
13 ਅਪ੍ਰੈਲ 1919 ਨੂੰ ਵਾਪਰੇ ਇਸ ਖੂਨੀ ਕਾਂਡ ਦੌਰਾਨ ਸੈਂਕੜੇ ਲੋਕ ਮਾਰੇ ਗਏ ਸਨ
ਇਸ ਖ਼ੂਨੀ ਕਾਂਡ ਨੂੰ ਅੰਜਾਮ ਦੇਣ ਵਾਲਾ ਬਰਤਾਨਵੀਂ ਫੌਜੀ ਅਫ਼ਸਰ ਸੀ ਜਨਰਲ ਡਾਇਰ।
ਜਨਰਲ ਡਾਇਰ ਦਾ ਪੂਰਾ ਨਾਂ ਰੈਡੀਨਾਲਡ ਐਡਵਰਡ ਹੈਰੀ ਡਾਇਰ ਸੀ।
ਜਲ੍ਹਿਆਂਵਾਲਾ ਕਾਂਡ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿੱਚ ਉਸ ਦੀ ਤਿੱਖੀ ਆਲੋਚਨਾ ਹੋਈ ਅਤੇ ਬਹੁਗਿਣਤੀ ਭਾਰਤੀਆਂ ਵਿੱਚ ਇਸ ਕਾਂਡ ਨੇ ਬਰਤਾਨਵੀਂ ਹਕੂਮਤ ਖ਼ਿਲਾਫ਼ ਰੋਹ ਜਗਾ ਦਿੱਤਾ ਸੀ।
ਇਤਿਹਾਸਕਾਰ ਵੀਐੱਨ ਦੱਤਾ ਆਪਣੇ ਲੇਖ ‘ਜਲ੍ਹਿਆਂਵਾਲਾ ਬਾਗ : ਕਤਲੇਆਮ ਤੇ ਪਰਿਣਾਮֹ’ ਵਿੱਚ ਲਿਖਦੇ ਹਨ,
‘‘ਡਾਇਰ ਪਰਿਵਾਰ ਦਾ ਭਾਰਤ ਨਾਲ ਰਿਸ਼ਤਾ ਕਰੀਬ ਇੱਕ ਸਦੀ ਦਾ ਸੀ। ਉਸ ਦੇ ਦਾਦਾ ਜੌਹਨ ਐਡਵਰਡ ਦਾ ਜਨਮ 7 ਜੁਲਾਈ 1831 ਨੂੰ ਕੋਲਕਾਤਾ ਵਿੱਚ ਹੋਇਆ ਸੀ ਅਤੇ ਉਹ ਭਾਰਤ ਵਿੱਚ ਹੀ ਵਸ ਗਿਆ ਸੀ।’’
ਜਨਰਲ ਡਾਇਰ ਨੇ ਮੁੱਢਲੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਤੋਂ ਕੀਤੀ ਸੀ ਅਤੇ ਕਾਲਜ ਦੀ ਪੜ੍ਹਾਈ ਆਇਰਲੈਂਡ ਤੋਂ।
ਡਾਇਰ ਜ਼ਿਆਦਾ ਕਰਕੇ ਜੰਗੀ ਮੁਹਿੰਮਾਂ ਵਿੱਚ ਸਰਗਰਮ ਰਿਹਾ ਸੀ। ਭਾਰਤ ਵਾਪਸੀ ਉੱਤੇ ਜਲੰਧਰ ਵਿੱਚ ਡਾਇਰ ਨੂੰ ਬ੍ਰਿਗੇਡ ਕਮਾਂਡਰ ਲਾਇਆ ਗਿਆ ਸੀ।
1919 ਦੇ ਮਾਰਚ -ਅਪ੍ਰੈਲ ਦੇ ਲੋਕ ਅੰਦੋਲਨ ਨੂੰ ਦਬਾਉਣ ਲਈ ਉਹ ਜਲੰਧਰ ਤੋਂ ਹੀ 10 ਅਪ੍ਰੈਲ ਨੂੰ ਫੌਜੀ ਦਸਤਿਆਂ ਨਾਲ ਅੰਮ੍ਰਿਤਸਰ ਪਹੁੰਚਿਆ ਸੀ।
