punjabilens.com

ਅਮਨ ਅਰੋੜਾ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ’ਤੇ ਧੱਕੇਸ਼ਾਹੀ ਦੇ ਲਗਾਏ ਇਲਜ਼ਾਮ

ਅਮਨ ਅਰੋੜਾ, ਮੰਤਰੀ ਪੰਜਾਬ

ਰਵਨੀਤ ਬਿੱਟੂ ਖਿਲਾਫ਼ ਕਾਰਵਾਈ ਦਾ ਫ਼ੈਸਲਾ ਮੁੱਖ ਮੰਤਰੀ ਕਰਨਗੇ -ਅਰੋੜਾ 

 

ਚੰਡੀਗੜ੍ਹ/ਬਿਊਰੋ ਨਿਊਜ਼  ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਆਗੂ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।

ਇਸਦੇ ਚੱਲਦਿਆਂ ਨਗਰ ਨਿਗਮ ਚੋਣਾਂ ਦੌਰਾਨ ਰਵਨੀਤ ਬਿੱਟੂ ਵਲੋਂ ਕੀਤੀ ਧੱਕੇਸ਼ਾਹੀ ਨੂੰ ਅਮਨ ਅਰੋੜਾ ਨੇ ਗੁੰਡਾਗਰਦੀ ਕਰਾਰ ਦਿੱਤਾ ਹੈ।

ਅਰੋੜਾ ਨੇ ਕਿਹਾ ਕਿ ਭਾਜਪਾ ਆਗੂ ਉਂਕਾਰ ਸਿੰਘ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਵੀ ਪ੍ਰਚਾਰ ਕਰ ਰਹੇ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕੀਤਾ।

ਪਰ ਰਵਨੀਤ ਬਿੱਟੂ ਨੇ ਉਂਕਾਰ ਨੂੰ ਛੁਡਾਉਣ ਲਈ ਹੰਗਾਮਾ ਕੀਤਾ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਰੋੜਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਮਹਿਲਾਵਾਂ ਦਾ ਵੀ ਅਪਮਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਖਿਲਾਫ ਕਾਰਵਾਈ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

ਇਸੇ ਦੌਰਾਨ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰਵਾਈ ਜਾ ਰਹੀ ਐਸ.ਆਈ.ਆਰ. ਦੌਰਾਨ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਲੋਕਾਂ ਦੀਆਂ ਜਬਰੀ ਵੋਟਾਂ ਨਾ ਕੱਟੀਆਂ ਜਾਣ।

ਪ੍ਰਚਾਰ ਡਿਫੈਂਡਰਾਂ ’ਤੇ ਅਤੇ ਵੋਟ ਪਾਉਣ ਰੇਹੜਿਆਂ ’ਤੇ -ਮਾਨ 

ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਜਿੱਥੇ ਮਾਹੌਲ ਗਰਮਾਇਆ ਰਿਹਾ, ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ  ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ ਦੀ ਸਵਾਰੀ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਹੈ।

ਇਸ ਘਟਨਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਆਗੂਆਂ ’ਤੇ ਤਨਜ਼ ਕਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂਆਂ ਦੇ ਪ੍ਰਚਾਰ ਦੇ ਤਰੀਕਿਆਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘‘ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ’ਤੇ ਆ ਗਏ – ਪ੍ਰਚਾਰ ਡਿਫੈਂਡਰਾਂ ’ਤੇ ਅਤੇ ਵੋਟ ਪਾਉਣ ਰੇਹੜਿਆਂ ’ਤੇ ਆ ਗਏ।’’

ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਨਗਰ ਨਿਗਮ ਚੋਣਾਂ ਦੌਰਾਨ ਰਾਜਾ ਵੜਿੰਗ ਅਤੇ ਉਨ੍ਹਾਂ ਪਤਨੀ ਅੰਮਿ੍ਰਤਾ ਵੜਿੰਗ ਇਕ ਰੇਹੜੇ ’ਤੇ ਬੈਠ ਕੇ ਵੋਟ ਪਾਉਣ ਪਹੁੰਚੇ ਸਨ। ਉਧਰ ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਮਾਨ ’ਤੇ ਭਾਜਪਾ ਨਾਲ ਸਿਆਸੀ ਸਮਝੌਤੇ ਅਤੇ ਧੂਰੀ ਵਿਚ ਪੁਲਿਸ ਦੇ ਮਸਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

 

Leave a Comment

Your email address will not be published. Required fields are marked *