punjabilens.com

ਅਮਨ ਅਰੋੜਾ, ਮੰਤਰੀ ਪੰਜਾਬ
ਅਮਨ ਅਰੋੜਾ, ਮੰਤਰੀ ਪੰਜਾਬ

ਚੰਡੀਗੜ੍ਹ/ ਖੁਸ਼ਹਾਲ ਲਾਲੀ 

ਮੋਹਾਲੀ ਦੇ ਖਰੜ ਅਤੇ ਚੰਡੀਗੜ੍ਹ ਵਿੱਚ ਕੁਝ ਰੀਅਲ ਅਸਟੇਟ ਗਰੁੱਪਾਂ ਖਿਲਾਫ਼ ਇਨਫੋਰਸਮੈਂਟ ਡਇਰੈਕੋਰੇਟ ਦੀ ਕਾਰਵਾਈ ਨੇ ਸਿਆਸੀ ਰੰਗਤ ਫੜ ਲਈ ਹੈ।

ਵੀਰਵਾਰ ਦਾ ਦਿਨ ਚੜ੍ਹਦਿਆਂ ਹੀ, ਮੀਡੀਆ ਰਾਹੀਂ ਖਰੜ ਦੀ ਰਿਹਾਇਸ਼ੀ ਕਾਲੋਨੀ ਦੀ 9ਵੀਂ ਮੰਜ਼ਿਲ ਤੋਂ ਨੋਟਾਂ ਦੇ ਬੈਗ ਡਿੱਗਣ ਦੀਆਂ ਖ਼ਬਰਾ ਸ਼ੁਰੂ ਹੋਈਆਂ। ਇਨ੍ਹਾਂ ਖਬਰਾਂ ਦੇ ਆਉਂਦਿਆ ਹੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 9ਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰੇ ਬੈਗ ਥੱਲੇ ਸੁੱਟਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਬਕਾਇਦਾ ਵੀਡੀਓ ਜਾਰੀ ਕਰਕੇ ਇਲਜ਼ਾਮ ਲਾਏ ਕਿ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਨਾਲ-ਨਾਲ ਸੀਨੀਅਰ ਅਫਸਰ ਵੀ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਬਿਲਡਰਾਂ ਨੂੰ ਵੇਚਣ ਦੇ ਕੰਮ ਵਿਚ ਸ਼ਾਮਲ ਹਨ ।

ਦਾਅਵਾ ਤਾਂ ਇੱਥੋਂ ਤੱਕ ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਰੇਤ ਮਾਇਨਿੰਗ, ਗੈਰ ਕਾਨੂੰਨੀ ਸ਼ਰਾਬ ਮਾਫੀਆ ਦੀ ਖੇਡ ਚੱਲ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਜਿਹਨਾਂ ਵਿਅਕਤੀਆਂ ’ਤੇ  ਈਡੀ ਨੇ ਛਾਪੇਮਾਰੀ ਕੀਤੀ ਉਹਨਾਂ ਵਿਚ ਨਿਤਿਨ ਗੋਇਲ, ਬੀਰਦਵਿੰਦਰ ਸਿੰਘ ਤੇ ਪ੍ਰਿਤਪਾਲ ਢੀਂਡਸਾ ਸ਼ਾਮਲ ਹਨ ਜੋ ਕਿ ਮੁੱਖ ਮੰਤਰੀ ਦੇ ਓਐੱਸਡੀ ਦੇ ਨਜ਼ਦੀਕੀ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚੋਂ ਇਸ ਤਰੀਕੇ ਲੁੱਟਿਆ ਜਾ ਰਿਹਾ ਪੈਸਾ ਹਵਾਲਾ ਰਾਹੀਂ ਆਸਟਰੇਲੀਆ ਤੇ ਕੈਨੇਡਾ ਭੇਜਿਆ ਜਾ ਰਿਹਾ ਹੈ। ਸਪੱਸ਼ਟ ਹੈ ਕਿ ਓਐੱਸਡੀ ਇਸ ਘੁਟਾਲੇ ਦਾ ਮੁੱਖ ਸਾਜ਼ਿਸ਼ਕਾਰ ਹੈ।

ਇਹ ਤਾਂ ਸੀ ਸਿਆਸੀ ਇਲਜ਼ਾਮ ਤਰਾਸ਼ੀ ਪਰ ਸ਼ਾਮ ਹੁੰਦਿਆਂ ਈਡੀ ਨੇ ਇਨ੍ਹਾਂ ਰੇਡਜ਼ ਬਾਰੇ ਜੋ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਉਹ ਹੋਰ ਵੀ ਸਿਆਸੀ ਧਮਾਕੇ ਵਾਲੀ ਸੀ। ਈਡੀ ਨੇ ਬਕਾਇਦਾ ਪ੍ਰੈਸ ਨੋਟ ਵਿੱਚ ਪੰਜਾਬ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਨਾਂ ਇੱਕ ਬਿਲਡਰ ਨਾਲ ਜੋੜ ਦਿੱਤਾ।

ਅੱਜ ਅਮਨ ਅਰੋੜਾ ਵੀ ਸਾਹਮਣੇ ਆਏ ਉਨ੍ਹਾਂ ਬਿਲਡਰ ਗੌਰਵ ਧੀਰ ਨਾਲ ਆਪਣੀ ਦੋਸਤੀ ਦੀ ਗੱਲ ਤਾਂ ਕਬੂਲੀ ਪਰ ਨਾਲ ਹੀ ਈਡੀ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਖਿਲਾਫ਼ ਸਿੱਧੀ ਕਾਰਵਾਈ ਕਰੇ ਤੇ ਪੁੱਛਗਿੱਛ ਲਈ ਬੁਲਾਏ।

ਅਮਨ ਅਰੋੜਾ ਨੇ ਮਾਮਲੇ ਦੀਆਂ ਕਿਹੜੀਆਂ ਤੰਦਾਂ ਖੋਲੀਆਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਈਡੀ ਦੇ ਦਾਅਵੇ ਨਾਲ ਪੂਰਾ ਕੇਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

 (ED) ਨੇ ਦਰਅਸਲ ਦੋ ਰੀਅਲ ਐਸਟੇਟ ਗਰੁੱਪਾਂ ਖ਼ਿਲਾਫ਼ ਤਲਾਸ਼ੀ ਅਤੇ ਜ਼ਬਤੀ ਕਾਰਵਾਈ ਕੀਤੀ, ਜੋ ਕਿ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਜਿਸ ਨੂੰ Change of Land Use – CLU ਵੀ ਕਹਿੰਦੇ ਹਨ, ਲਈ ਧੋਖਾਧੜੀ ਕਰਨ ਅਤੇ ਗਾਹਕਾਂ ਤੇ ਜ਼ਮੀਨ ਮਾਲਕਾਂ ਨਾਲ ਠੱਗੀ ਕਰਨ ਦੇ ਮਾਮਲਿਆਂ ਵਿੱਚ ਸ਼ਾਮਲ ਸਨ।