ਉੱਥੇ ਪਹੁੰਚਦਿਆਂ ਹੀ ਉਸ ਨੇ ਜ਼ੁਲਮ ਦੀ ਹੱਦ ਮੁਕਾ ਦਿੱਤੀ ।

ਕੂਚਾ ਕੌੜਿਆਂਵਾਲਾਂ ਵਾਲੀ ਗਲ਼ੀ
‘ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਮੁੱਖ ਧਾਰਵਾਂ ਕਿਤਾਬ’ ਪ੍ਰਿੰਸੀਪਲ ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ, “ਰੌਲਟ ਐਕਟ ਉੱਤੇ ਅੰਦੋਲਨ ਕਾਫ਼ੀ ਤਿੱਖਾ ਹੋ ਗਿਆ ਸੀ ਅਤੇ ਪ੍ਰਸਾਸ਼ਨ ਨੂੰ ਹਾਲਾਤ ਹੱਥੋਂ ਬਾਹਰ ਜਾਂਦੇ ਲੱਗ ਰਹੇ ਸਨ।
“ਅਪ੍ਰੈਲ 9, 1919 ਤੱਕ ਪੂਰਾ ਅੰਦੋਲਨ ਸਾਂਤਮਈ ਰਿਹਾ ਪਰ ਫਿਰ ਬਰਤਾਨਵੀਂ ਅਫ਼ਸਰਾਂ ਨੇ ਮੁੱਖ ਆਗੂ ਡਾ. ਸਤਿਆਪਾਲ ਤੇ ਡਾ. ਸੈਫ਼-ਉਦ-ਦੀਨ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਸੀ।”
“ਇਸ ਤੋਂ ਬਾਅਦ ਲੋਕ ਭੜਕ ਉੱਠੇ। ਲੋਕਾਂ ਨੇ ਵੱਡੀ ਗਿਣਤੀ ਵਿਚ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਭੰਨ ਤੋੜ ਕੀਤੀ ਸੀ। ਪੁਲਿਸ ਨੇ ਭੀੜ ਉੱਤੇ ਗੋਲੀ ਚਲਾ ਕੇ 20 ਬੰਦੇ ਮਾਰ ਦਿੱਤੇ ਸੀ।”
ਅਮ੍ਰਿਤਸਰ ਵਿੱਚ ਇੱਕ ਅਜਿਹੀ ਗਲੀ ਵੀ ਸੀ, ਜਿਸ ਵਿਚੋਂ ਗੁਜ਼ਰਨ ਵੇਲੇ ਭਾਰਤੀਆਂ ਨੂੰ ਲੇਟ ਕੇ (ਰੁੜ ਕੇ) ਲੰਘਣਾ ਪੈਂਦਾ ਸੀ। ਇੱਥੋਂ ਲੰਘਦੇ ਸਮੇਂ ਨੌਜਵਾਨਾਂ ਦੇ ਕੌੜੇ ਮਾਰ ਜਾਂਦੇ ਸਨ।
‘ਜਲ੍ਹਿਆਂਵਾਲਾ ਬਾਗ -1919 ਦਾ ਰੀਅਲ ਸਟੋਰੀ’ ਦੀ ਲੇਖਕ ਕਿਸ਼ਵਰ ਦੇਸਾਈ ਪੰਨਾ ਨੰਬਰ 112 ਉੱਤੇ ਲਿਖਦੀ ਹੈ, “10 ਅਪ੍ਰੈਲ ਨੂੰ ਮਿਸ਼ਨਰੀ ਮਾਰਸੈਲਾ ਸ਼ੇਰਵੁੱਡ ਉੱਤੇ ਭੜਕੀ ਭੀੜ ਨੇ ਹਮਲਾ ਕਰ ਦਿੱਤਾ, ਇਹ ਹਮਲਾ ਦੁਪਹਿਰ ਇੱਕ ਵਜੇ ਦੇ ਕਰੀਬ ਹੋਇਆ। ਉਹ ਮਿਸ਼ਨ ਸਕੂਲ ਦੀ ਸੁਪਰਡੈਂਟ ਸੀ।”
