦੋਲਨ ਸ਼ੁਰੂ ਕੀਤਾ ਗਿਆ।

ਅੰਦੋਲਨ ਦੌਰਾਨ ਦਾਅਵਾ ਕੀਤਾ ਗਿਆ ਕਿ ਪੇਪਰ ਲੀਕ ਨਾਲ ਜੁੜੇ ਵਿਵਾਦਾਂ ਤੋਂ ਬਾਅਦ 21 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ, ਅਤੇ ਸਿੱਖਿਆ ਪ੍ਰਣਾਲੀ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। 36 ਦਿਨਾਂ ਤੱਕ ਚੱਲੇ ਪ੍ਰਦਰਸ਼ਨ ਤੋਂ ਬਾਅਦ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ।

Leave a Comment

Your email address will not be published. Required fields are marked *