ਇਨ੍ਹਾਂ ਵਿੱਚ ਪਹਿਲਾ ਗਰੁੱਪ ਹੈ ਸਨਟੈੱਕ ਸਿਟੀ

ਇਲਜ਼ਾਮ ਇਹ ਹੈ ਕਿ ਇੰਡੀਆਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਦੇ ਸੁਰੇਸ਼ ਕੁਮਾਰ ਬਜਾਜ ਅਤੇ ਅਜੈ ਸਹਿਗਲ ਨੇ 15 ਜ਼ਮੀਨ ਮਾਲਕਾਂ ਦੀ 30.5 ਏਕੜ ਜ਼ਮੀਨ ਸਬੰਧੀ ਜਾਲਸਾਜ਼ੀ ਵਾਲੇ ਸਹਿਮਤੀ ਪੱਤਰ ਤਿਆਰ ਕੀਤੇ। ਇਨ੍ਹਾਂ ਨਕਲੀ ਸਹਿਮਤੀ ਪੱਤਰਾਂ ਦੇ ਆਧਾਰ ’ਤੇ ਦੋਸ਼ੀ ਇਕਾਈਆਂ/ਵਿਅਕਤੀਆਂ ਨੂੰ “ਸਨਟੈਕ ਸਿਟੀ” ਨਾਮਕ ਰੀਅਲ ਐਸਟੇਟ ਮੇਗਾ ਪ੍ਰੋਜੈਕਟ ਵਿਕਸਤ ਕਰਨ ਲਈ CLU ਮਨਜ਼ੂਰ ਕੀਤਾ ਗਿਆ।

ਇਹ ਸਹਿਮਤੀ ਪੱਤਰ ਜ਼ਮੀਨ ਮਾਲਕਾਂ ਦੇ ਜਾਅਲੀ ਦਸਤਖ਼ਤਾਂ ਅਤੇ ਅੰਗੂਠੇ ਦੇ ਨਿਸ਼ਾਨਾਂ ਨਾਲ ਤਿਆਰ ਕੀਤੇ ਗਏ ਸਨ ਤਾਂ ਜੋ CLU ਹਾਸਲ ਕੀਤਾ ਜਾ ਸਕੇ। ਇਸ ਤੋਂ ਬਾਅਦ ਇੰਡੀਆਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਨੇ ਬਿਨਾਂ ਕੋਈ ਸੇਲ ਡੀਡ ਕੀਤੇ ਲੋਕਾਂ ਨੂੰ ਸੋਸਾਇਟੀ ਦੇ ਮੈਂਬਰ ਬਣਾਕੇ 150 ਕਰੋੜ ਰੁਪਏ ਤੋਂ ਵੱਧ ਰਕਮ ਇਕੱਠੀ ਕੀਤੀ।

CLU ਪ੍ਰਾਪਤ ਕਰਨ ਲਈ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਮੁੱਲਾਂਪੁਰ, ਐਸਏਐਸ ਨਗਰ (ਮੋਹਾਲੀ) ਵਿੱਚ IPC ਦੀਆਂ ਧਾਰਾਵਾਂ 120B, 420, 467, 468, 471 ਅਤੇ 472 ਤਹਿਤ FIR ਨੰਬਰ 123 ਮਿਤੀ 19.11.2022 ਦਰਜ ਕੀਤੀ ਗਈ ਸੀ।

ਪਲਾਟਾਂ ਤੋਂ ਇਲਾਵਾ, ਅਜੈ ਸਹਿਗਲ ਨੇ ਜਾਅਲੀ ਸਹਿਮਤੀ ਪੱਤਰਾਂ ਰਾਹੀਂ ਪ੍ਰਾਪਤ CLU ਦੇ ਆਧਾਰ ’ਤੇ “ਲਾ ਕਨੇਲਾ” ਰਿਹਾਇਸ਼ੀ ਮਲਟੀ-ਸਟੋਰੀ ਕੰਪਲੈਕਸ ਅਤੇ “ਡਿਸਟ੍ਰਿਕਟ 7” ਕਮਰਸ਼ੀਅਲ ਕੰਪਲੈਕਸ ਵੀ ਤਿਆਰ ਕੀਤਾ। ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੀਆਂ ਸਾਰੀਆਂ ਯੂਨਿਟਾਂ ਵੇਚ ਦਿੱਤੀਆਂ ਗਈਆਂ ਜਿਸ ਨਾਲ ਗੈਰਕਾਨੂੰਨੀ ਕਮਾਈ ਹੋਈ। “ਡਿਸਟ੍ਰਿਕਟ 7” ਕਮਰਸ਼ੀਅਲ ਕੰਪਲੈਕਸ ਲਈ RERA ਮਨਜ਼ੂਰੀ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੀੜਤਾਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ GMADA ਨੇ ਉਕਤ ਸੁਸਾਇਟੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।