“ਜਦੋਂ ਰੇਲਵੇ ਪੁਲ਼ ਉੱਤੇ ਪੁਲਿਸ ਫਾਇਰਿੰਗ ਵਿੱਚ ਕਈ ਬੰਦੇ ਮਾਰੇ ਗਏ ਤਾਂ ਲੋਕ ਭੜਕ ਉੱਠੇ ਅਤੇ ਉਨ੍ਹਾਂ ਬ੍ਰਿਟੇਨ ਪਛਾਣ ਨਾਲ ਜੁੜੇ ਅਦਾਰਿਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਈ ਬੈਂਕਾਂ ਉੱਤੇ ਹਮਲੇ ਕੀਤੇ। ਇਸ ਹਿੰਸਾ ਵਿਚ 5 ਬਰਤਾਨਵੀਂ ਮਾਰੇ ਗਏ. ਇਸ ਹਿੰਸਾ ਦੀ ਲਪੇਟ ਵਿਚ ਸ਼ੇਰੁਵੁੱਡ ਵੀ ਆ ਗਈ।”
ਕਿਸ਼ਵਰ ਦੇਸਾਈ ਮੁਤਾਬਕ ਡਾਇਰ ਜਦੋਂ ਹਸਪਤਾਲ ਵਿਚ ਬੁਰ੍ਹੀ ਤਰ੍ਹਾਂ ਜ਼ਖ਼ਮੀ ਸ਼ੇਰਵੁੱਡ ਨੂੰ ਮਿਲਿਆ ਤਾਂ ਉਸ ਨੇ ਉਸ ਗਲੀ ਦੇ ਦੋਵੇਂ ਪਾਸੇ ਗਾਰਡਜ਼ ਖੜ੍ਹੇ ਕਰ ਦਿੱਤੇ।
ਕਰੀਬ 150 ਗਜ ਦੀ ਉਹ ਥਾਂ ਜਿੱਥੇ ਉਸ ਉੱਤੇ ਹਮਲਾ ਕੀਤਾ ਗਿਆ ਉੱਥੋਂ ਗੁਜ਼ਰਨ ਵੇਲੇ ਭਾਰਤੀਆਂ ਨੂੰ ਰੁੜ ਕੇ ਲੰਘਣਾ ਪੈਂਦਾ ਸੀ। ਇਸ ਰਾਹ ਤੋਂ ਲੰਘਣ ਸਮੇਂ ਨੌਜਵਾਨਾਂ ਦੇ ਕੌੜੇ ਮਾਰ ਜਾਂਦੇ ਸਨ। ਬਜ਼ੁਰਗਾਂ ਔਰਤਾਂ ਅਤੇ ਬੱਚਿਆਂ ਵਿੱਚੋਂ ਕਿਸੇ ਨੂੰ ਨਹੀਂ ਬਖ਼ਸ਼ਿਆ ਗਿਆ ਸੀ। ਜਿਨ੍ਹਾਂ ਲੋਕਾਂ ਦੇ ਇੱਥੇ ਘਰ ਸਨ ਉਹ 8 ਦਿਨ ਜੇਲ੍ਹ ਵਾਂਗ ਰਹੇ। ਇਸ ਗਲ਼ੀ ਨੂੰ ਕੂਚਾ ਕੌੜਿਆਂਵਾਲਾਂ ਕਿਹਾ ਜਾਂਦਾ ਸੀ।
“ਇਹ ਹੁਕਮ ਸਵੇਰੇ 6 ਵਜੇ ਤੋਂ ਰਾਤੀਂ 8 ਵਜੇ ਤੱਕ ਲਾਗੂ ਹੁੰਦੇ ਸਨ, ਰਾਤ ਨੂੰ ਕਰਫਿਊ ਹੋਣ ਕਾਰਨ ਇਸ ਦੀ ਲੋੜ ਨਹੀਂ ਸੀ। ਇਸ ਖੇਤਰ ਵਿੱਚ ਪੈਂਦੇ ਘਰਾਂ ਦੇ ਪਿਛਲੇ ਪਾਸੇ ਦਰਵਾਜ਼ੇ ਨਹੀਂ ਸਨ ਅਤੇ ਲੋਕਾਂ ਨੂੰ ਲੇਟ ਕੇ ਜ਼ਮੀਨ ਉੱਤੇ ਘਿਸਰ ਕੇ ਲੰਘਣਾ ਪੈਂਦਾ ਸੀ।”
