
ਸੀਐੱਮ ਦੀਆਂ ਕਥਿਤ ਵੀਡੀਓ ਵਾਇਰਲ ਕਰਨ ਵਾਲ ਜਗਮਨ ਸਮਰਾ ਦਾ ਕੀ ਹੈ ਪਿਛੋਕੜ
ਚੰਡੀਗੜ੍ਹ/ ਖੁਸ਼ਹਾਲ ਲਾਲੀ
ਵੀਰਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ-ਦੇ ਇੱਕ ਵਿਅਕਤੀ ਨੂੰ ਵਾਇਰਲ ਹੋਈ ਵੀਡੀਓ ਦਾ ਮਾਸਟਰਮਾਈਂਡ ਦੱਸਿਆ, ਤਾਂ ਪੰਜਾਬ ਦੇ ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਇੱਕ ਹੀ ਸਵਾਲ ਸੀ—ਆਖਿਰ ਜਗਮਨ ਸਮਰਾ ਕੌਣ ਹੈ?
ਮੁੱਖ ਮੰਤਰੀ ਨੇ ਉਸ ਨੂੰ “ਬਲੈਕਮੇਲਰ”, ਨਸ਼ਿਆਂ ਨਾਲ ਜੁੜਿਆ ਵਿਅਕਤੀ ਅਤੇ ਜੇਲ੍ਹ ਤੋਂ ਫਰਾਰ ਹੋ ਕੇ ਕੈਨੇਡਾ ਭੱਜਣ ਵਾਲਾ ਕਰਾਰ ਦਿੱਤਾ।
ਦੂਜੇ ਪਾਸੇ, ਜਗਮਨ ਸਮਰਾ ਵੀ ਚੁੱਪ ਨਹੀਂ ਰਿਹਾ। ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਹੈ, ਫੇਸਬੁੱਕ ਲਾਈਵ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਨੂੰ ਆਪਣੇ ਦਾਵਿਆਂ ਨੂੰ ਗਲਤ ਸਾਬਤ ਕਰਨ ਦੀ ਚੁਣੌਤੀ ਦੇ ਰਿਹਾ ਹੈ।
ਕੈਨੇਡਾ ਤੋਂ ਐਬਟਸਫੋਰਡ ਤੱਕ
ਜਗਮਨ ਸਮਰਾ ਦਾ ਪੂਰਾ ਨਾਮ ਜਗਮਨਦੀਪ ਸਿੰਘ ਸਮਰਾ ਹੈ, ਜਿਸ ਨੂੰ “ਜੁਗਨੂ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਮੁੱਢਲੀ ਤੌਰ ‘ਤੇ ਸੰਗਰੂਰ ਜ਼ਿਲ੍ਹੇ ਦੇ ਫਗੂਵਾਲਾ ਪਿੰਡ ਦਾ ਵਸਨੀਕ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜੱਦੀ ਜ਼ਿਲ੍ਹਾ ਹੈ। ਇਸ ਵੇਲੇ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਵਿੱਚ ਰਹਿੰਦਾ ਹੈ।
ਆਪਣੇ ਫੇਸਬੁੱਕ ਪ੍ਰੋਫ਼ਾਈਲ ‘ਤੇ ਉਹ ਆਪਣੇ ਆਪ ਨੂੰ ਰਣਬੀਰ ਕਾਲਜ, ਸੰਗਰੂਰ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਵਾਲਾ ਅਤੇ ਇੱਕ “ਉਦਯੋਗਪਤੀ” ਦੱਸਦਾ ਹੈ। ਉਹ ਕਈ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਂਦਾ ਹੈ ਅਤੇ ਯੂਟਿਊਬ ‘ਤੇ ਵੀਡੀਓਜ਼ ਰਾਹੀਂ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦਾ ਰਹਿੰਦਾ ਹੈ।