ਸੋ ਪਹਿਲੀ ਕੰਪਨੀ ਉੱਤੇ ਲੋਕਾਂ ਦੇ ਜਾਅਲੀ ਦਸਤਖ਼ਤ ਕਰਕੇ ਜ਼ਮੀਨ ਮਾਲਕਾਂ ਅਤੇ ਗਾਹਕਾਂ ਨਾਲ ਕਰੋੜਾਂ ਦੀ ਠੱਗੀ ਦਾ ਇਲਜ਼ਾਮ ਹੈ।

ਦੂਜੀ ਕੰਪਨੀ ਹੈ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਿਟਡ

ਇਸ ਕੰਪਨੀ ਉੱਤੇ ਇਲਜ਼ਾਮ ਹਨ ਕਿ ਇਸ ਦੇ ਕਈ ਖਰੀਦਦਾਰਾਂ ਨੇ RERA, ਪੁਲਿਸ ਅਤੇ ਖਪਤਕਾਰ ਅਦਾਲਤਾਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਕਿ ਪ੍ਰੋਜੈਕਟ ਨੂੰ GMADA ਤੋਂ ਅੰਤਿਮ CLU ਮਿਲਣ ਬਾਰੇ ਝੂਠਾ ਪ੍ਰਚਾਰ ਕੀਤਾ ਗਿਆ, ਜਦਕਿ ਇਹ ਗੱਲ ਛੁਪਾਈ ਗਈ ਕਿ CLU ਸ਼ਰਤੀ ਸੀ ਅਤੇ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।

ਇਸ ਕੰਪਨੀ ਦੇ ਪ੍ਰੋਮੋਟਰ ਮੋਹਿੰਦਰ ਸਿੰਘ ਖ਼ਿਲਾਫ਼ ਨੇਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਅਤੇ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ।

ਇਸ ਧੋਖਾਧੜੀ ਸਬੰਧੀ ਪੰਜਾਬ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਫੇਜ਼-11, ਐਸਏਐਸ ਨਗਰ (ਮੋਹਾਲੀ)ਵਿੱਚ BNS 2023 ਦੀਆਂ ਧਾਰਾਵਾਂ 316, 318(2) ਅਤੇ 61 ਤਹਿਤ FIR ਨੰਬਰ 07 ਮਿਤੀ 01.02.2024 ਦਰਜ ਕੀਤੀ ਗਈ ਸੀ। ਇਹ ਮਾਮਲਾ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਿਟਡ ਅਤੇ ਇਸ ਦੇ ਡਾਇਰੈਕਟਰ ਖ਼ਿਲਾਫ਼ ਦਰਜ ਕੀਤਾ ਗਿਆ।

ਮਨੀ ਲਾਂਡਰਿੰਗ ਨੂੰ ਆਸਾਨ ਬਣਾਉਣ ਲਈ, ਐਮ/ਐਸ ਧੀਰ ਕਨਸਟਰਕਸ਼ਨਜ਼ ਦੇ ਗੌਰਵ ਧੀਰ ਨੇ ਆਪਣੀ ਇਕਾਈ ਐਮ/ਐਸ ਸਨਸਿਟੀ ਪ੍ਰੋਜੈਕਟਸ ਰਾਹੀਂ ਇਹ ਪ੍ਰੋਜੈਕਟ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਿਟਡ ਤੋਂ ਸਿਰਫ਼ 130 ਕਰੋੜ ਰੁਪਏ ਵਿੱਚ ਖਰੀਦਿਆ, ਜਦਕਿ ਪ੍ਰੋਜੈਕਟ ਦੀ ਕੀਮਤ ਨੂੰ 170 ਕਰੋੜ ਰੁਪਏ ਤੋਂ  ਘੱਟ ਦਰਸਾਇਆ ਗਿਆ। ਗੌਰਵ ਧੀਰ ਨੂੰ ਆਮ ਆਦਮੀ ਪਾਰਟੀ ਦੇ ਇੱਕ ਉੱਚ ਅਹੁਦੇ ਵਾਲੇ ਨੇਤਾ (ਅਮਨ ਅਰੋੜਾ) ਦਾ ਕਰੀਬੀ ਸਾਥੀ ਦੱਸਿਆ ਗਿਆ ਹੈ।