ਦਰਅਸਲ ਪੰਜਾਬ ਵਿੱਚ ਰੌਲਟ ਐਕਟ ਦਾ ਵਿਰੋਧ ਹੋ ਗਿਆ ਸੀ, ਜੋ ਹਿੰਸਕ ਹੋ ਨਿੱਬੜਿਆ ਸੀ
ਐਨਾਰਕੀਕਲ ਐਂਡ ਰੈਵੋਰੂਸ਼ਨਰੀ ਕਰਾਈਮ ਐਕਟ ਆਫ਼ -1919 ਨੂੰ ਆਮ ਕਰਕੇ ‘ਰੌਲਟ ਐਕਟ’ ਜਾਂ ‘ਕਾਲਾ ਕਾਨੂੰਨ’ ਵੀ ਕਿਹਾ ਜਾਂਦਾ ਹੈ।
ਰੌਲਟ ਐਕਟ ਹੀ ਉਹ ਕਾਨੂੰਨ ਸੀ ਜਿਸ ਨੇ ਹਕੂਮਤ ਨੂੰ ਅਣਚਾਹੀ ਤਾਕਤ ਦਿੱਤੀ। ਇਸ ਐਕਟ ਦੇ ਵਿਰੋਧ ਵਜੋਂ ਪੰਜਾਬ ਵਿਚ ਜ਼ਬਰਦਸਤ ਅੰਦੋਲਨ ਬਣਿਆ ਸੀ। ਇਸੇ ਕਾਨੂੰਨ ਦੇ ਵਿਰੋਧ ਵਿੱਚ ਜਲ੍ਹਿਆਂਵਾਲਾ ਬਾਗ ਵਿੱਚ ਸਭਾ ਹੋ ਰਹੀ ਸੀ।
ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਕਿੰਨੀਆਂ ਮੌਤਾਂ ਹੋਈਆਂ ਸਨ?
ਇਤਿਹਾਸਕਾਰ ਵੀਐੱਨ ਦੱਤਾ ਮੁਤਾਬਕ ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਹੋਈਆਂ ਮੌਤਾਂ ਬਾਰੇ ਕਈ ਅੰਕੜੇ ਮਿਲਦੇ ਹਨ। ਦੱਤਾ ਲਿਖਦੇ ਹਨ ਕਿ ਜਨਰਲ ਡਾਇਰ ਨੇ ਲੈ. ਗਵਰਨਰ ਨੂੰ ਮਰਨ ਵਾਲਿਆਂ ਦੀ ਗਿਣਤੀ ਬਾਰੇ 200-300 ਦੇ ਵਿਚਕਾਰ ਦਾ ਅੰਦਾਜ਼ਾ ਲਿਖ ਕੇ ਭੇਜਿਆ ਸੀ।
ਜਦਕਿ ਜੇਬੀ ਥਾਪਸਨ ਦੀ ਗਿਣਤੀ ਮਿਣਤੀ ਮੁਤਾਬਕ ਬਾਗ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 291 ਤੋਂ ਵੱਧ ਨਹੀਂ ਸੀ, ਪਰ ਸੇਵਾ ਸੰਮਤੀ ਜਿਸ ਨੇ ਘਰਾਂ ਵਿਚ ਜਾ ਕੇ ਸਰਵੇ ਕਰਨ ਦਾ ਦਾਅਵਾ ਕੀਤਾ ਉਸ ਮਤਾਬਕ ਉਸ ਨੂੰ 530 ਬੰਦਿਆਂ ਦੇ ਮਾਰੇ ਜਾਣ ਦੇ ਵੇਰਵੇ ਮਿਲੇ ਸਨ।