ਕਾਨੂੰਨੀ ਮਾਮਲਿਆਂ ਦਾ ਇਤਿਹਾਸ
ਜਗਮਨ ਸਮਰਾ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ ਅਤੇ ਉਸ ਦੀ ਕਹਾਣੀ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ।
ਉਸ ਨੂੰ 28 ਨਵੰਬਰ 2020 ਨੂੰ ਫਿਰੋਜ਼ਪੁਰ ਪੁਲਿਸ ਨੇ ਠੱਗੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜੋ ਤਲਵੰਡੀ ਭਾਈ ਥਾਣੇ ਵਿੱਚ ਦਰਜ ਹੋਇਆ ਸੀ। ਉਸ ਨੂੰ ਅੰਡਰ ਟਰਾਇਲ ਵਜੋਂ ਫ਼ਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ।
23 ਦਸੰਬਰ 2021 ਨੂੰ ਇਲਾਜ ਲਈ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫ਼ਰੀਦਕੋਟ ਲਿਆਂਦਾ ਗਿਆ। 1 ਫਰਵਰੀ 2022 ਨੂੰ ਉਸ ਨੇ ਆਪਣੀ ਨਿਗਰਾਨੀ ਕਰ ਰਹੇ ਜੇਲ੍ਹ ਕਰਮਚਾਰੀਆਂ ਨੂੰ ਧੋਖਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਸਮਰਾ ਅਤੇ ਲਾਪਰਵਾਹੀ ਕਰਨ ਵਾਲੇ ਜੇਲ੍ਹ ਕਰਮਚਾਰੀਆਂ ਖ਼ਿਲਾਫ਼ ਫ਼ਰੀਦਕੋਟ ਸਿਟੀ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ।
ਮੋਹਾਲੀ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਜਗਮਨ ਸਮਰਾ ਫ਼ਰੀਦਕੋਟ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਨੇਪਾਲ ਦੇ ਰਸਤੇ ਕੈਨੇਡਾ ਪਹੁੰਚਿਆ।
ਫਰਾਰ ਹੋਣ ਤੋਂ ਬਾਅਦ ਉਹ ਕਥਿਤ ਤੌਰ ‘ਤੇ ਕੈਨੇਡਾ ਭੱਜ ਗਿਆ। ਪੰਜਾਬ ਪੁਲਿਸ ਨੇ ਉਸ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤੇ, ਪਰ ਹਵਾਲਗੀ (Extradition) ਦੀਆਂ ਕੋਸ਼ਿਸ਼ਾਂ ਹੁਣ ਤੱਕ ਸਫ਼ਲ ਨਹੀਂ ਹੋਈਆਂ। ਫ਼ਰੀਦਕੋਟ ਪੁਲਿਸ ਉਸ ਖ਼ਿਲਾਫ਼ ਸਥਾਨਕ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਵੀ ਲੈ ਚੁੱਕੀ ਹੈ। ਇਸ ਤੋਂ ਇਲਾਵਾ ਮੋਹਾਲੀ ਦੀ ਸਾਈਬਰ ਕ੍ਰਾਈਮ ਵਿੰਗ ਨੇ ਮਾਨ ਨਾਲ ਸੰਬੰਧਤ ਵੀਡੀਓ ਮਾਮਲੇ ਵਿੱਚ ਵੀ ਉਸ ਦੇ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਹੈ।
