
ਚੰਡੀਗੜ੍ਹ/ਖੁਸ਼ਹਾਲ ਲਾਲੀ
31 ਅਕਤੂਬਰ 1984, ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ,,,,
ਦਿੱਲੀ ਪੁਲਿਸ ਦੀ ਵੱਡੀ ਟੀਮ ਧਾੜਵੀਆਂ ਵਾਂਗ ਅੰਦਰ ਦਾਖ਼ਲ ਹੁੰਦੀ ਹੈ।
ਪੁਲਿਸ ਨੂੰ ਇੱਕ ਨਰਸ ਦੀ ਤਲਾਸ਼ ਸੀ, ਸਧਾਰਨ ਦਿਖਣ ਵਾਲੀ ਇਸ ਨਰਸ ਦੀ ਗ੍ਰਿਫ਼ਤਾਰੀ ਵੇਲ਼ੇ ਪੁਲਿਸ ਦਾ ਵਤੀਰਾ ਇੱਕ ਅੱਤਵਾਦੀ ਨਾਲ ਡੀਲ ਕਰਨ ਵਰਗਾ ਸੀ।
ਪਰ ਇਸ ਨਰਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਿਉਂ ਕਰ ਰਹੀ ਹੈ।
ਇਸੇ ਦੌਰਾਨ ਦੇਸ ਦੁਨੀਆਂ ਦੇ ਮੀਡੀਆ ਉੱਤੇ ਇੱਕ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਰਹੀ ਸੀ, ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਗਾਰਡਾਂ ਨੇ ਕਤਲ ਕਰ ਦਿੱਤਾ ਹੈ।

ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਨਰਸ ਬਿਮਲਾ ਦੇਵੀ ਸੀ, ਜਿਸ ਨੂੰ ਗਿਫ਼ਤਾਰੀ ਤੋਂ ਬਾਅਦ ਇੱਕ ਲੇਡੀ ਕਾਂਸਟੇਬਲ ਦੱਸਦੀ ਹੈ, ‘‘ਤੇਰੇ ਪਤੀ ਬੇਅੰਤ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਹੈ।’’
ਜਿਸ ਨਰਸ ਬਿਮਲਾ ਦੇਵੀ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਉਹ ਸੀ, ਦਰਅਸਲ ਬਿਮਲ ਕੌਰ ਖਾਲਸਾ ਸੀ, ਜੋ ਬਾਅਦ ਵਿੱਚ ਭਾਰਤੀ ਸੰਸਦ ਦੀ ਮੈਂਬਰ ਬਣੀ, ਜਿਸ ਨੇ 1980-90ਵਿਆਂ ਦੌਰਾਨ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਨੂੰ ਨਾ ਸਿਰਫ਼ ਹੱਡੀਂ ਹੰਢਾਇਆ, ਬਲਕਿ ਮਿਲੀਟੈਂਸੀਂ ਦੇ ਨਾਂ ਉੱਤੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ਬਰਦਸਤ ਲੜਾਈ ਵੀ ਲੜੀ।
