ਲਓ ਜੀ, ‘ਸਰਗਮ’ ਪ੍ਰੋਗਰਾਮ ਦੇ ਸਰੋਤਿਆਂ ਲਈ ਅੱਜ ਸੰਗੀਤ ਵਿਚਾਰ ’ਚ ਵਿਸ਼ਾ ਐ-ਨਵਾਂ-ਪੁਰਾਣਾ। ਇਹਦੇ ’ਚ ਅਸੀਂ ਕੋਈ ਨਵੀਂ ਗੱਲ ਕਹਿਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਨਾ ਹੀ ਪੁਰਾਣੀਆਂ ਨੂੰ ਦੁਹਰਾਉਣੈ, ਬੱਸ ਪਹਿਲਾਂ ਦੇ ਸੰਗੀਤ-ਵਿਚਾਰ ਵਾਂਗੂੰ ਇਨ੍ਹਾਂ ਸ਼ਬਦਾਂ ਨਾਲ ਸਬੰਧਤ ਕੁਝ ਸੰਗੀਤ ਤੇ ਕੁਝ ਵਿਚਾਰ।
ਪਿਛਲੇ ਛੇ ਸਾਲਾਂ ’ਚ ਇਹ ਸ਼ਾਇਦ ਪਹਿਲੀ ਵਾਰ ਹੀ ਹੋਇਆ ਕਿ ਸੰਗੀਤ-ਵਿਚਾਰ ਵਿਚ ਇਕ ਸ਼ਬਦ ਨਹੀਂ, ਬਲਕਿ ਦੋ ਸ਼ਬਦ ਲਏ ਗਏ ਨੇ। ਦੋਨੋਂ ਈ ਸ਼ਬਦ ਇਕ ਦੂਜੇ ਦੇ ਉਲਟ ਨੇ, ਇਕ ਦੂਜੇ ਦੇ ਮੁਕਾਬਲੇ ਵਿਚ ਨੇ। ਗੱਲ ’ਕੱਲੇ ਕੱਲੇ ਸ਼ਬਦ ’ਤੇ ਵੀ ਹੋ ਤਾਂ ਸਕਦੀ ਸੀ, ਪਰ ਨਵੇਂ ’ਤੇ ਵਿਚਾਰ ਕਰਦਿਆਂ ਪੁਰਾਣੇ ਨੂੰ ਨਹੀਂ ਸੀ ਛੱਡਿਆ ਜਾਣਾ ਤੇ ਪੁਰਾਣੇ ਨੂੰ ਲੈ ਕੇ, ਨਵੇਂ ਦੀ ਗੱਲ ਆਉਣੀ ਹੀ ਆਉਣੀ ਸੀ।
ਸੋ ਦੋ ਕਨਟ੍ਰਾਸਟਿੰਗ ਵਰਡ ਤੇ ਦੋਨੋਂ ਹੀ ਇਕ ਦੂਜੇ ਦੇ ਕਿੰਨੇ ਨੇੜੇ, ਕਿੰਨੇ ਦੂਰ। ਇਕ ਗੱਲ ਤਾਂ ਸਾਫ ਹੈ ਕਿ ਜਿਹੜੀ ਵੀ ਕੋਈ ਚੀਜ਼ ਅੱਜ ਨਵੀਂ ਹੈ, ਉਹਨੇ ਸਮਾਂ ਪਾ ਕੇ ਪੁਰਾਣਾ ਹੋਣਾ ਹੀ ਹੋਣਾ। ਦੂਜੇ ਸ਼ਬਦਾਂ ’ਚ ਜਿਹੜੀ ਵੀ ਕਿਸੇ ਚੀਜ਼ ਨੂੰ ਅੱਜ ਆਪਾਂ ਪੁਰਾਣੀ ਕਹਿ ਰਹੇ ਹਾਂ, ਉਹ ਵੀ ਕਦੀ ਨਵੀਂ ਸੀ।
ਕਦੇ ‘ਸਰਗਮ’ ਪ੍ਰੋਗਰਾਮ ਨਵਾਂ ਸੀ, ਅੱਜ ਇਹ ਪੁਰਾਣਾ ਹੋ ਗਿਐ-‘ਸਰਗਮ’ ਪ੍ਰੋਗਰਾਮ ਦੇ ਸਰੋਤੇ ਵੀ ਨਵੇਂ ਸਨ, ਉਹ ਵੀ ਹੁਣ ਪੁਰਾਣੇ ਸਰੋਤੇ ਬਣ ਗਏ ਨੇ।
ਪਰ ਦਿਲਚਸਪ ਪਹਿਲੂ ਇਹ ਐ ਕਿ ਬੇਸ਼ੱਕ ‘ਸਰਗਮ’ ਪੁਰਾਣਾ ਹੋ ਰਿਹੈ, ਪਰ ਹਰ ਰੋਜ਼ ਇਹਦੇ ਨਾਲ ਨਵੇਂ ਸਰੋਤੇ ਜ਼ਰੂਰ ਜੁੜਦੇ ਨੇ-ਉਹ ਲਿਸਨਰਜ਼ ਜਿਹਨਾਂ ਨੇ ਕਦੀ ਪਹਿਲਾਂ ਇਸ ਪ੍ਰੋਗਰਾਮ ਨੂੰ ਸੁਣਿਆ ਨਹੀਂ ਹੁੰਦਾ-ਸ਼ਾਇਦ ਇਸ ਕਰਕੇ ਕਿ ਉਹ ਕੈਨੇਡਾ ’ਚ ਨਵੇਂ ਆਏ ਨੇ, ਜਾਂ ਇਸ ਕਰਕੇ ਕਿ ਉਹਨਾਂ ਨੂੰ ਪਹਿਲਾਂ ਫੁਰਸਤ ਨਹੀਂ ਸੀ ਮਿਲਦੀ ਕਿਉਂਕਿ ਉਹਨਾਂ ਦੀ ਪੁਰਾਣੀ ਜੌਬ ਹੀ ਇਸ ਤਰ੍ਹਾਂ ਦੀ ਸੀ ਤੇ ਹੁਣ ਨਵੀਂ ਜੌਬ ’ਚ ਉਹ ਕੰਮ ਛੱਡ ਕੇ ਘਰਾਂ ਨੂੰ ਜਾ ਰਹੇ ਹੁੰਦੇ ਨੇ ਤੇ ਟਿਊਨ ਇਨ ਕਰਦੇ ਨੇ, ਚਲੋ ਫਿਰ ਕੀ ਸੁਣਾਇਆ ਜਾਵੇ? ਨਵਾਂ ਕਿ ਪੁਰਾਣਾ? ਪੁਰਾਣੇ ਦੀ ਗੱਲ ਬਾਅਦ ’ਚ ਕਰਾਂਗੇ, ਪਹਿਲਾਂ ਨਵੀਓਂ ਨਵੀਂ ਬਹਾਰ ਦੀ ਕਰਦੇ ਹਾਂ :
ਇਸ਼ਕ ਦੀ ਨਵੀਓਂ ਨਵੀਂ ਬਹਾਰ।
ਆਪਣੇ ਮਨ ਦੇ ਵਿਚ ਨਵੇਂ ਤੇ ਪੁਰਾਣੇ ਦਾ ਜੋ ਕੌਨਸੈਪਟ ਐ, ਜੋ ਪ੍ਰਭਾਵ ਐ, ਉਹ ਜ਼ਿਆਦਾਤਰ ਇਹੀ ਐ ਕਿ ਨਵੀਂ ਚੀਜ਼ ਬਿਹਤਰ ਹੁੰਦੀ ਐ।
ਊਂ ਸ਼ਾਇਦ ਹੈ ਤਾਂ ਕੁਝ ਏਸੇ ਤਰ੍ਹਾਂ ਦਾ ਹੀ, ਪਰ ਇਹ ਚੀਜ਼ਾਂ-ਵਸਤਾਂ-ਜਾਣੀ ਕਿ ਪਦਾਰਥਵਾਦੀ ਤੱਤਾਂ ’ਤੇ ਵੀ ਲਾਗੂ ਹੁੰਦੈ। ਮਸਲਣ, ਕਿ ਨਵਾਂ ਮਕਾਨ, ਨਵੀਂ ਕਾਰ, ਨਵੇਂ ਕੱਪੜੇ, ਨਵਾਂ ਫਰਨੀਚਰ ਵਗੈਰਾ-ਵਗੈਰਾ।
ਪਰ ਇਹਦੇ ਨਾਲ ਹੀ ਜਿਹੜਾ ਬਹੁਤ ਪੁਰਾਣਾ ਮਕਾਨ ਹੋਵੇ, ਬਹੁਤ ਪੁਰਾਣੀ ਕਾਰ, ਬਹੁਤ ਪੁਰਾਣਾ ਫਰਨੀਚਰ-ਉਹਦੀ ਵੀ ਬੜੀ ਪੁੱਛਗਿੱਛ ਹੁੰਦੀ ਐ-ਬੜੀ ਹੀ ਕੀਮਤ ਪੈਂਦੀ ਐ ਉਹਦੀ —– ਦੇ ਨਾਲ-ਨਾਲ ਜਾਣੀਆਂ ਜਾਂਦੀਆਂ ਚੀਜ਼ਾਂ ਬੜੀਆਂ ਦੁਰਲੱਭ ਹੁੰਦੀਆਂ ਨੇ।
ਇਹ ਸਹੀ ਹੈ, ਪਰ ਆਮ ਕਰਕੇ ਨਵੀਂ ਚੀਜ਼ ਨਵੀਂ ਹੀ ਹੁੰਦੀ ਐ।