“ਤੋਮਰ ਟੇਪਸ” ਨਾਲ ਸੰਬੰਧ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਗਮਨ ਸਮਰਾ ਦਾ ਨਾਮ ਰਾਸ਼ਟਰੀ ਪੱਧਰ ‘ਤੇ ਚਰਚਾ ਵਿੱਚ ਆਇਆ ਹੋਵੇ।
ਨਵੰਬਰ 2023 ਵਿੱਚ ਉਹ ਕਥਿਤ “ਤੋਮਰ ਟੇਪਸ” ਵਿਵਾਦ ਵਿੱਚ ਸਾਹਮਣੇ ਆਇਆ ਸੀ। ਇਸ ਵਿੱਚ ਉਸ ਅਤੇ ਉਸ ਸਮੇਂ ਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦੇਵੇਂਦਰ ਤੋਮਰ ਵਿਚਕਾਰ ਕੈਨੇਡਾ ਦੇ ਬੈਂਕਾਂ ਵਿੱਚ ਧਨ ਰੱਖਣ ਸਬੰਧੀ ਕਥਿਤ ਗੱਲਬਾਤ ਦੀਆਂ ਆਡੀਓ ਸਾਹਮਣੇ ਆਈਆਂ ਸਨ। ਇਹ ਮਾਮਲਾ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਮੁੱਦਾ ਬਣ ਗਿਆ ਸੀ ਅਤੇ ਕਾਂਗਰਸ ਨੇ ਇਸ ਨੂੰ ਭ੍ਰਿਸ਼ਟਾਚਾਰ ਨਾਲ ਜੋੜਿਆ ਸੀ।

“ਸੀ ਐੱਮ ਕਥਿਤ” ਵੀਡੀਓ ਬਾਰੇ ਸਮਰਾ ਦਾ ਪੱਖ
ਜਦੋਂ “ਗੁਰੂ ਦੋਖੀ” ਵੀਡੀਓ ਵਾਇਰਲ ਹੋਈ ਅਤੇ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਵਿੰਗ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ, ਤਾਂ ਜਗਮਨ ਸਮਰਾ ਫੇਸਬੁੱਕ ਲਾਈਵ ਹੋਇਆ। ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਵੀਡੀਓ ਅਸਲੀ ਹੈ।
ਉਸ ਨੇ ਪੰਜਾਬ ਪੁਲਿਸ ਅਤੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਵੀਡੀਓ ਨੂੰ ਫ਼ਰਜ਼ੀ ਸਾਬਤ ਕਰ ਦੇਣ ਤਾਂ ਉਹ ਮੰਨ ਲਵੇਗਾ। ਉਸ ਨੇ ਦਾਅਵਾ ਕੀਤਾ ਕਿ ਉਹ ਜਲਦੀ ਹੀ ਆਪਣੇ ਦਾਵਿਆਂ ਦੇ ਸਮਰਥਨ ਵਿੱਚ ਸਬੂਤ ਜਾਰੀ ਕਰੇਗਾ ਅਤੇ ਜੋ ਕੋਈ ਵੀ ਇਸ ਵੀਡੀਓ ਨੂੰ ਡੀਪਫੇਕ ਸਾਬਤ ਕਰ ਦੇਵੇਗਾ, ਉਸ ਨੂੰ 5 ਕਰੋੜ ਰੁਪਏ ਦਾ ਇਨਾਮ ਦੇਵੇਗਾ।
ਸਮਰਾ ਨੇ ਇਹ ਵੀ ਕਿਹਾ ਕਿ ਹੁਣ ਤੱਕ ਜਾਰੀ ਹੋਈਆਂ ਵੀਡੀਓਜ਼ “ਸਿਰਫ਼ ਟ੍ਰੇਲਰ” ਹਨ ਅਤੇ ਉਸ ਕੋਲ ਇਸ ਤਰ੍ਹਾਂ ਦੀਆਂ ਹੋਰ ਅੱਠ ਵੀਡੀਓਜ਼ ਹਨ, ਜਿਨ੍ਹਾਂ ਨੂੰ ਉਹ ਆਉਣ ਵਾਲੇ ਦਿਨਾਂ ਵਿੱਚ ਜਾਰੀ ਕਰੇਗਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਸੰਬੰਧਤ ਵੀ ਅਜਿਹੀਆਂ ਵੀਡੀਓਜ਼ ਮੌਜੂਦ ਹਨ।