ਵੀਐੱਨ ਦੱਤ ਦੇ ਲੇਖ ‘ਜਲ੍ਹਿਆਂਵਾਲਾ ਬਾਗ: ਕਤਲੇਆਮ ਤੇ ਪਰਿਣਾਮ’ ਦੇ ਲੇਖ ਅਨੁਸਾਰ ਸਰਕਾਰੀ ਅੰਕੜੇ ਮੁਤਾਬਿਕ 379 ਲੋਕ ਮਾਰੇ ਗਏ ਸਨ।
ਵੀਐੱਨ ਦੱਤ ਅਨੁਸਾਰ ਲੈਜੇਸਲੇਟਵ ਕੌਂਸਲ ਦੀ ਮੀਟਿੰਗ ਵਿੱਚ ਪੰਡਤ ਮਦਨ ਮੋਹਨ ਮਾਲਵੀਆ ਨੇ ਦੱਸਿਆ ਕਿ ਸਰਕਾਰੀ ਦਾਅਵੇ ਦੇ ਉਲਟ ਮਰਨ ਵਾਲਿਆਂ ਦੀ ਗਿਣਤੀ ਸਬੰਧੀ 1000 ਦਾ ਅੰਕੜਾ ਸੱਚ ਦੇ ਵਧੇਰੇ ਨੇੜੇ ਹੈ।
ਵੀਐੱਨ ਦੱਤਾ ਮੁਤਾਬਕ ਮਾਲਵੀਆ ਦਾ ਅੰਕੜਾ ਵਧਾ ਚੜ੍ਹਾ ਕੇ ਦੱਸਿਆ ਹੋਇਆ ਨਹੀਂ ਹੈ। ਮਾਲਵੀਆ ਦਾ ਕਹਿਣ ਸੀ ਕਿ ਇਕ ਛੋਟੀ ਜਿਹੀ ਥਾਂ ਜਿੱਥੇ 15 ਹਜ਼ਾਰ ਬੰਦਿਆਂ ਦੀ ਭੀੜ ਇਕੱਠੀ ਹੋਵੇ ਤੇ 1650 ਕਾਰਤੂਸ ਦਾਗੇ ਗਏ ਹੋਣ ਉੱਥੇ 700 ਬੰਦਿਆਂ ਦਾ ਮਾਰੇ ਜਾਣਾ ਅਸੰਭਵ ਗੱਲ ਨਹੀਂ ਲਗਦੀ।
ਡਾਇਰ ਤੇ ਓ ਡੀਵਾਇਰ
ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਭਾਰਤੀ ਆਜ਼ਾਦੀ ਘੁਲਾਟੀਏ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ ਸੀ।
ਪਰ ਅਸਲੀਅਤ ਇਹ ਹੈ ਕਿ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿੱਚ ਲੋਕਾਂ ਉੱਤੇ ਅੰਨ੍ਹੇਵਾਹ ਫਾਇਰਿੰਗ ਕਰਵਾਉਣ ਵਾਲੇ ਰੈਡੀਨਾਲਡ ਐਡਵਰਡ ਹੈਰੀ ਡਾਇਰ ਦਾ ਨਹੀਂ ਬਲਕਿ ਸਰ ਮਾਇਕਲ ਓ ਡੀਵਾਇਰ ਦਾ ਕਤਲ ਕੀਤਾ ਸੀ।
ਓ ਡੀਵਾਇਰ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਗਵਰਨਰ ਸੀ ਅਤੇ ਉਸ ਨੇ ਹੀ ਇਸ ਫਾਇਰਿੰਗ ਦੇ ਹੁਕਮ ਦਿੱਤੇ ਸਨ।
ਓ ਡੀਵਾਇਰ ਨੇ ਖੂਨੀ ਸਾਕੇ ਦੀ ਜਾਂਚ ਲਈ ਬਣੇ ਹੰਟਰ ਕਮਿਸ਼ਨ ਅੱਗੇ ਡਾਇਰ ਦੇ ਕਾਰੇ ਨੂੰ ਜਾਇਜ਼ ਦੱਸਿਆ ਸੀ।