ਹਾਂ ਨਵੀਂ ਤਾਂ ਹੁੰਦੀ ਐ, ਪਰ ਮਹਿੰਗੀ ਵੀ ਬਹੁਤ ਹੁੰਦੀ ਐ-ਆਹ ਨਵੀਆਂ ਕਾਰਾਂ ਦੀ ਹੀ ਗੱਲ ਲੈ ਲਓ-ਅੱਜ ਸ਼ੋਅਰੂਮ ’ਚੋਂ ਖਰੀਦੋ ਤਾਂ 50 ਹਜ਼ਾਰ ਦੀ, ਦੋ ਮਹੀਨੇ ਚੱਲੀ ਨੀ ਤੇ ਆ ਗਈ ਥੱਲੇ 40-42 ਹਜ਼ਾਰ ’ਤੇ। ਏਸੇ ਵਾਸਤੇ ਤਾਂ ਯੂਜ਼ਡ ਕਾਰਾਂ ਦਾ ਬਿਜਨਸ ਚੱਲਦੈ।
ਇਹ ਵੀ ਠੀਕ ਐ, ਪਰ ਕੀਮਤ ਦੀ ਗੱਲ ਤਾਂ ਤੁਸੀਂ ਏਸ ਲਈ ਕੀਤੀ ਕਿ ਜੇ ਵੇਚਣੀ ਹੋਵੇ। ਜੇ ਆਪਣੀ ਨਵੀਂ ਚੀਜ਼ ਵੇਚਣੀ ਹੀ ਨਹੀਂ, ਖੁਦ ਹੀ ਰੱਖਣੀ ਐ ਤਾਂ ਫੇਰ ਨਵੀਂ-ਨਵੀਂ ਈ ਹੁੰਦੀ ਐ। ਵੈਸੇ ਵੀ ਸਾਰੀਆਂ ਚੀਜ਼ਾਂ ਯੂਜ਼ਡ ਮਿਲਦੀਆਂ ਵੀ ਨਹੀਂ। ਜੇ ਤਾਂ ਕੋਈ ਗਰੀਬ ਗੁਰਬਾ ਐ ਤੇ ਪੈਸੇ-ਪੈਸੇ ਨੂੰ ਮੁਥਾਜ ਐ, ਫੇਰ ਤਾਂ ਭਾਵੇਂ ਉਹ ਕੋਈ ਵੀ ਚੀਜ਼ ਕਿਸੇ ਤੋਂ ਮੰਗ ਕੇ ਖਾ ਲੂ, ਪੀ ਲੂ, ਪਹਿਨ ਲੂ, ਵਰਨਾ ਹਰੇਕ ਬੰਦਾ ਇੰਝ ਨਹੀਂ ਕਰਦਾ। ਕਿਸੇ ਦੇ ਲਾਹੇ ਪੁਰਾਣੇ ਕੱਪੜੇ ਉਹ ਕਦੀ ਨਹੀਂ ਪਾਉਂਦਾ।
ਯਾਦਾਂ ਤਾਂ ਨਵੀਆਂ ਕਦੀ ਹੁੰਦੀਆਂ ਈ ਨਹੀਂ
ਖ਼ੈਰ, ਆਪਾਂ ਏਸ ਵਿਵਾਦ ਵਿਚ ਨਹੀਂ ਪੈਣਾ, ਗੱਲ ਤਾਂ ਮੂਲ ਤੌਰ ’ਤੇ ਇਹ ਐ ਕਿ ਕੁਝ ਚੀਜ਼ਾਂ ਨਵੀਆਂ ਚੰਗੀਆਂ ਲੱਗਦੀਆਂ ਨੇ-ਖਾਸ ਕਰਕੇ ਜੇ ਉਹਨਾਂ ਨੂੰ ਖਰੀਦਣ ਦੀ ਸਮਰੱਥਾ ਹੋਵੇ ਤੇ ਹੁਣ ਚੀਜ਼ਾਂ-ਖਾਸ ਕਰਕਸੇ ਦਸਤਾਵੇਜ਼, ਪੁਰਾਣੇ ਵੀ ਕਿਉਂ ਨਾ ਹੋਣ, ਉਹਨਾਂ ਦੀ ਆਪਣੀ ਕੀਮਤ ਹੁੰਦੀ ਐ, ਆਪਣੀ ਅਹਿਮੀਅਤ ਹੁੰਦੀ ਐ। ਯਾਦਾਂ ਦੀ ਹੀ ਗੱਲ ਕਰ ਲੋ-ਯਾਦਾਂ ਤਾਂ ਨਵੀਆਂ ਕਦੀ ਹੁੰਦੀਆਂ ਈ ਨਹੀਂ, ਇਹ ਤਾਂ ਜਿੰਨੀਆਂ ਪੁਰਾਣੀਆਂ, ਓਨੀਆਂ ਹੀ ਪਿਆਰੀਆਂ।