ਬਿਮਲ ਕੌਰ ਦੀ ਚਰਚਾ ਅੱਜ ਇਸ ਲਈ ਕਿਉਂ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉੱਤੇ ਪੰਜਾਬੀ ਫਿਲਮ ਆ ਰਹੀ ਹੈ। ਮਈ ਵਿੱਚ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਹੈ, ਚੜ੍ਹਦੀ ਕਲਾ… ਜਿਸ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ।

ਇਸ ਫਿਲਮ ਵਿੱਚ ਬਿਮਲ ਕੌਰ ਖਾਲਸਾ ਦਾ ਕਿਰਦਾਰ ਪੰਜਾਬੀ ਅਦਾਕਾਰਾ ਰੂਪੀ ਗਿੱਲ ਨੇ ਨਿਭਾਇਆ ਹੈ, ਜਦਕਿ ਬੇਅੰਤ ਸਿੰਘ ਦੇ ਕਿਰਦਾਰ ਵਿੱਚ ਗਾਇਕ ਤੇ ਅਦਾਕਾਰ ਐਮੀ ਵਿਰਕ ਨਜ਼ਰ ਆ ਰਹੇ ਹਨ। ਇਹ ਫਿਲਮ ਬਿਮਲ ਕੌਰ ਖਾਲਸਾ ਦੇ ਸੰਘਰਸ਼ ਦੀ ਕਣਕਹੀ ਕਹਾਣੀ ਕਹਿੰਦੀ ਹੈ।
ਬਿਮਲ ਕੌਰ ਖਾਲਸਾ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ, ਉਹ ਇੱਕ ਸਧਾਰਨ ਕੁੜੀ ਸੀ, ਜੋ ਆਮ ਕੁੜੀਆਂ ਵਾਂਗ ਪੜ੍ਹੀ ਲਿਖੀ ਅਤੇ ਨਰਸਿੰਗ ਨੂੰ ਉਸ ਨੇ ਆਪਣਾ ਪ੍ਰੋਫੈਸ਼ਨ ਬਣਾਇਆ।
ਇੱਥੇ ਹੀ ਉਸ ਦੀ ਮੁਲਾਕਾਤ ਦਿੱਲੀ ਪੁਲਿਸ ਦੇ ਸਬ-ਇੰਸਪੈਕਟਰ ਬੇਅੰਤ ਸਿੰਘ ਨਾ ਹੋਈ, ਅਤੇ ਦੋਵਾਂ ਨੇ ਲਵ ਮੈਰਿਜ ਕਰਵਾ ਲਈ।
8 ਸਾਲ ਤੱਕ ਦਾ ਸਮਾਂ ਕਿਵੇਂ ਲੰਘਿਆ, ਕੁਝ ਪਤਾ ਹੀ ਨਹੀਂ ਲੱਗਿਆ। ਦੋਵੇਂ ਤਿੰਨ ਬੱਚਿਆਂ ਦੇ ਮਾਂ-ਪਿਓ ਬਣ ਚੁੱਕੇ ਸਨ।
ਪਰ ਜੂਨ 1984 ਦੇ ਦਰਬਾਰ ਸਾਹਿਬ ਉੱਤੇ ਇੰਦਰਾ ਗਾਂਧੀ ਹਕੂਮਤ ਵਲੋਂ ਕਰਵਾਏ ਫੌਜੀ ਹਮਲੇ ਨੇ ਬਿਮਲਾ ਦੇਵੀ ਦੀ ਜ਼ਿੰਦਗੀ ਨੂੰ ਉਵੇਂ ਹੀ ਬਦਲ ਦਿੱਤਾ ਜਿਵੇਂ ਇਸ ਨੇ ਭਾਰਤ ਦੀ ਸਿਆਸਤ ਨੂੰ ਸਦਾ ਲਈ ਬਦਲ ਦਿੱਤਾ।