ਲੰਡਨ ਦੇ ਕੈਕਸਟਨ ਹਾਲ ਵਿੱਚ 13 ਜੂਨ 1940 ਨੂੰ ਜਦੋਂ ਊਧਮ ਸਿੰਘ ਨੇ ਓ ਡੀਵਾਇਰ ਨੂੰ ਮਾਰਿਆ ਉਦੋਂ ਉਹ ਰਾਇਲ ਸੁਸਾਇਟੀ ਆਫ਼ ਏਸ਼ੀਅਨ ਅਫ਼ੇਅਜ਼ ਦੇ ਸਮਾਗਮ ਵਿਚ ਭਾਸ਼ਣ ਦੇ ਰਿਹਾ ਸੀ ਅਤੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਜਾਇਜ਼ ਠਹਿਰਾ ਰਿਹਾ ਸੀ।

ਹੰਟਰ ਕਮਿਸ਼ਨ ਕੀ ਸੀ
ਇਤਿਹਾਸਕਾਰ ਸੱਤਿਆ ਐੱਮ ਰਾਏ ਵੱਲੋਂ ਲਿਖੇ ਲੇਖ ਵਿੱਚ ਉਨ੍ਹਾਂ ਲਿਖਿਆ ਕਿ ਮਾਰਸ਼ਲ ਲਾਅ ਅਤੇ ਸੈਂਸਰਸ਼ਿਪ ਖ਼ਤਮ ਹੋਣ ਤੋਂ ਬਾਅਦ ਜਦੋਂ ਲੋਕਾਂ ਉੱਤੇ ਵਰਤਾਏ ਕਹਿਰ ਦੀਆਂ ਖ਼ਬਰਾਂ ਬਾਹਰ ਆਈਆਂ ਤਾਂ ਇਸ ਦੀ ਭਾਰਤ ਅਤੇ ਬ੍ਰਿਟੇਨ ਸਣੇ ਚੁਫੇਰਿਓਂ ਨਿੰਦਾ ਹੋਈ।
ਲੋਕਾਂ ਦੀ ਰਾਏ ਤੋਂ ਮਜ਼ਬੂਰ ਹੋ ਕੇ ਬ੍ਰਿਟਨ ਸਰਕਾਰ ਨੇ ਲਾਰਡ ਹੰਟਰ ਦੀ ਅਗਵਾਈ ਵਿਚ ਕਮਿਸ਼ਨ ਦਾ ਗਠਨ ਕੀਤਾ।
ਇਸ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਦੀ ਨਿਖੇਧੀ ਕਰਦਿਆਂ ਲਿਖਿਆ, ”ਉਸ ਨੇ ਜਦੋਂ ਤੱਕ ਮਨ ਕੀਤਾ ਫਾਇਰਿੰਗ ਕੀਤੀ, ਜਿਸ ਤੋਂ ਇਹ ਸਮਝ ਆਉਂਦੀ ਹੈ ਕਿ ਜਰਨਲ ਡਾਇਰ ਨੇ ਇੱਕ ਬੱਜਰ ਗੁਨਾਹ ਕੀਤਾ ਹੈ। ਇਸ ਕਮਿਸ਼ਨ ਵਿਚ ਪੀੜ੍ਹਤ ਪੱਖ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਦਾ ‘ਮਾਰਸ਼ਲ ਲਾਅ’ ਦੌਰਾਨ ਫੌਜੀ ਤਾਕਤ ਵਰਤਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ।”