ਆਪਣੇ ਖ਼ਿਲਾਫ਼ ਦਰਜ ਐੱਫਆਈਆਰ ‘ਤੇ ਪ੍ਰਤੀਕਿਰਿਆ ਦਿੰਦਿਆਂ ਸਮਰਾ ਨੇ ਫੇਸਬੁੱਕ ‘ਤੇ ਲਿਖਿਆ ਕਿ ਉਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਉਸ ਨੇ ਕਿਹਾ ਕਿ ਜੇਕਰ ਸਰਕਾਰ ਉਸ ਦੇ ਫੇਸਬੁੱਕ ਪੇਜ਼ ਵੀ ਬੰਦ ਕਰ ਦੇਵੇ, ਤਾਂ ਵੀ ਉਸ ਕੋਲ ਇਹ ਵੀਡੀਓਜ਼ ਲੋਕਾਂ ਤੱਕ ਪਹੁੰਚਾਉਣ ਦੇ ਹੋਰ ਤਰੀਕੇ ਹਨ।
ਹਾਲਾਂਕਿ, ਮਾਨ ਵੱਲੋਂ ਪ੍ਰੋਸਥੈਟਿਕ ਮਾਸਕ ਸਬੰਧੀ ਲਗਾਏ ਨਵੇਂ ਦਾਅਵਿਆਂ ਬਾਰੇ ਉਸ ਨੇ ਵੀਡੀਓ ਪਾ ਕੇ ਹੋਰ ਸਵਾਲ ਖੜ੍ਹੇ ਕੀਤੀ। ਉਹ ਸਵਾਲ ਕਰਦਾ ਹੈ ਕਿ ਜੇਕਰ ਵੀਡੀਓ ਵਿਅਕਤੀ ਮਾਸਕ ਵਾਲਾ ਹੈ ਤਾਂ ਉਹ ਅਕਾਲ ਤਖ਼ਤ, ਅਤੇ ਸਰਕਾਰ ਦੀ ਆਪਣੀ ਜਾਂਚ ਵਿੱਚ ਸਾਹਮਣੇ ਕਿਉਂ ਨਹੀਂ ਆਇਆ।

ਉਸ ਨੇ ਕਿਹਾ ਕਿ ਜਿਹੜੀ ਹੱਥ ਉੱਤੇ ਮਾਸਕ ਪਾਉਣ ਵਾਲੀ ਵੀਡੀਓ ਹੈ, ਉਹ 15 ਸੈਕਿੰਡ ਦੀ ਹੀ ਕਿਉਂ ਹੈ, ਉਹ ਇੰਨੀ ਪੁਰਾਣੀ ਹੈ ਤਾਂ ਉਸ ਦੀ ਸ਼ਕਲ ਵਿੱਚ ਬਦਲਾਅ ਕਿਉਂ ਨਹੀਂ ਦਿਖਦਾ, ਕਿਉਂ ਕਿ ਉਸ ਦੀ ਉਦੋਂ ਸ਼ਕਲ ਅੱਜ ਵਾਲੀ ਨਹੀਂ ਸੀ।
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਇਹ ਵੀਡੀਓ ਹੋਟਲ ਦੀ ਹੈ। ਉਸ ਨੇ ਕਿਹਾ ਕਿ ਇਹ ਵੀਡੀਓ ਜਰਨੈਲ ਸਿੰਘ ਦੇ ਘਰ ਦੇ ਕਮਰੇ ਦੀ ਹੈ, ਇਹ ਵੀਡੀਓ ਉਸ ਨੂੰ ਸਵਾਤੀ ਮਾਲੀਵਾਲ ਨੇ ਦਿੱਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸ਼
ਵੀਰਵਾਰ ਨੂੰ ਮੋਹਾਲੀ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਇੱਕ ਵਿਸ਼ੇਸ਼ ਪ੍ਰੋਸਥੈਟਿਕ ਮਾਸਕ ਤਿਆਰ ਕਰਵਾ ਕੇ ਮੰਗਵਾਇਆ ਗਿਆ ਸੀ। ਜਿਸ ਦਿਨ ਇਹ ਮਾਸਕ ਡਿਲੀਵਰ ਹੋਇਆ, ਉਸੇ ਦਿਨ ਜਗਮਨ ਸਮਰਾ ਨੇ ਆਪਣੀ ਕਾਰ ਵਿੱਚ ਬੈਠ ਕੇ ਇਸ ਨੂੰ ਆਪਣੇ ਹੱਥ ‘ਤੇ ਪਾ ਕੇ ਇੱਕ ਵੀਡੀਓ ਬਣਾਈ ਅਤੇ ਕੁਝ ਤਸਵੀਰਾਂ ਵੀ ਖਿੱਚੀਆਂ, ਜਿਨ੍ਹਾਂ ਵਿੱਚ ਇਹ ਦੱਸਿਆ ਗਿਆ ਸੀ ਕਿ ਇਹ ਮਾਸਕ ਕਿਸੇ ਹੋਰ ਵਿਅਕਤੀ ਦੇ ਚਿਹਰੇ ‘ਤੇ ਕਿਵੇਂ ਫਿੱਟ ਕਰ ਕੇ ਵੀਡੀਓ ਬਣਾਈ ਸੀ ।