ਬਿਮਲ ਕੌਰ ਖਾਲਸਾ ਨੇ ਇਸ ਘਟਨਾ ਤੋਂ ਬਾਅਦ ਜੋ ਅਜੀਬ ਬਦਲਾਅ ਨੋਟ ਕੀਤਾ ਸੀ, ਉਹ ਸੀ ਉਨ੍ਹਾਂ ਦੇ ਪਤੀ ਦਾ ਆਮ ਪੁਲਿਸੀਆ ਲਾਇਫ਼ ਅਤੇ ਲਿਬਰਲ ਸਿੱਖ ਦਾ ਸੁਭਾਅ ਬਦਲਣਾ। ਬੇਅੰਤ ਸਿੰਘ ਚੁੱਪਚਾਪ ਰਹਿਣ ਲੱਗੇ ਸਨ, ਅਚਾਨਕ 14 ਅਕਤੂਬਰ 1984 ਉਹ ਦਿੱਲੀ ਦੇ ਮੋਤੀਬਾਗ ਗੁਰਦੁਆਰਾ ਸਾਹਿਬ ਵਿੱਚ ਗਏ ਅਤੇ ਅੰਮ੍ਰਿਤਧਾਰੀ ਹੋ ਗਏ।
ਉਸ ਤੋਂ ਬਾਅਦ ਬਿਮਲਾ ਦੇਵੀ ਨੇ ਵੀ ਅੰਮ੍ਰਿਤ ਛਕਿਆ ਤੇ ਉਹ ਵੀ ਬਿਮਲ ਕੌਰ ਬਣ ਗਈ।
ਲੇਡੀਹਾਰਡਿੰਗ ਹਸਪਤਾਲ ਵਿੱਚੋਂ 31 ਅਕਤੂਬਰ 1984 ਨੂੰ ਹੋਈ ਗ੍ਰਿਫ਼ਤਾਰੀ ਤੱਕ ਬਿਮਲ ਕੌਰ ਨੂੰ ਇਸ ਗੱਲ ਦਾ ਜਰਾ ਜਿੰਨਾ ਵੀ ਅੰਦਾਜ਼ਾ ਨਹੀਂ ਸੀ ਕਿ ਬੇਅੰਤ ਸਿੰਘ ਦਾ ਸੁਭਾਅ ਕਿਉਂ ਬਦਲਿਆ ਸੀ।
ਇਹ ਤੱਥ ਬਾਅਦ ਵਿੱਚ ਉੱਭਰ ਕੇ ਸਾਹਮਣੇ ਆਏ ਕਿ ਬੇਅੰਤ ਸਿੰਘ ਤਾਂ ਆਪਣੇ ਸਾਥੀ ਸਤਵੰਤ ਸਿੰਘ ਅਗਵਾਨ ਤੇ ਕੇਹਰ ਸਿੰਘ ਨਾਲ ਮਿਲ ਕੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦਾ ਬਦਲਾ ਲੈਣ ਦੀ ਅਰਦਾਸ ਸ੍ਰੀ ਦਰਬਾਰ ਸਾਹਿਬ ਕਰ ਆਇਆ ਸੀ ਅਤੇ ਉਸ ਨੇ ਆਪਣੀ ਅਰਦਾਸ ਪੂਰੀ ਕਰ ਕੇ ਸ਼ਹਾਦਤ ਹਾਸਲ ਕਰ ਲਈ ਸੀ।
ਇੰਦਰਾ ਗਾਂਧੀ ਦੇ ਕਤਲ ਦੌਰਾਨ ਬੇਅੰਤ ਸਿੰਘ ਦੀ ਥਾਹੇਂ ਮੌਤ ਹੋ ਗਈ, ਸਤਵੰਤ ਸਿੰਘ ਤੇ ਕੇਹਰ ਸਿੰਘ ਦੋਵਾਂ ਨੂੰ ਬਾਅਦ ਵਿੱਚ ਫਾਂਸੀ ਲਟਕਾ ਦਿੱਤਾ ਗਿਆ।
ਖੈਰ੍ਹ! ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਿਮਲ ਕੌਰ ਅੱਗੇ ਪੁਲਿਸ ਨੇ ਸਾਰਾ ਭੇਦ ਖੋਲ੍ਹਿਆ, ਉਸ ਉੱਤੇ ਹਿਰਾਸਤ ਦੌਰਾਨ ਅੰਨ੍ਹਾਂ ਤਸ਼ੱਦਦ ਹੋਇਆ, ਬੇਅੰਤ ਸਿੰਘ ਦੇ ਅੱਤਵਾਦੀ ਸੰਗਠਨਾਂ, ਜਾਂ ਵਿਦੇਸ਼ੀ ਏਜੰਸੀਆਂ ਨਾਲ ਲਿੰਕ ਜੋੜਨ ਲਈ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਘਰ ਵੀ ਫਰੋਲ਼ ਸੁੱਟਿਆ ਪਰ ਪੁਲਿਸ ਹੱਥ ਕੁਝ ਨਾ ਆਇਆ ਅਤੇ ਕਈ ਹਫ਼ਤਿਆਂ ਦੀ ਹਿਰਾਸਤ ਤੋਂ ਬਾਅਦ ਉਹ ਰਿਹਾਅ ਹੋ ਗਏ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਨਿਰਦੈਰਤਾ ਨਾਲ ਦਿੱਲੀ ਵਿੱਚ ਸਿੱਖ ਕਤਲੇਆਮ ਹੋਇਆ ਸੀ, ਉਸ ਹਾਲਾਤ ਵਿੱਚ ਇੰਦਰਾ ਨੂੰ ਮਾਰਨ ਵਾਲੇ ਦੇ ਪਰਿਵਾਰ ਦਾ ਦਿੱਲੀ ਵਿੱਚ ਰਹਿਣਾ ਕਿਵੇਂ ਸੁਖਾਵਾ ਹੋ ਸਕਦਾ ਸੀ। ਜਿਵੇਂ ਕਿਵੇਂ ਸਕੂਲ ਜਾ ਸਕਦੇ ਸਨ।
ਇਸ ਲਈ ਬਿਮਲ ਕੌਰ ਖਾਲਸਾ ਆਪਣੇ ਤਿੰਨਾਂ ਬੱਚਿਆਂ ਨਾਲ ਬੇਅੰਤ ਸਿੰਘ ਦੇ ਜੱਦੀ ਪਿੰਡ ਮਲੋਆ ਆ ਗਏ, ਮਲੋਆ ਉਦੋਂ ਰੋਪੜ ਜ਼ਿਲ੍ਹੇ ਦਾ ਪਿੰਡ ਸੀ, ਜੋ ਬਿਲਕੁੱਲ ਚੰਡੀਗੜ੍ਹ ਦੀਆਂ ਜੜ੍ਹਾਂ ਵਿੱਚ ਵਸਿਆ ਹੋਇਆ ਸੀ।
ਇੱਥੇ ਵੀ ਜ਼ਿੰਦਗੀ ਸੁਖਾਲੀ ਨਹੀਂ ਸੀ, ਖੇਤਾਂ ਵਿੱਚ ਮੋਟਰ ਵਾਲੇ ਕਮਰਾ ਹੀ ਟਿਕਾਣਾ ਬਣਾਉਣਾ ਪਿਆ।
ਪਰ ਜੋ ਡਰ ਦਿੱਲੀ ਨੇ ਸਿਰਜਿਆ ਸੀ, ਉਹ ਬੇਅੰਤ ਸਿੰਘ ਦੇ ਭੋਗ ਦੌਰਾਨ ਹੋਏ ਪੰਥਕ ਇਕੱਠ ਨੇ ਦੂਰ ਕਰ ਦਿੱਤਾ। ਭਾਵੇਂ ਦਮਦਮੀ ਟਕਸਾਲ ਤੋਂ ਬਿਨਾਂ ਹੋਰ ਕੋਈ ਪੰਥਕ ਅਦਾਰਾ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ, ਪਰ ਪੰਜਾਬ ਦੇ ਪੰਥਕ ਦੇ ਜਜ਼ਬੇ ਨੇ ਉਨ੍ਹਾਂ ਵਿੱਚ ਵੀ ਪੰਥ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੁਲਾਰੇ ਮਾਰਨ ਲਾ ਦਿੱਤਾ।