ਜੀ ਬਚਪਨ ’ਚ ਸੁਣੀਆਂ ਕਹਾਣੀਆਂ ਕਿੰਨੀਆਂ ਪੁਰਾਣੀਆਂ ਹੋ ਗਈਆਂ ਨੇ-ਪਰ ਉਹਨਾਂ ਵਿਚ ਰਸ ਅਜੇ ਵੀ ਨਵਿਆਂ ਵਰਗਾ ਹੀ ਹੈ। ਕਹਾਣੀ ਪੂਰਨ-ਭਗਤ ਦੀ ਹੋਵੇ ਜਾਂ ਹੀਰ-ਰਾਂਝੇ ਦਾ ਕਿੱਸਾ, ਉਹ ਕਦੀ ਪੁਰਾਣੇ ਹੁੰਦੇ ਹੀ ਨਹੀਂ। ਐਸ.ਐਸ. ਮੀਸ਼ਾ ਲਿਖਦੇ ਨੇ :
ਆਪਾਂ ਕਾਹਨੂੰ ਨੀਲ-ਕੰਠ ਦੀ ਕਰੀਏ ਗੱਲ ਪੁਰਾਣੀ ਹੈ
ਤੇਰੇ ਮੇਰੇ ਗਲ ਵਿਚ ਵੀ ਨੇ ਕੁਝ ਬੂੰਦਾਂ ਉਸ ਜ਼ਹਿਰ ਦੀਆਂ।
ਵਾਹ! ਪਰ ਕਹਿਣ ਵਾਲੇ ਤਾਂ ਤੋਤਾ-ਮੈਨਾ ਦੀ ਕਹਾਣੀ ਨੂੰ ਵੀ ਪੁਰਾਣੀ ਕਹਿ ਰਹੇ ਨੇ।
ਜ਼ਿੰਦਗੀ ’ਚ ਜਿਊਂਦੇ ਜੀਅ ਕਿੰਨੇ ਲੋਕ ਮਿਲਦੇ ਨੇ-ਕਿੰਨੇ ਪੁਰਾਣੇ ਵਿਸਰ ਜਾਂਦੇ ਨੇ, ਕਿੰਨੇ ਨਵਿਆਂ ਨਾਲ ਵਾਹ ਪੈਂਦੈ। ਇਹ ਇਕ ਕੁਦਰਤੀ ਚੱਕਰ ਐ। ਪੰਜਾਬ ’ਚ ਪਟਿਆਲੇ ਨਾਲ ਸਬੰਧਤ ਕੋਈ ਵਿਅਕਤੀ ਆਪਣੇ ਔਫਿਸ ਵਾਲਿਆਂ ਨੂੰ ਜਾਣਦਾ ਹੋਊ, ਜਾਂ ਆਪਣੇ ਆਂਢੀਆਂ-ਗੁਆਂਢੀਆਂ ਨੂੰ। ਪਰ ਕਨੇਡਾ ਵਿਚ ਆ ਕੇ ਉਹ ਉਹਨਾਂ ਕਈ ਨਵਿਆਂ ਲੋਕਾਂ ਨੂੰ ਮਿਲਦੈ, ਜਿਹਨਾਂ ਨੂੰ ਉਹ ਪਟਿਆਲੇ ’ਚ ਬੈਠਾ ਕਦੀ ਵੀ ਨਾ ਮਿਲ ਸਕਦਾ। ਅਸੀਂ ਇੱਥੇ ਭਾਰਤੀ-ਪਾਕਿਸਤਾਨੀ ਲੋਕ ਕਿੰਨਾ ਘੁਲ-ਮਿਲ ਕੇ ਰਹਿਨੇ ਆਂ-ਇਹ ਸਾਡੇ ਮੁਲਕਾਂ ਵਿਚ ਸੰਭਵ ਨਹੀਂ ਸੀ। ਪੁਰਾਣਿਆਂ ਵੇਲਿਆਂ ਨੂੰ ਭੁਲਾ ਕੇ ਅਸੀਂ ਇੱਥੇ ਨਵੇਂ ਰਿਸ਼ਤੇ ਕਾਇਮ ਕਰਕੇ, ਇਕ ਦੂਜੇ ਲਈ ਦੁਆਵਾਂ ਕਰਦੇ ਆਂ, ਇਹ ਮਨੁੱਖੀ ਰਿਸ਼ਤਿਆਂ ਦੀ ਨਵੀਨਤਾ ਹੀ ਅਹਿਮ ਹੈ, ਲੇਕਿਨ, ਲੇਕਿਨ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਪੁਰਾਣੇ ਰਿਸ਼ਤਿਆਂ ਨੂੰ ਭੁਲਾ ਦਿੱਤਾ ਜਾਵੇ ਕਿਉਂਕਿ ਸਾਨੂੰ ਇਕ ਗੱਲ ਹਮੇਸ਼ਾ ਪੱਲੇ ਬੰਨੀਂ ਰੱਖਣੀ ਚਾਹੀਦੀ ਹੈ ਕਿ ‘ਨਵਾਂ ਨੌ ਦਿਨ, ਪੁਰਾਣਾ ਸੌ ਦਿਨ’। ਨਵਿਆਂ ਦੀ ਅਟਰੈਕਸ਼ਨ ’ਚ ਫਸ ਕੇ ਪੁਰਾਣਿਆਂ ਨੂੰ ਭੁੱਲਦੇ ਨੇ, ਉਹਨਾਂ ਨੂੰ ਫਿਰ ਇਸ ਤਰ੍ਹਾਂ ਦੇ ਤਾਹਨੇ ਸੁਣਨੇ ਪੈਂਦੇ ਨੇ।
