Punjabi Lens

ਹੈਦਰਾਬਾਦ / ਪੰਜਾਬੀ ਲੈਂਜ਼ 

ਆਈਪੀਐਲ ਦੇ ਇਸ ਸੀਜ਼ਨ ਵਿੱਚ ਪਹਿਲਾਂ ਜਿੱਥੇ ਪੰਜਾਬ ਕਿੰਗਜ਼ ਦੀ ਜਿੱਤ ਦਾ ਸਿਲਸਿਲਾ ਨਹੀਂ ਰੁਕ ਰਿਹਾ ਸੀ ਉੱਥੇ ਹੀ ਹੁਣ ਟੀਮ ਨੇ ਹਾਰ ਦੀ ਹੈਟ੍ਰਿਕ ਲਗਾ ਦਿੱਤੀ ਹੈ।

ਬੁੱਧਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇਹ ਜਾਰੀ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਲਗਾਤਾਰ ਤੀਜੀ ਹਾਰ ਹੈ।

ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 235 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਪੰਜਾਬ ਕਿੰਗਜ਼ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 202 ਦੌੜਾਂ ਹੀ ਬਣਾ ਸਕੀ ਅਤੇ ਮੈਚ ਗੁਆ ਦਿੱਤਾ। ਇਸ ਮੈਚ ਵਿੱਚ ਪੰਜਾਬ ਟੀਮ ਨੇ ਨਾ ਸਿਰਫ਼ ਬੱਲੇਬਾਜ਼ੀ ਸਗੋਂ ਢਿੱਲੀ ਫੀਲਡਿੰਗ ਨਾਲ ਵੀ ਨਿਰਾਸ਼ ਕੀਤਾ।  

ਲਗਾਤਾਰ ਤੀਸਰੀ ਹਾਰ ਦੇ ਨਾਲ ਪੰਜਾਬ ਕਿੰਗਜ਼ ਨੇ ਪੁਆਇੰਟ ਟੇਬਲ ਵਿੱਚ ਵੀ ਸਿਖਰਲਾ ਸਥਾਨ ਗੁਆ ਦਿੱਤਾ ਹੈ।

ਹੁਣ ਸਨਰਾਈਜ਼ਰਜ਼ ਹੈਦਰਾਬਾਦ ਟਾਪ ‘ਤੇ ਪਹੁੰਚ ਗਈ ਹੈ। ਟੀਮ ਨੇ ਹੁਣ ਤੱਕ 11 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 7 ਵਿੱਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ ਅਤੇ 4 ਮੈਚ ਗੁਆਏ ਹਨ। ਇਸ ਵੇਲੇ ਹੈਦਰਾਬਾਦ ਟੀਮ ਕੋਲ 14 ਪੁਆਇੰਟਸ ਹਨ।

ਜਦਕਿ ਪੰਜਾਬ ਨੇ ਅਜੇ ਤੱਕ 10 ਮੈਚਾਂ ਵਿੱਚੋਂ 6 ਜਿੱਤੇ ਹਨ ਅਤੇ 3 ਵਿੱਚ ਟੀਮ ਹਾਰ ਦਾ ਮੂੰਹ ਦੇਖਣਾ ਪਿਆ ਹੈ। ਹਾਲਾਂਕਿ ਇੱਕ ਮੈਚ ਰੱਦ ਹੋ ਗਿਆ ਸੀ। ਇਸ ਵੇਲੇ ਪੁਆਇੰਟ ਟੇਬਲ ਵਿੱਚ 13 ਪੁਆਇੰਟਸ ਦੇ ਨਾਲ ਪੰਜਾਬ ਕਿੰਗਜ਼ ਦੂਜੇ ਸਥਾਨ ‘ਤੇ ਖਿਸਕ ਗਈ ਹੈ।

ਪੰਜਾਬ ਕਿੰਗਜ਼ ਤੋਂ ਬਾਅਦ ਤੀਜੇ, ਚੌਥੇ ਅਤੇ ਪੰਜਵੇ ਨੰਬਰ ‘ਤੇ 12-12 ਅੰਕਾਂ ਨਾਲ ਕ੍ਰਮਵਾਰ ਰਾਇਲ ਚੈਲੇਂਜਰਸ ਬੈਂਗਲੌਰ, ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਜ਼ ਹਨ।

Leave a Comment

Your email address will not be published. Required fields are marked *

Scroll to Top