
ਚੰਡੀਗੜ੍ਹ/ ਪੰਜਾਬੀ ਲੈਂਜ ਬਿਊਰੋ
ਵਿਸ਼ਵ ਸਿਹਤ ਸੰਗਠਨ ਛੇ ਮਹੀਨਿਆਂ ਤੱਕ ਦੇ ਨਿਆਣਿਆਂ ਨੂੰ ਸਿਰਫ਼ ਅਤੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣ ਦੀ ਸਿਫ਼ਾਰਿਸ਼ ਕਰਦਾ ਹੈ।
ਸੰਗਠਨ ਦੀ ਸਾਬਕਾ ਮੁੱਖ ਸਾਇੰਸਦਾਨ ਅਤੇ ਐਮ.ਐਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਚੇਅਰਪਰਸਨ, ਡਾਕਟਰ ਸੌਮਿਆ ਸਵਾਮੀਨਾਥਨ ਕਹਿੰਦੇ ਹਨ, “ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ ਜਿਨ੍ਹਾਂ ਬੱਚਿਆਂ ਨੂੰ ਨਲਕੀ ਜ਼ਰੀਏ ਦੁੱਧ ਦੇਣਾ ਪੈਂਦਾ ਹੈ, ਉਨ੍ਹਾਂ ਨੂੰ ਡਾਕਟਰ ਫ਼ਾਰਮੂਲਾ ਮਿਲਕ ਦੇ ਸਕਦੇ ਹਨ। ਲੇਕਿਨ ਹੁਣ ਕਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ‘ਹਿਊਮਨ ਮਿਲਕ ਬੈਂਕ’ (ਇਨਸਾਨੀ ਦੁੱਧ ਦੇ ਬੈਂਕ) ਸ਼ੁਰੂ ਹੋ ਗਏ ਹਨ।”
ਡਾਕਟਰ ਸਵਾਮੀਨਾਥਨ ਦੱਸਦੇ ਹਨ ਕਿ ਕਈ ਸਿਹਤਮੰਦ ਮਾਂਵਾਂ ਵਾਧੂ ਦੁੱਧ ਮਿਲਕ ਬੈਂਕ ਵਿੱਚ ਦਾਨ ਕਰਦੀਆਂ ਹਨ, ਜਿਸ ਨਾਲ ਐਨਆਈਸੀਯੂ ਦੇ ਬੱਚਿਆਂ ਨੂੰ ਫ਼ਾਰਮੂਲਾ ਦੀ ਥਾਂ ਮਾਂ ਦਾ ਦੁੱਧ ਮਿਲਦਾ ਹੈ। ਜਿਨ੍ਹਾਂ ਹਸਪਤਾਲਾਂ ਨੇ ਅਜਿਹੇ ਮਿਲਕ ਬੈਂਕ ਸ਼ੁਰੂ ਕੀਤੇ ਹਨ, ਉਨ੍ਹਾਂ ਅਨੁਸਾਰ ਬ੍ਰੈਸਟ ਮਿਲਕ (ਮਾਂ ਦਾ ਦੁੱਧ) ਪੀਣ ਵਾਲੇ ਐਨਆਈਸੀਯੂ ਬੱਚਿਆਂ ਦਾ ਹਸਪਤਾਲ ਵਿੱਚ ਰਹਿਣ ਦਾ ਸਮਾਂ ਲਗਭਗ ਇੱਕ ਹਫ਼ਤਾ ਘੱਟ ਹੋ ਜਾਂਦਾ ਹੈ।
ਉੱਥੇ ਹੀ, ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਦੋਂ ਮਾਂ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਚੁੰਘਾ ਸਕਦੀ।
ਇਸ ਬਾਰੇ ਨਵੀਂ ਦਿੱਲੀ ਦੇ ਸੀਤਾਰਾਮ ਭਾਰਤੀਆ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ ਦੇ ਬਾਲ ਰੋਗ ਵਿਭਾਗ ਦੇ ਮੁਖੀ ਅਤੇ ਡਿਪਟੀ ਮੈਡੀਕਲ ਨਿਰਦੇਸ਼ਕ ਡਾਕਟਰ ਜਤਿੰਦਰ ਨਾਗਪਾਲ ਦੱਸਦੇ ਹਨ, “ਫ਼ਾਰਮੂਲਾ ਮਿਲਕ ਆਮ ਤੌਰ ‘ਤੇ ਤਿੰਨ ਸੂਰਤਾਂ ਵਿੱਚ ਦਿੱਤਾ ਜਾਂਦਾ ਹੈ। ਪਹਿਲਾ, ਉਦੋਂ ਜਦੋਂ ਮਾਂ ਦਾ ਦੁੱਧ ਬੱਚੇ ਦੀ ਪੂਰੀ ਲੋੜ ਅਨੁਸਾਰ ਕਾਫ਼ੀ ਨਾ ਹੋਵੇ। ਦੂਜੀ ਸਥਿਤੀ ਵਿੱਚ ਜਦੋਂ ਮਾਤਾ-ਪਿਤਾ ਦੋਵੇਂ ਕੰਮਕਾਜੀ ਹੋਣ, ਅਤੇ ਉਨ੍ਹਾਂ ਕੋਲ ਲੋੜੀਂਦਾ ਸਮਾਂ ਨਾ ਹੋਵੇ ਤਾਂ ਉਹ ਆਪਣੀ ਸਹੂਲਤ ਅਨੁਸਾਰ ਫ਼ਾਰਮੂਲਾ ਮਿਲਕ ਦਿੰਦੇ ਹਨ। ਤੀਜੀ ਸਥਿਤੀ ਵਿੱਚ ਡਾਕਟਰ ਖ਼ੁਦ ਸਲਾਹ ਦਿੰਦੇ ਹਨ, ਪਰ ਅਜਿਹਾ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।”
ਡਾਕਟਰ ਨਾਗਪਾਲ ਕਹਿੰਦੇ ਹਨ ਕਿ ਮਾਂ ਦੇ ਦੁੱਧ ਨੂੰ ‘ਤਰਲ ਸੋਨਾ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਫ਼ਾਰਮੂਲਾ ਦੁੱਧ ਵਿੱਚ ਨਹੀਂ ਪਾ ਸਕਦੇ, ਜਿਵੇਂ ਕਿ ਡਿਫੈਂਸ ਸੈੱਲਜ਼ (ਰੋਗ ਰੋਕੂ ਕੋਸ਼ਿਕਾਵਾਂ) ਜੋ ਬੱਚੇ ਦੇ ਪੋਸ਼ਣ ਅਤੇ ਵਿਕਾਸ ‘ਤੇ ਡੂੰਘਾ ਅਸਰ ਪਾਉਂਦੇ ਹਨ। ਲੇਕਿਨ ਉਹ ਦਾਅਵਾ ਕਰਦੇ ਹਨ ਕਿ ਗਾਂ ਅਤੇ ਮੱਝ ਦੇ ਦੁੱਧ ਦੀ ਤੁਲਨਾ ਵਿੱਚ ਫ਼ਾਰਮੂਲਾ ਮਿਲਕ ਥੋੜ੍ਹਾ ਬਿਹਤਰ ਨਜ਼ਰ ਆਉਂਦਾ ਹੈ।
ਦਰਅਸਲ, ਫ਼ਾਰਮੂਲਾ ਮਿਲਕ ਵਿੱਚ ਅਜਿਹੇ ਕਈ ਮਾਈਕ੍ਰੋਨਿਊਟ੍ਰੀਐਂਟਸ (ਸੂਖਮ ਪੋਸ਼ਕ ਤੱਤ) ਹੁੰਦੇ ਹਨ ਜੋ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਪਾਏ ਜਾਂਦੇ ਹਨ।
ਫਰਕ ਕੀ ਹੈ?
ਡਾਕਟਰ ਸਵਾਮੀਨਾਥਨ ਕਹਿੰਦੇ ਹਨ, “ਜੇਕਰ ਦੁੱਧ ਚੁੰਘਾਉਣ ਦੀ ਥਾਂ ਬੱਚਿਆਂ ਨੂੰ ਬੋਤਲ ਰਾਹੀਂ ਫ਼ਾਰਮੂਲਾ ਮਿਲਕ ਪਿਲਾਇਆ ਜਾਵੇ ਅਤੇ ਬੋਤਲ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਸ ਵਿੱਚ ਕੀਟਾਣੂ ਪੈਦਾ ਹੋ ਸਕਦੇ ਹਨ। ਬੱਚੇ ਨੂੰ ਦਸਤ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ, ਜੋ ਕੁਪੋਸ਼ਣ ਦਾ ਕਾਰਨ ਬਣਦੀਆਂ ਹਨ।”
“ਉੱਥੇ ਹੀ ਕਈ ਵਾਰ ਪੈਸਿਆਂ ਦੀ ਕਮੀ ਕਰਕੇ ਫ਼ਾਰਮੂਲਾ ਮਿਲਕ ਵਿੱਚ ਬਹੁਤ ਜ਼ਿਆਦਾ ਪਾਣੀ ਮਿਲਾ ਕੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਬੱਚੇ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ।”