ਨਿਤ ਨਵੇਂ ਫੁੱਲਾਂ ਉਤੇ —।
ਬਦਲਦਾ ਬਹੁਤ ਕੁਝ ਹੈ। ਹਰ ਪਲ ਨਵਾਂ ਪਲ ਹੁੰਦੈ, ਹਰ ਦਿਨ ਨਵੀਆਂ ਉਮੰਗਾਂ ਲੈ ਕੇ ਆਉਂਦੈ, 12 ਮਹੀਨਿਆਂ ਬਾਅਦ ਨਵਾਂ ਸਾਲ ਚੜ੍ਹਦੈ। ਨਵਾਂ ਸਾਲ, ਜੋ ਕਿ 24 ਦਿਨ ਪਹਿਲਾਂ ਹੀ ਚੜ੍ਹਿਆ ਸੀ, ਉਦੋਂ ਐਸ. ਨਸੀਮ ਦੇ ਸ਼ੇਅਰ ਵਾਂਗ ਮੁਬਾਰਕਾਂ ਵਟਾਈਆਂ ਗਈਆਂ ਸੀ :
ਨਵਾਂ ਵਰ੍ਹਾ ਰਹੇ ਮੁੁਬਾਰਕ, ਆਦਮੀਅਤ ਨੂੰ
ਹਰੇਕ ਸ਼ਖਸ ਦੀ ਖੁਸ਼ੀਆਂ ਥੀਂ ਝੋਲ ਭਰ ਜਾਵੇ।
ਜੀ, ਬਿਲਕੁਲ, ਜੋ ਪਰਿਵਾਰ ਨਵੇਂ ਨਵੇਂ ਕਨੇਡਾ ਵਿਚ ਆਏ ਨੇ, ਉਹਨਾਂ ਲਈ ਵੀ ਸ਼ੁਭ ਇਛਾਵਾਂ।
ਕਈ ਉਹ ਲੋਕ ਜੋ ਆਪਣੇ ਵਤਨੀਂ ਮੁੜ ਫੇਰਾ ਨਹੀਂ ਪਾਉਂਦੇ, ਉਹਨਾਂ ਨੂੰ ਉਹਨਾਂ ਦੇ ਆਪਣੇ ਗਿਰਾਂ ਵੀ ਬੇਗਾਨੇ ਬੇਗਾਨੇ ਹੋ ਗਏ ਜਾਪਦੇ ਹੁੰਦੇ ਨੇ, ਜਗਤਾਰ ਦੇ ਇਸ ਸ਼ੇਅਰ ਵਾਂਗ :
ਹੁਣ ਤਾਂ ਆਪਣਾ ਸ਼ਹਿਰ ਵੀ ਲੱਗਦਾ ਹੈ ਕਿੰਨਾ ਓਪਰਾ
ਨਾ ਰਹੇ ਰਸਤੇ ਪੁਰਾਣੇ, ਨਾ ਰਹੇ ਪਹਿਲੇ ਮੁਕਾਮ।
ਜੀ, ਹਲਾਤ ਬਹੁਤ ਕੁਝ ਬਦਲ ਦਿੰਦੇ ਨੇ, ਬੰਦੇ ਨੂੰ ਹਿੰਮਤ ਕਰਕੇ ਕਈ ਵਾਰ ਸਭ ਕੁਝ ਫਿਰ ਤੋਂ ਬਨਾਉਣੈ ਪੈਂਦੈ। ਸ਼ਾਇਰ ਵਿਜੇ ਵਿਵੇਕ ਲਿਖਦੇ ਨੇ :
ਨਵੇਂ ਹੀ ਰੰਗ ਤੇ ਕੈਨਵਸ ਨਵੇਂ ਮੁਸੱਵਰ ਸਨ
ਨਵੇਂ ਹੀ ਸਾਰਿਆਂ ਦੇ ਜ਼ਿਹਨ ਵਿਚ ਤਸੱਵੁਰ ਸਨ
ਸਮੇਂ ਦੀ ਮੰਗ ਸੀ, ਸਾਨੂੰ ਪੁਰਾਣੇ ਲੋਕਾਂ ਨੂੰ
ਤਮਾਮ ਮੂਰਤਾਂ ਢਾਹ ਕੇ ਬਨਾਉਣੀਆਂ ਪਈਆਂ।