1985 ਵਿੱਚ ਬੀਬੀ ਬਿਮਲ ਕੌਰ ਖਾਲਸਾ ਪੰਜਾਬ ਆਉਂਦੀ ਹੈ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਕੰਮ ਕਰਨਾ ਸ਼ੁਰੂ ਕਰਦੀ ਹੈ, ਇਸ ਨਾਲ ਹੀ ਸਰਕਾਰੀ ਬੇ-ਇਨਸਾਫ਼ੀਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਖਿਲਾਫ਼ ਚੁੱਕੀ ਜਾਂਦੀ ਹੈ।
1985 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਿਮਲ ਕੌਰ ਖਾਲਸਾ ਚਮਕੌਰ ਸਾਹਿਬ ਅਤੇ ਪੱਕਾ ਕਲਾਂ ਹਲਕਿਆਂ ਤੋਂ ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਦੇ ਹਨ, ਭਾਵੇਂ ਹਾਰ ਜਾਂਦੇ ਹਨ, ਪਰ ਉਹ ਦੂਜੇ ਸਥਾਨ ਉੱਤੇ ਰਹਿੰਦੇ ਹਨ।
ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਅਕਾਲੀ ਦਲ ਸਰਕਾਰ ਬਣਾਉਦਾਂ ਹੈ, 30 ਅਪ੍ਰੈਲ 1986 ਨੂੰ ਸੁਰਜੀਤ ਸਿੰਘ ਬਰਨਾਲਾ ਦਰਬਾਰ ਸਾਹਿਬ ਵਿੱਚੋਂ ਖਾੜਕੂਆਂ ਨੂੰ ਕੱਢਣ ਲਈ ਪੁਲਿਸ ਭੇਜਦੇ ਹਨ, ਕੋਈ ਵੀ ਖਾੜਕੂ ਜਥੇਬੰਦੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਨਾ ਹੋਵੇ ਇਸ ਲਈ ਪ੍ਰਬੰਧ ਕੀਤਾ ਜਾਂਦਾ ਹੈ।
ਪਰ 4 ਜੂਨ 1986 ਨੂੰ ਬਿਮਲ ਕੌਰ ਖਾਲਸਾ 3500 ਦੇ ਕਰੀਬ ਗਰਮਸੁਰ ਵਾਲੇ ਸਿੰਘਾਂ ਨਾਲ ਦਰਬਾਰ ਸਾਹਿਬ ਸਾਕਾ ਨੀਲਾ ਤਾਰਾ ਦੀ ਦੂਜੀ ਬਰਸੀ ਮਨਾਉਣ ਜਾਂਦੇ ਹਨ। ਇੱਥੇ ਉਨ੍ਹਾਂ ਦਾ ਗਰਮਸੁਰ ਵਾਲਾ ਭਾਸ਼ਣ ਸੁਣ ਕੇ ਮਾਹੌਲ ਗਰਮਾ ਜਾਂਦਾ ਹੈ, ਇਸ ਦੌਰਾਨ ਹੋਈ ਝੜਪ ਦੌਰਾਨ ਗੋਲ਼ੀ ਚੱਲਦੀ ਹੈ ਅਤੇ ਇੱਕ ਗਾਰਡ ਦੀ ਮੌਤ ਹੋ ਜਾਂਦੀ ਹੈ। ਇਲਜ਼ਾਮ ਲੱਗਦੇ ਹਨ ਕਿ ਗਰਮ ਦਲੀਆਂ ਦੀ ਅਗਵਾਈ ਬੀਬੀ ਬਿਮਲ ਕੌਰ ਖਾਲਸਾ ਕਰ ਰਹੇ ਸਨ।
ਇਸ ਮਾਮਲੇ ਦੀ ਐੱਫ਼ਆਈਆਰ ਵਿੱਚ ਬਿਮਲ ਕੌਰ ਖਾਲਸਾ ਦਾ ਨਾਂ ਵੀ ਸ਼ਾਮਲ ਹੁੰਦਾ ਹੈ, ਉਨ੍ਹਾਂ ਭੜਕਾਊ ਭਾਸ਼ਣ ਦੇਣ ਅਤੇ ਦੰਗਾ ਕਰਾਉਣ ਵਰਗੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਦੋ ਸਾਲ ਜੇਲ੍ਹ ਵਿੱਚ ਕੱਟਣੇ ਪੈਂਦੇ ਹਨ।
ਇਹੀ ਜੱਦੋਜਹਿਦ ਦਾ ਉਹ ਸਮਾਂ ਹੁੰਦਾ ਹੈ, ਜਦੋਂ ਬਿਮਲ ਕੌਰ ਖਾਲਸਾ ਦੀ ਸਿਆਸੀ ਭੂਮਿਕਾ ਤੈਅ ਹੁੰਦੀ ਹੈ। 1989 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਸਿਰਮਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਿਮਲ ਕੌਰ ਖਾਲਸਾ ਨੂੰ ਰੋਪੜ ਹਲਕੇ ਤੋਂ ਉਮੀਦਵਾਰ ਬਣਾਉਦਾ ਹੈ, ਅਤੇ ਉਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹਨ।
ਇਸ ਦੌਰਾਨ ਪੰਜਾਬ ਵਿੱਚ ਖਾਲਿਸਤਾਨੀ ਹਥਿਆਰਬੰਦ ਲਹਿਰ ਵੀ ਸਿਖ਼ਰਾਂ ਉੱਤੇ ਹੁੰਦੀ ਹੈ, ਅਤੇ ਖਾੜਕੂਆਂ ਨੂੰ ਗੋਲ਼ੀ ਦਾ ਜਵਾਬ ਗੋਲ਼ੀ ਨਾਲ ਦੇਣ ਦੀ ਸਰਕਾਰੀ ਨੀਤੀ ਵੀ। ਇੱਥੇ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਇਹ ਉਹ ਦੌਰ ਵੀ ਸੀ ਜਦੋਂ ਪੁਲਿਸ ਅਤੇ ਏਜੰਸੀਆਂ ਨੇ ਮਨੁੱਖੀ ਘਾਣ ਕਰਨ ਦੇ ਸਭ ਹੱਦਬੰਨ੍ਹੇ ਟੱਪੇ। ਬੌਤਰ ਸੰਸਦ ਮੈਂਬਰ ਬਿਮਲ ਕੌਰ ਖਾਲਸਾ ਉਨ੍ਹਾਂ ਗਿਣੇ-ਚੁਣੇ ਆਗੂਆਂ ਵਿੱਚੋਂ ਸੀ ਜੋ ਇਸ ਵਰਤਾਰੇ ਅੱਗੇ ਖੜਨ ਦੀ ਜੁਅਰਤ ਕਰਦੀ ਸੀ।
ਜਿੱਥੇ ਵੀ ਕਿਤੇ ਪੁਲਿਸ ਮੁਕਾਬਲਾ ਹੋਣ ਦੀ ਖ਼ਬਰ ਮਿਲਦੀ ਉਹ ਤੁਰੰਤ ਉੱਥੇ ਪਹੁੰਚੇ, ਖਾੜਕੂਆਂ ਦੇ ਭੋਗ ਸਮਾਗਮਾਂ ਵਿੱਚ ਜਾ ਕੇ ਪੀੜ੍ਤਤ ਪਰਿਵਾਰਾਂ ਨਾਲ ਖੜ੍ਹਦੇ। ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਉਨ੍ਹਾਂ ਉੱਤੇ ਖਾੜਕੂਆਂ ਨੂੰ ਪਨਾਹ ਦੇਣ ਅਤੇ ਮਦਦ ਮਹੁੱਈਆ ਕਰਵਾਉਣ ਵਰਗੇ ਇਲਜ਼ਾਮ ਲਾਉਂਦੇ।