ਜਨਰਲ ਡਾਇਰ ਦਾ ਮੰਨਣਾ ਸੀ ਕਿ ਉਸ ਨੇ ਬਗਾਵਤ ਨੂੰ ਦਬਾਇਆ ਹੈ। ਇਹੀ ਵਿਚਾਰ ਤਤਕਾਲੀ ਗਵਰਨਰ ਸਰ ਮਾਈਕਲ ਓ-ਡਵਾਇਰ ਦੇ ਸਨ , ਪਰ ਹੰਟਰ ਕਮਿਸ਼ਨ ਨੇ ਲਿਖਿਆ, ”ਉੱਥੇ ਕੋਈ ਬਗਾਵਤ ਨਹੀਂ ਹੋ ਰਹੀ ਸੀ ਜਿਸ ਨੂੰ ਖ਼ਤਮ ਕਰਨ ਦੀ ਲੋੜ ਸੀ।” ਰਾਏ ਮੁਤਾਬਕ ਭਾਰਤੀ ਲੋਕਾਂ ਨੇ ਇਸ ਹੰਟਰ ਕਮਿਸ਼ਨ ਨੂੰ ਗੈਰ-ਤਸੱਲੀਬਖ਼ਸ਼ ਅਤੇ ਅਧੂਰਾ ਕਿਹਾ।
ਜਰਨਲ ਡਾਇਰ ਨੂੰ ‘ਸਿੱਖ’ ਸਾਜਿਆ ਗਿਆ
ਜਨਰਲ ਡਾਇਰ ਦਾ ਸਾਥ ਸਿਰਫ਼ ਅੰਗਰੇਜ਼ ਹਕੂਮਤ ਨੇ ਹੀ ਨਹੀਂ ਦਿੱਤਾ, ਪੰਜਾਬ ਵਿੱਚ ਵੀ ਉਸ ਦਾ ਸਨਮਾਨ ਕਰਨ ਵਾਲਿਆਂ ਦੀ ਕਮੀ ਨਹੀਂ ਸੀ।
ਸਿੱਖ ਇਤਿਹਾਸਕਾਰਾਂ ਨੇ ਅਜਿਹੇ ਵੇਰਵਿਆਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ ਵਿੱਚ ਗੁਰਦੁਆਰਿਆਂ ਉੱਤੇ ਤਤਕਾਲੀ ਪ੍ਰਬੰਧਕ, ਜਿਨ੍ਹਾਂ ਨੂੰ ਮਸੰਦ ਕਹਿੰਦੇ ਸਨ, ਨੇ ਡਾਇਰ ਦਾ ਸਨਮਾਨ ਕੀਤਾ ਸੀ
ਅਕਾਲੀ ਮੋਰਚਿਆਂ ਦਾ ਇਤਿਹਾਸ ਕਿਤਾਬ ਦੇ ਲੇਖਕ ਸੋਹਨ ਸਿੰਘ ਜੋਸ਼ ‘ਗੁਰਦੁਆਰਿਆਂ ਦੀ ਆਜ਼ਾਦੀ ਦਾ ਸਵਾਲ’ ਲੇਖ ਵਿੱਚ ਲਿਖਦੇ ਹਨ,”ਇਹ ਮਸੰਦ ਜਨਰਲ ਡਾਇਰ ਜਿਹੇ ਖੁੰਖਾਰ ਦਰਿੰਦੇ ਨੂੰ ”ਸਿੱਖ ਬਣਾਉਣ ਲਈ ਹਾਸੋਹੀਣਾ ਨਾਟਕ ਰਚਦੇ ਸਨ।”
“ਉਸ ਨੂੰ ਵਧਾਈਆਂ ਦਿੰਦੇ ਸਨ ਕਿ ਉਸ ਨੇ ਜਲ੍ਹਿਆਂਵਾਲੇ ਬਾਗ ਵਿੱਚ ਅੰਨ੍ਹੇਵਾਹ ਗੋਲੀ ਚਲਾ ਕੇ ਨਿਹੱਥੇ ਅਤੇ ਸ਼ਾਂਤ ਬੈਠੇ ਪੰਜਾਬੀਆਂ ਦੇ ਆਹੂ ਲਾਹ ਕੇ ਬੁਰਾਈ ਨੂੰ ਫੈਲਣ ਤੋਂ ਪਹਿਲਾਂ ਕੁਚਲ ਦਿੱਤਾ ਸੀ।”