ਲੱਖ ਨਵੀਆਂ ਮੂਰਤਾਂ ਬਣਾ ਲਈਆਂ ਜਾਣ, ਕਈ ਚੀਜ਼ਾਂ ਪੁਰਾਣੀਆਂ ਬਾਤਾਂ ਵਾਂਗੂੰ ਕਦੀ ਨਹੀਂ ਭੁੱਲਦੀਆਂ। ਹਰਭਜਨ ਹਲਵਾਰਵੀ ਲਿਖਦੇ ਨੇ :
ਤੈਨੂੰ ਲੱਭਦਾ ਗੁਆਉਂਦਾ ਤੁਰਿਆ ਜਾਂਦਾ ਆ ਗਿਆ ਕਿਥੇ
ਕਹਾਣੀ ਸਫਰ ਮੇਰੇ ਦੀ ਪੁਰਾਣੀ ਬਾਤ ਵਰਗੀ ਹੈ।
ਇਹ ਠੀਕ ਐ ਕਿ ਕਈ ਪੁਰਾਣੇ ਰਿਸ਼ਤੇ, ਪੁਰਾਣੀਆਂ ਬਾਤਾਂ ਵਾਂਗੂੰ ਭੁਲਾਇਆਂ ਵੀ ਨਹੀਂ ਭੁੱਲਦੇ। ਪਰ ਜਿਹਨਾਂ ਨੇ ਉਹਨਾਂ ਪੁਰਾਣੇ ਰਿਸ਼ਤਿਆਂ ਦੀ ਕਦਰ ਨਹੀਂ ਕੀਤੀ ਹੁੰਦੀ, ਅਤੇ ਜਦ ਉਹਨਾਂ ਨੂੰ ਹੋਸ਼ ਆਉਂਦੀ ਐ ਤਾਂ ਫਿਰ ਉਹ ਪੁਰਾਣਿਆਂ ਨੂੰ ਹੀ ਆਵਾਜ਼ਾਂ ਮਾਰਦੇ ਨੇ। ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਦਾ।
—- ਪੁਰਾਨੀ ਰਾਹੋਂ ਸੇ—।
ਕੈਨੇਡਾ ਦੀ ਨਵੀਂ ਸਰਕਾਰ ਚੁਣਨ ਵਾਸਤੇ ਵੋਟਾਂ ਪਈਆਂ। ਕਈ ਉਮੀਦਵਾਰਾਂ ਨੇ ਮੁਕਾਬਲਾ ਕੀਤਾ। ਉਹਦੇ ’ਚੋਂ 308 ਦੀ ਜਿੱਤ ਹੋਈ। ਇਹਨਾਂ ਵਿਚ ਕੁਝ ਨਵੇਂ ਨੇ, ਕੁਝ ਪੁਰਾਣੇ ਨੇ। ਕੁਝ ਪੁਰਾਣਿਆਂ ਨੂੰ ਨਵਿਆਂ ਨੇ ਹਰਾਇਆ। ਹੁਣ ਨਵੇਂ ਮੰਤਰੀ ਬਣਨਗੇ, ਨਵੀਆਂ ਨਵੀਆਂ ਉਮੀਦਾਂ ਨੇ ਸਾਨੂੰ ਉਹਨਾਂ ਤੋਂ। ਨਵੇਂ ਨਵੇਂ ਪ੍ਰੋਜੈਕਟਸ ਵਿੱਢੇ ਜਾਣਗੇ।
ਕੁਝ ਪੁਰਾਣੀਆਂ ਪਾਲਿਸੀਜ਼ ਦੀ ਥਾਂ ’ਤੇ ਨਵੀਆਂ ਬਣਾਈਆਂ ਜਾਣਗੀਆਂ। ਤੇ ਇਹ ਸਿਲਸਿਲਾ ਏਸੇ ਤਰ੍ਹਾਂ ਹੀ ਚੱਲਦਾ ਰਹਿਣੈ। ਸਾਡੀਆਂ ਨਵੇਂ-ਪੁਰਾਣੇ ਐਮ.ਪੀਜ਼ ਨੂੰ ਮੁਬਾਰਕਾਂ। ਆਸਾਂ ਕਰੀਏ ਕਿ ਨਵੀਂ ਸਰਕਾਰ ਪੁਰਾਣੀ ਸਰਕਾਰ ਦੇ ਮੁਕਾਬਲੇ ਆਮ ਲੋਕਾਂ ਦੀ ਬਿਹਤਰੀ ਲਈ ਕੰਮ ਕਰੇਗੀ।
ਜੀ, ਵੈਸੇ ਵੀ ਪੁਲੀਟੀਕਲ ਚੇਂਜ ਨਾਲ ਕੁਝ ਨਾ ਕੁਝ ਨਵਾਂ ਹੋਣ ਦੀ ਆਸ ਤਾਂ ਹੁੰਦੀ ਈ ਐ।