ਦਿੱਲੀ ਸਥਿਤ ਬੱਚਿਆਂ ਦੇ ਮਾਹਿਰ ਡਾਕਟਰ ਦਿਨੇਸ਼ ਮਿੱਤਲ ਦੇ ਅਨੁਸਾਰ, “ਜੇਕਰ ਬੱਚੇ ਨੂੰ ਇਨਫੈਕਸ਼ਨ ਹੁੰਦੀ ਹੈ, ਤਾਂ ਮਾਂ ਦਾ ਸਰੀਰ ਆਪਣੇ ਆਪ ਅਜਿਹੀਆਂ ਐਂਟੀਬਾਡੀਜ਼ ਬਣਾਉਂਦਾ ਹੈ, ਜੋ ਦੁੱਧ ਰਾਹੀਂ ਬੱਚੇ ਤੱਕ ਪਹੁੰਚਦੀਆਂ ਹਨ। ਜਦਕਿ ਫ਼ਾਰਮੂਲਾ ਮਿਲਕ ਪੀਣ ਵਾਲੇ ਬੱਚਿਆਂ ਵਿੱਚ ਕਬਜ਼ ਦੀ ਸਮੱਸਿਆ ਜ਼ਿਆਦਾ ਦੇਖੀ ਜਾਂਦੀ ਹੈ। ਅਜਿਹੇ ਬੱਚਿਆਂ ਦਾ ਭਾਰ ਵੀ ਜਲਦੀ ਵਧਦਾ ਹੈ, ਜਿਸ ਨਾਲ ਅੱਗੇ ਚੱਲ ਕੇ ਮੋਟਾਪੇ ਦਾ ਖ਼ਤਰਾ ਵਧ ਸਕਦਾ ਹੈ।”
ਯੂਨੀਸੈਫ਼ ਦੇ ਅਨੁਸਾਰ, ਜਿਸ ਬੱਚੇ ਨੂੰ ਪਹਿਲੇ ਛੇ ਮਹੀਨਿਆਂ ਤੱਕ ਮਾਂ ਦਾ ਦੁੱਧ ਨਹੀਂ ਪਿਲਾਇਆ ਜਾਂਦਾ, ਉਨ੍ਹਾਂ ਦੇ ਦਸਤ ਜਾਂ ਨਿਮੋਨੀਆ ਨਾਲ ਮਰਨ ਦਾ ਖ਼ਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ।ਇਸ ਤੋਂ ਇਲਾਵਾ, ਮਾਂ ਦਾ ਦੁੱਧ ਬੱਚੇ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਜ਼ਿੰਦਗੀ ਵਿੱਚ ਮੋਟਾਪਾ ਅਤੇ ਡਾਇਬੀਟੀਜ਼ ਵਰਗੀਆਂ ਲੰਬੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ।ਫਿਰ ਵੀ, ਦੁਨੀਆ ਭਰ ਵਿੱਚ ਸਿਫ਼ਰ ਤੋਂ ਪੰਜ ਮਹੀਨੇ ਦੇ ਬੱਚਿਆਂ ਵਿੱਚੋਂ ਅੱਧੇ ਤੋਂ ਵੀ ਘੱਟ ( ਸਿਰਫ਼ 47 ਫ਼ੀਸਦੀ) ਨੂੰ ਹੀ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਮਿਲਦਾ ਹੈ। (ਇਹ ਡੇਟਾ ਯੂਨੀਸੈਫ਼ ਦਾ ਹੀ ਹੈ)।
ਦੁੱਧ ਚੁੰਘਾਉਣ ਅਤੇ ਫ਼ਾਰਮੂਲਾ ਮਿਲਕ ਦੇਣ ਵਾਲੀਆਂ ਮਾਂਵਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਅਸਰ ਬਾਰੇ ਡਾਕਟਰ ਸਵਾਮੀਨਾਥਨ ਕਹਿੰਦੇ ਹਨ ਕਿ ਦੁੱਧ ਚੁੰਘਾਉਣ ਵਾਲੀਆਂ ਮਾਂਵਾਂ ਦਾ ਬੱਚੇ ਨਾਲ ਜ਼ਿਆਦਾ ਡੂੰਘਾ ਰਿਸ਼ਤਾ ਬਣਦਾ ਹੈ ਕਿਉਂਕਿ ਚਮੜੀ ਨਾਲ ਚਮੜੀ ਦਾ ਸੰਪਰਕ ਹੁੰਦਾ ਹੈ, ਜਿਸ ਨਾਲ ਬੱਚੇ ਨੂੰ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ।
ਬੱਚੇ ਦਾ ਚਿਹਰਾ ਮਾਂ ਦੇ ਚਿਹਰੇ ਤੋਂ ਸਹੀ ਦੂਰੀ ‘ਤੇ ਹੁੰਦਾ ਹੈ, ਜਿਸ ਨਾਲ ਬੱਚਾ ਆਸਾਨੀ ਨਾਲ ਮਾਂ ਨੂੰ ਦੇਖ ਅਤੇ ਪਛਾਣ ਸਕਦਾ ਹੈ।ਲੇਕਿਨ ਇਹ ਉਦੋਂ ਹੀ ਸੰਭਵ ਹੈ ਜਦੋਂ ਮਾਂ ਨੂੰ ਪੂਰਾ ਸਹਿਯੋਗ ਮਿਲੇ। ਬੱਚੇ ਨੂੰ ਲੋੜ ਅਨੁਸਾਰ ਦੁੱਧ ਪਿਲਾਉਣਾ ਪੈਂਦਾ ਹੈ, ਇਸ ਲਈ ਮਾਂ ਨੂੰ ਹਮੇਸ਼ਾ ਉਪਲਬਧ ਰਹਿਣਾ ਪੈਂਦਾ ਹੈ।