ਜੋਸ਼ ਆਪਣੇ ਲੇਖ ਵਿੱਚ ਜਨਰਲ ਡਾਇਰ ’ਤੇ ਕਿਤਾਬ ਲਿਖਣ ਵਾਲੇ ਲੇਖਕ ਮਿਸਟਰ ਕੈਲਵਿਨ ਦੇ ਹਵਾਲੇ ਨਾਲ ਲਿਖਦੇ ਹਨ,” ਜਦੋਂ ਉਹ ( ਡਾਇਰ) ਅੰਮ੍ਰਿਤਸਰ ਵਾਪਿਸ ਮੁੜ ਕੇ ਆਇਆ ਤਾਂ ਉਸ ਨੂੰ ਅਤੇ ਮੇਜਰ ਕੈਪਟਨ ਬ੍ਰਿਗਜ਼ ਨੂੰ ਦਰਬਾਰ ਸਾਹਿਬ ਬੁਲਾਇਆ ਗਿਆ”
”ਸਾਹਿਬ ਉਨ੍ਹਾਂ ਨੇ ਆਖਿਆ ਤੁਹਾਨੂੰ ਸਿੱਖ ਬਣ ਚਾਹੀਦਾ ਹੈ, ਜਿਵੇਂ ਨਿਕਲਸਨ ਸਾਹਿਬ ਸਿੱਖ ਬਣ ਗਿਆ ਸੀ ਪਰ ਡਾਇਰ ਨੇ ਕਿਹਾ ਕਿ ਮੈਂ ਬ੍ਰਿਟਿਸ਼ ਅਫਸਰ ਦੇ ਤੌਰ ’ਤੇ ਵਾਲ ਨਹੀਂ ਰੱਖ ਸਕਦਾ।”
ਅਰੂੜ ਸਿੰਘ ਹੱਸ ਪਿਆ,”ਮੈਂ ਤੁਹਾਨੂੰ ਲੰਬੇ ਵਾਲ ਨਾ ਰੱਖਣ ਦੀ ਛੂਟ ਦੇ ਦਿਆਂਗਾ।” ਉਸ ਨੇ ਅੱਗੇ ਆਖਿਆ,”ਮੈਂ ਸਿਗਰੇਟ ਪੀਣਾ ਨਹੀਂ ਛੱਡ ਸਕਦਾ, ਅਰੂੜ ਸਿੰਘ ਨੇ ਆਖਿਆ ਤੁਹਾਨੂੰ ਹੌਲੀ-ਹੌਲੀ ਛੱਡ ਦੇਣ ਦੀ ਖੁੱਲ੍ਹ ਦੇ ਦਿਆਂਗੇ।”
ਸਿੱਖ ਹੱਸਦੇ ਹੱਸਦੇ ਉਨ੍ਹਾਂ ਨੂੰ ਸਿੱਖੀ ਵਿਚ ਸ਼ਾਮਲ ਕਰਨ ਵਿਚ ਰੁਝ ਗਏ। ਡਾਇਰ ਤੇ ਬ੍ਰਿਗਜ਼ ਨੂੰ ਪੰਜ ਕਕਾਰ ਪਹਿਨਾਏ ਗਏ। ਇਸ ਤਰ੍ਹਾਂ ਉਹ ਸਿੱਖ ਬਣ ਗਏ।
ਭਾਵੇਂ ਕਿ ਸਿੱਖ ਕੌਮ ਨੇ ਇਸ ਕਦਮ ਦਾ ਤਿੱਖਾਂ ਵਿਰੋਧ ਕੀਤਾ ਪਰ ਆਮ ਸਿੱਖਾਂ ਦੀ ਗੁਰਦੁਆਰਿਆਂ ਉੱਤੇ ਕਾਬਜ਼ ਧਿਰ ਨੇ ਅਵਾਜ਼ ਨਹੀਂ ਸੁਣੀ।
ਅਕਾਲੀ ਲਹਿਰ ਦਾ ਇਤਿਹਾਸ ਕਿਤਾਬ ਦੇ ਲੇਖਕ ਮਹਿੰਦਰ ਸਿੰਘ ਦੀ ਕਿਤਾਬ ਵਿਚ ਵੀ ਉਕਤ ਵਾਕਿਆ ਹੂ-ਬ-ਹੂ ਲਿਖਿਆ ਗਿਆ ਹੈ।
ਖੁਸ਼ਵੰਤ ਸਿੰਘ ਅਤੇ ਪ੍ਰਿਥੀਪਾਲ ਸਿੰਘ ਦੀਆਂ ਕਿਤਾਬਾਂ ਵਿਚ ਉਸ ਸਮੇਂ ਦੇ ਵੱਡੇ ਸਿੱਖ ਆਗੂ ਸੁੰਦਰ ਸਿੰਘ ਮਜੀਠੀਆ ਦੇ ਡਾਇਰ ਦੇ ਹੱਕ ਵਿੱਚ ਦਿੱਤੇ ਬਿਆਨਾਂ ਦਾ ਜ਼ਿਕਰ ਮਿਲਦਾ ਹੈ।
ਸੰਬੰਧਿਤ ਪੋਸਟਾਂ:
ਕੋਈ ਸੰਬੰਧਿਤ ਪੋਸਟ ਨਹੀਂ।