ਤਲਾਸ਼ੀ ਦੌਰਾਨ ਦੋ ਬਿਚੌਲੀਆਂ ਨਿਤਿਨ ਗੋਹਲ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਗਿਆ ਹੈ, ਜਿਨ੍ਹਾਂ ਉੱਤੇ ਰਾਜਨੀਤਿਕ ਸਹਾਇਤਾ ਅਤੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ ਜੋ ਪੰਜਾਬ ਸਰਕਾਰ ਦੇ ਕੰਮਕਾਜ ਵਿੱਚ ਇਨ੍ਹਾਂ ਨਿੱਜੀ ਵਿਅਕਤੀਆਂ ਦੀ ਦਖ਼ਲਅੰਦਾਜ਼ੀ ਵੱਲ ਇਸ਼ਾਰਾ ਕਰਦੇ ਹਨ।

ਤਲਾਸ਼ੀ ਕਾਰਵਾਈ ਸ਼ੁਰੂ ਹੋਣ ਸਮੇਂ ਲਗਭਗ 21 ਲੱਖ ਰੁਪਏ ਨਕਦ ਰਕਮ ਬਾਲਕਨੀ ਤੋਂ ਹੇਠਾਂ ਸੁੱਟੀ ਗਈ ਜੋ ਬਾਲਕਨੀ ਦੇ ਜਾਲ ਹੇਠੋਂ ਸੜਕ ’ਤੇ ਖਿਲਰ ਗਈ। ਬਾਅਦ ਵਿੱਚ ਇਹ ਨਕਦੀ ED ਅਧਿਕਾਰੀਆਂ ਵੱਲੋਂ ਬਰਾਮਦ ਕਰ ਲਈ ਗਈ।

ਤਲਾਸ਼ੀ ਸਥਾਨਾਂ ਤੋਂ ਕੁੱਲ ਕਰੀਬ 1 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ ਹਨ।

ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

ਹੁਣ ਸਵਾਲ ਅਮਨ ਅਰੋੜਾ ਦਾ ਨਾਂ ਜੋੜੇ ਜਾਣ ਦਾ, ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਵਿਵਾਦਾਂ ਵਿੱਚ ਅਲਟਸ ਕਪੰਨੀ ਤੋਂ ਤਾਂ ਭਾਜਪਾ ਚੰਦਾ ਲੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਗੌਰਵ ਧੀਰ ਉਨ੍ਹਾਂ ਦੇ ਪੁਰਾਣੇ ਦੋਸਤ ਹਨ ਅਤੇ ਰਹਿਣਗੇ। ਉਨ੍ਹਾਂ ਨਾਲ ਕੋਈ ਬਿਸ਼ਨਸ ਸਾਂਝ ਨਹੀਂ ਹੈ।

ਅਮਨ ਅਰੋੜਾ ਨੇ ਇਸ ਕਾਰਵਾਈ ਨੂੰ ਬਾਂਹ ਮਰੋੜਨ ਵਾਲੀ ਕਰਾਰ ਦਿੰਦਿਆ ਕਿਹਾ ਕਿ ਉਹ ਘਬਰਾਉਣ ਵਾਲੇ ਨਹੀਂ ਹਨ, ਈਡੀ ਚਾਹੇ ਤਾਂ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਪੁੱਛਗਿੱਛ ਕਰ ਸਕਦੀ ਹੈ।