ਮੁੱਖ ਮੰਤਰੀ ਦੇ ਦਾਅਵੇ ਮੁਤਾਬਕ ਬਾਅਦ ਵਿੱਚ ਇਹੀ ਮਾਸਕ ਕਿਸੇ ਹੋਰ ਵਿਅਕਤੀ ਨੂੰ ਪਹਿਨਾ ਕੇ ਕਥਿਤ ਜਾਅਲੀ ਵੀਡੀਓ ਤਿਆਰ ਕੀਤੀ ਗਈ। ਉਨ੍ਹਾਂ ਦਾ ਦਾਅਵਾ ਸੀ ਕਿ ਵੀਡੀਓ ਵਿੱਚ ਦਿਖਾਇਆ ਗਿਆ ਕਮਰਾ ਕੈਨੇਡਾ ਦੇ ਐਬਟਸਫੋਰਡ ਸ਼ਹਿਰ ਦੇ ਇੱਕ ਹੋਟਲ ਦਾ ਹੈ।
ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਜਗਮਨ ਸਮਰਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਇਸੇ ਤਰ੍ਹਾਂ ਦਾ ਮਾਸਕ ਤਿਆਰ ਕਰਵਾਇਆ ਸੀ ਅਤੇ ਇਸ ਸਬੰਧੀ ਸਬੂਤ ਵੀ ਜਲਦੀ ਜਨਤਕ ਕੀਤੇ ਜਾਣਗੇ।
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਜਗਮਨ ਸਮਰਾ ਉਨ੍ਹਾਂ ਦਾ ਦੋਸਤ ਹੈ, ਤਾਂ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਉਸ ਦਾ ਦੋਸਤ ਨਹੀਂ ਹੈ, ਸਿਰਫ਼ ਇੱਕ ਵਾਰ ਹੀ ਉਸ ਨਾਲ ਮੁਲਾਕਾਤ ਹੋਈ ਸੀ ਅਤੇ ਉਸ ਦਾ ਅਤੀਤ ਨਸ਼ਿਆਂ ਅਤੇ ਬਲੈਕਮੇਲਿੰਗ ਨਾਲ ਜੁੜਿਆ ਰਿਹਾ ਹੈ।
ਮੌਜੂਦਾ ਸਥਿਤੀ
ਜਗਮਨ ਸਮਰਾ ਇਸ ਸਮੇਂ ਕੈਨੇਡਾ ਵਿੱਚ ਹੈ। ਜੇਕਰ ਉਸ ਦੀ ਹਵਾਲਗੀ ਦੀ ਕਾਰਵਾਈ ਸ਼ੁਰੂ ਹੁੰਦੀ ਹੈ, ਤਾਂ ਭਾਰਤ ਅਤੇ ਕੈਨੇਡਾ ਵਿਚਕਾਰ ਮੌਜੂਦਾ ਕਾਨੂੰਨੀ ਪ੍ਰਕਿਰਿਆ ਅਤੇ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸੰਬੰਧਾਂ ਨੂੰ ਦੇਖਦੇ ਹੋਏ ਇਹ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ।
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ 29 ਜੂਨ ਨੂੰ ਅੰਮ੍ਰਿਤਸਰ ਵਿਖੇ ਤਲਬ ਕੀਤਾ ਗਿਆ ਹੈ। ਦੂਜੇ ਪਾਸੇ, ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਵਿੰਗ ਵੱਲੋਂ ਜਗਮਨ ਸਮਰਾ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਜਾਰੀ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।