ਰਿਖ਼ਤ ਇਹਨਾਂ ਦਿਨਾਂ ’ਚ ਰੁੰਡ-ਮਰੁੰਡ ਹੋਏ ਪਏ ਨੇ। ਬਹਾਰ ਦਾ ਮੌਸਮ ਆਏਗਾ ਤਾਂ ਨਵੀਆਂ ਕਰੂੰਬਲਾਂ ਨਿਕਲਣਗੀਆਂ। ਪੱਤਝੜ ’ਚ ਫੇਰ ਪੁਰਾਣੇ ਪੱਤੇ ਝੜ ਜਾਣਗੇ। ਇਸ ਚੱਕਰ ਨੂੰ ਇਕ ਸ਼ਾਇਰ ਬਿਆਨ ਕਰਦੈ ਕਿ :
ਝੜ ਰਹੇ ਪੱਤਿਆਂ ਨੂੰ ਇਸ ਗੱਲ ’ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖਰਾਂ ਹੋ ਗਏ।
ਦਰੁਸਤ, ਪਰ ਇਹਨਾਂ ਸਿਖਰਾਂ ਨੇ ਵੀ ਸੁੱਕ ਕੇ, ਪੁਰਾਣੇ ਹੋ ਕੇ, ਆਖਰ ਨੂੰ ਝੜ ਈ ਜਾਣਾ ਹੁੰਦੈ। ਕਿਉਂਕਿ ਏਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ। ਸ਼ਾਇਰ ਗੁਰਦੀਪ ਦਾ ਇਕ ਸ਼ੇਅਰ ਐ :
ਤੂੰ ਦਾਰੂ ਲੱਖ ਅਜ਼ਮਾਵੀਂ ਮਗਰ ਏਨਾ ਰਹੇ ਚੇਤੇ
ਕਿ ਮੇਰੀ ਪੀੜ ਇਹਨਾਂ ਦਾਰੂਆਂ ਨਾਲੋਂ ਪੁਰਾਣੀ ਹੈ।
ਇਸ਼ਕ ਦੀਵਾਨਾ ਮੇਰਾ ਰੋਗ ਪੁਰਾਣਾ ਮੇਰਾ।
ਨਵੀਂ ਨੌਕਰੀ, ਨਵੀਂ ਥਾਂ, ਨਵੇਂ ਲੋਕ, ਨਵੀਆਂ ਚੁਣੌਤੀਆਂ-ਇਹ ਕਿਸੇ ਨਾ ਕਿਸੇ ਤਰ੍ਹਾਂ ਆਮ ਬੰਦੇ ਨੂੰ ਪ੍ਰਭਾਵਿਤ ਕਰਦੀਆਂ ਹੀ ਕਰਦੀਆਂ ਨੇ। ਕਾਮਯਾਬ ਉਹੀ ਹੁੰਦਾ ਜੋ ਇਹਨਾਂ ਦਾ ਮੁਕਾਬਲਾ ਕਰਕੇ ਆਪਣੇ ਰਸਤੇ ਆਪ ਬਣਾਉਂਦੈ।
ਔਖਿਆਈਆਂ ਹਰ ਕਿੱਤੇ, ਹਰ ਨੌਕਰੀ, ਹਰ ਵਪਾਰ ’ਚ ਹੁੰਦੀਆਂ ਨੇ। ਹਾਲਾਂਕਿ ਲੱਗਦਾ ਇੰਝ ਰਹਿੰਦਾ ਕਿ ਜਿਵੇਂ ਦੂਜਿਆਂ ਨੂੰ ਸਮੱਸਿਆ ਨਹੀਂ। ਸ਼ਾਇਰਾ ਸੁਖਵਿੰਦਰ ਅੰਮਿ੍ਰਤ ਤਾਂ ਇਥੋਂ ਤੱਕ ਲਿਖਦੀ ਹੈ ਕਿ :
ਕਹਿੰਦਾ ਹੈ ਕੌਣ ਇਸ਼ਕ ਦਾ ਪੈਂਡਾ ਅਸਾਨ ਹੈ
ਹਰ ਮੋੜ ’ਤੇ ਨਵਾਂ ਹੀ ਕੋਈ ਇਮਤਿਹਾਨ ਹੈ।