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਕੇਸੀਐੱਫ਼ ਰਾਜਸਥਾਨੀ ਗੁਰਜੰਟ ਸਿੰਘ ਰਾਜਸਥਾਨੀ ਦੀ ਬਿਮਲ ਕੌਰ ਖਾਲਸਾ ਨਾਲ ਨੇੜਤਾ ਸੀ, ਉਹ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ ਅਤੇ ਉਸ ਦਾ ਪੁਲਿਸ ਮੁਕਾਬਲਾ ਵੀ ਬਿਮਲ ਕੌਰ ਖਾਲਸਾ ਦੇ ਘਰ ਦੇ ਨੇੜੇ ਹੀ ਹੋਇਆ ਸੀ।
ਬਿਮਲ ਕੌਰ ਖਾਲਸਾ ਦੀ ਨਜ਼ਦੀਕੀ ਗੁਰਦੀਪ ਕੌਰ ਇੱਕ ਇੰਟਰਵਿਊ ਵਿੱਚ ਦੱਸਦੇ ਹਨ, ਕਿ ਉਨ੍ਹਾਂ ਦੇ ਇੱਕ ਗੰਗਮੈਨ ਬਿੰਦਰ ਨੂੰ ਰੋਪੜ ਤੇ ਪਟਿਆਲ਼ਾ ਪੁਲਿਸ ਨੇ ਚੁੱਕ ਕੇ ਅੰਨ੍ਹਾ ਤਸ਼ੱਦਦ ਕੀਤਾ ਸੀ, ਇਸੇ ਤਰ੍ਹਾਂ ਇੱਕ ਹੋ ਗੰਨਮੈਨ ਗਾਂਧੀ ਜੋ ਖਰੜ ਦੇ ਖਾਨਪੁਰ ਦਾ ਰਹਿਣ ਵਾਲੀ ਸੀ, ਨੂੰ ਚੰਡੀਗੜ੍ਹ ਪੁਲਿਸ ਨੇ ਮਾਰ ਦਿੱਤਾ ਸੀ, ਉਸ ਨੂੰ ਅਣਪਛਾਤਾ ਕਹਿ ਕੇ ਸਾੜ ਦਿੱਤਾ, ਉਸ ਦੀ ਬਲਦੀ ਲਾਸ਼ ਨੂੰ ਸਿਵੇ ਵਿੱਚੋਂ ਕਢਵਾ ਕੇ ਪਿੰਡ ਲਿਆਂਦਾ ਗਿਆ ਸੀ।
ਗਾਂਧੀ ਉਹੀ ਗੰਗਮੈਨ ਸੀ, ਜਿਸ ਨੇ ਬਿਮਲ ਕੌਰ ਖਾਲਸਾ ਦੀ ਤਤਕਾਲੀ ਚੰਡੀਗੜ੍ਹ ਐੱਸੈੱਪੀ ਸੁਮੇਧ ਸੈਣੀ ਨਾਲ ਤਲਖੀ ਦੌਰਾਨ ਸੈਣੀ ਵੱਲ ਕਾਰਬਾਇਨ ਸਿੱਧੀ ਕਰ ਦਿੱਤੀ ਸੀ। ਬਾਅਦ ਵਿੱਚ ਉਸ ਨੂੰ ਚੁੱਕ ਕੇ ਖਪਾ ਦਿੱਤਾ ਗਿਆ।
ਗੁਰਦੀਪ ਕੌਰ ਇੱਕ ਹੋਰ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ, ਪਤਾ ਲੱਗਿਆ ਕਿ ਸਮਰਾਲਾ ਵਿੱਚ 4 ਨੌਜਵਾਨਾਂ ਦਾ ਕਥਿਤ ਤੌਰ ਉੱਤੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ, ਬਿਮਲ ਕੌਰ ਖਾਲਸਾ ਗੁਰਦੀਪ ਕੌਰ ਨਾਲ ਮੌਕੇ ਉੱਤੇ ਪਹੁੰਚਦੇ ਹਨ, ਉਦੋਂ ਤੱਕ ਪੁਲਿਸ ਇਨ੍ਹਾਂ ਦੀਆਂ ਲਾਸ਼ਾਂ ਨੂੰ ਚਿਤਾਵਾਂ ਵਿੱਚ ਚਿਣ ਦਿੰਦੀ ਹੈ, ਪਰ ਬਿਮਲ ਕੌਰ ਖਾਲਸਾ ਦੀ ਜੁਅਰਤ ਸੀ, ਕਿ ਉਹ ਲਾਸ਼ਾਂ ਨੂੰ ਚਿਤਾ ਵਿਚੋਂ ਕਢਵਾ ਕੇ ਪਰਿਵਾਰਾਂ ਨੂੰ ਸੌਂਪਦੀ ਹੈ।
ਇਸੇ ਸ਼ੰਘਰਸ਼ ਵਿੱਚੋਂ ਗੁਜ਼ਰਦਿਆਂ ਆਖ਼ਰ 2 ਸਿਤੰਬਰ 1991 ਨੂੰ ਇੱਕ ਅਜਿਹੀ ਘਟਨਾ ਘਟਦੀ ਹੈ, ਜਿਸ ਦੌਰਾਨ ਬਿਮਲ ਕੌਰ ਖਾਲਸਾ ਆਪਣੇ ਘਰ ਵਿੱਚ ਹੀ ਭੇਦਭਰੇ ਹਾਲਾਤ ਵਿੱਚ ਮ੍ਰਿਤਕ ਪਾਇਆ ਗਿਆ। ਕੁਝ ਰਿਪੋਰਟਾਂ ਆਈਆਂ ਜਿਸ ਤਹਿਤ ਗਿਆ ਕਿ ਉਸ ਨੇ ਸਾਇਨਾਇਡ ਨਿਗਲ ਲਿਆ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋਈ, ਬਾਅਦ ਵਿੱਚ ਪੁਲਿਸ ਨੇ ਥਿਊਰੀ ਦਿੱਤੀ ਕਿ ਘਰ ਵਿੱਚ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਂਦੇ ਸਮੇਂ ਕਰੰਟ ਲੱਗਣ ਨਾਲ ਉਨ੍ਗਾਂ ਦੀ ਮੌਤ ਹੋਈ।
ਬਿਮਲ ਕੌਰ ਦੇ ਜੇਠ ਸ਼ਮਸ਼ੇਰ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇ, ਪਰ ਪੁਲਿਸ ਨੇ ਪੋਸਟ ਮਾਰਟਮ ਨਹੀਂ ਕਰਵਾਇਆ। ਪਰਿਵਾਰਕ ਮੈਂਬਰ ਪੁਲਿਸ ਦੀ ਥਿਊਰੀ ਨੂੰ ਰੱਦ ਕਰਦੇ ਰਹੇ ਹਨ।
ਕੁਝ ਲੋਕਾਂ ਦਾ ਮੰਨਣਾ ਸੀ ਕਿ ਉਨ੍ਹਾਂ ਦਾ ਹਾਲ ਵੀ ਦੂਜੇ ਖਾੜਕੂਆਂ ਵਾਲਾ ਕੀਤਾ ਗਿਆ, ਅਜਿਹੇ ਵੀ ਇਲਜ਼ਾਮ ਹਨ ਕਿ ਉਨ੍ਹਾਂ ਨੂੰ ਜ਼ਬਰੀ ਚੁੱਕ ਕੇ ਸ਼ਾਇਦ ਜ਼ਹਿਰ ਦਿੱਤਾ ਗਿਆ। ਪਰ ਇਹ ਸਾਰੇ ਇਲਜ਼ਾਮ ਹੀ ਹਨ, ਇਸ ਦੀ ਪੁਸ਼ਟੀ ਨਹੀਂ ਹੋ ਸਕਦੀ ਕਿਉਂ ਕਿ ਪੋਸਟ ਮਾਰਟਰ ਜਾਂ ਕੋਈ ਜਾਂਚ ਨਾ ਹੋਣ ਕਾਰਨ ਇਸ ਦਾ ਭੇਦ ਬਰਕਰਾਰ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।