ਅੱਛਾ ਅਸੀਂ ਨਵੇਂ-ਪੁਰਾਣੇ ਦਾ ਮੁਕਾਬਲਾ ਕਰ ਰਹੇ ਸੀ, ਕੁਝ ਦੇਰ ਬਾਅਦ ਪੁਰਾਣੀਆਂ ਚੀਜ਼ਾਂ ਨੂੰ ਆਪਾਂ ਕੁਝ ਦੇਰ ਵਰਤਣ ਤੋਂ ਬਾਅਦ ਬਦਲ ਕੇ ਨਵੀਆਂ ਲੈ ਆਉਨੇ ਆਂ ਤਾਂ ਕਿ ਉਹਨਾਂ ਦੀ ਰੀਪੇਅਰ ਵਗੈਰਾ ਨਾ ਕਰਵਾਉਣੀ ਪਵੇ। ਕੁਝ ਚੀਜ਼ਾਂ ———– ਹੁਣ ਵੀ ਲੈਂਦੇ ਨੇ, ਪਰ ਕਈ ਚਲਾਕੀ ਕਰ ਜਾਂਦੇ ਨੇ। ਸ਼ਾਇਰ ਕਰਤਾਰ ਸਿੰਘ ਬਲੱਗਣ ਦੀ ਸ਼ਾਇਰੀ ਦੇਖੋ :
—-ਇਕ ਦਿਨ ਵਟਾ ਬੈਠਾ ਪੱਗ ਪੰਡਤ ਦੇ ਨਾਲ
— ਉਹ ਨਵੀਂ ਲੈ ਕੇ ਪੁਰਾਣੀ ਦੇ ਗਿਆ।
ਰੱਬ ਬਚਾਵੇ ਚਲਾਕ ਲੋਕਾਂ ਤੋਂ। ਪਰ ਅਸਲੀਅਤ ਇਹ ਐ ਕਿ ਚਲਾਕੀ ਵੀ ਕੋਈ ਨਵੀਂ-ਨਵੀਂ ਹੀ ਚੱਲਦੀ ਐ। ਜੋ ਲੋਕ ਤੁਹਾਨੂੰ ਪੁਰਾਣੇ ਵਕਤ ਤੋਂ ਜਾਣਦੇ ਹੁੰਦੇ ਨੇ, ਉਹ ਚਲਾਕਾਂ ਦੀਆਂ ਚਲਾਕੀਆਂ ਤੋਂ ਵੀ ਵਾਕਿਫ ਹੁੰਦੇ ਨੇ।
ਬਿਹਤਰ ਐ ਕਿ ਪੁਰਾਣੇ ਸਮਿਆਂ ਦੇ ਲੋਕ, ਨਵੇਂ ਜ਼ਮਾਨੇ ਨੂੰ ਸਮਝਣ ਤਾਂ ਹੀ ਦੋਨਾਂ ਦਰਮਿਆਨ ਇਕ ਦੋਸਤੀ ਦਾ ਪੁਲ ਬਣਨੈ ਕਿਉਂਕਿ ਨਵੀਂ ਜਨਰੇਸ਼ਨ ਦੀਆਂ ਕਈ ਗੱਲਾਂ, ਕਈ ਆਦਤਾਂ ਸਾਨੂੰ ਪੁਰਾਣੀ ਸੋਚ ਰੱਖਣ ਵਾਲਿਆਂ ਨੂੰ ਬਿਲਕੁਲ ਨਹੀਂ ਭਾਉਂਦੀਆਂ ਤੇ ਦੂਜੇ ਪਾਸੇ ਨਵੀਂ ਸਦੀ ’ਚ ਰਹਿਣ ਵਾਲੇ ਬੱਚੇ ਸਾਡੀਆਂ ਪੁਰਾਣੀਆਂ ਆਦਤਾਂ ਦਾ ਮਜ਼ਾਕ ਉਡਾਉਂਦੇ ਨੇ।
ਦੇਖੋ ਜੀ, ਜਿਵੇਂ ਕਈ ਹਫਤੇ ਪਹਿਲਾਂ ਇਕ ਸੰਗੀਤ-ਵਿਚਾਰ ਕੀਤਾ ਸੀ ਕਿ ਇਕ ਇਕੱਲਾ, ਦੋ ਗਿਆਰਾਂ। ਸੋ, ਇਕੱਠੇ ਹੋ ਕੇ ਕੰਮ ਕਰਨ ਨਾਲ, ਜੇ ਨਵੇਂ ਤੇ ਪੁਰਾਣੇ ਇਕ ਦੂਜੇ ਨੂੰ ਸਮਝਣ ਦੀ ਕੁੋਸ਼ਿਸ਼ ਕਰਨਗੇ ਤਾਂ ਇਕ ਨਵਾਂ ਸੰਸਾਰ ਸਿਰਜਿਆ ਜਾਏਗਾ। ਠੀਕ ਉਸੇ ਤਰ੍ਹਾਂ ਜਿਵੇਂ ਅਹਿ ਗੀਤ ਕਹਿ ਰਿਹੈ :
ਹਮ ਤੁਮ ਦੋਨੋ ਜਬ—।
(ਏਕ ਦੂਜੇ ਕੇ ਲੀਏ)


