ਕੋਈ ਵੀ ਰੋਗ ਲੱਗਣ ਲੱਗਿਆਂ ਪਹਿਲਾਂ ਪੁੱਛਦਾ ਨਹੀਂ। ਜੇ ਕਦੀ ਇੰਝ ਹੁੰਦਾ ਤਾਂ ਹਰ ਇਕ ਵਿਅਕਤੀ ਕੋਲੋਂ ਰੋਗ ਨੂੰ ਨੋ ਪਰਮਿਸ਼ਨ ਦਾ ਫੱਟਾ ਈ ਮਿਲਦਾ ਅਤੇ ਸਭ ਲੋਕ ਇਕਦਮ ਤੰਦਰੁਸਤ ਮਿਲਦੇ। ਪਰ ਇੰਝ ਕਦੀ ਨਾ ਹੋਇਆ ਤੇ ਨਾ ਕਦੀ ਹੋਏਗਾ।
ਦੁਨੀਆ ’ਤੇ ਰਹਿ ਰਹੇ ਕਰੋੜਾਂ ਇਨਸਾਨਾਂ ਨੂੰ ਰੋਗ ਕਿਸੇ ਵਕਤ, ਕਿਸੇ ਉਮਰ ਵਿਚ ਆ ਕੇ ਘੇਰ ਸਕਦੇ ਨੇ, ਹਾਲਾਂਕਿ ਇਹ ਵੀ ਸੱਚ ਐ ਕਿ ਭੈੜੀਆਂ ਸਥਿਤੀਆਂ ਵਿਚ ਰਹਿ ਰਹੇ ਲੋਕਾਂ ਨਾਲ ਰੋਗ ਨੂੰ ਕਿਤੇ ਵੱਧ ਪਿਆਰ ਹੁੰਦੈ। ਸੁਭਾਵਿਕ ਐ ਕਿ ਜਿੱਥੇ ਰੋਗ ਫੈਲਣ ਦੇ ਜ਼ਿਆਦਾ ਚਾਂਨਸ ਹੋਣਗੇ, ਉਥੇ ਰੋਗੀਆਂ ਦੀ ਗਿਣਤੀ ਵੀ ਜ਼ਰੂਰ ਵੱਧ ਹੋਏਗੀ।
ਇਹੀ ਕਾਰਨ ਐ ਕਿ ਅਮੀਰ ਮੁਲਕਾਂ ਦੇ ਮੁਕਾਬਲੇ ਗਰੀਬ ਦੇਸ਼ਾਂ ’ਚ ਰਹਿ ਰਹੇ ਲੋਕ ਰੋਗਾਂ ਦੇ ਵੱਧ ਸ਼ਿਕਾਰ ਹੁੰਦੇ ਨੇ।
ਰੋਗ ਕੋਈ ਨਵੀਂ ਬਲਾ ਨਹੀਂ। ਇਹ ਉਦੋਂ ਤੋਂ ਈ ਨੇ, ਜਦੋਂ ਤੋਂ ਬੰਦਾ ਧਰਤੀ ’ਤੇ ਐ। ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਪੁਰਾਤਨ ਜ਼ਮਾਨੇ ’ਚ ਰੋਗ ਘੱਟ ਹੁੰਦੇ ਸੀ ਜਾਂ ਇਉਂ ਕਹਿ ਲੋ ਬਈ ਉਦੋਂ ਆਮ ਲੋਕ ਵਧੇਰੇ ਤੰਦਰੁਸਤ ਹੁੰਦੇ ਸੀ। ਇਹਦੇ ਕਈ ਕਾਰਨ ਨੇ : ਇਕ ਤਾਂ ਇਹ ਕਿ ਪਹਿਲੇ ਸਮਿਆਂ ’ਚ ਹਰ ਇਕ ਵਿਅਕਤੀ ਹੱਥੀਂ ਕੰਮ ਕਰਦਾ ਹੋਣ ਕਰਕੇ, ਉਹਦੀ ਸਿਹਤ ਬਿਹਤਰ ਹੁੰਦੀ ਸੀ, ਰੋਗ ਚਿੰਬੜਦੇ ਈ ਘੱਟ ਸੀ।
ਦੂਜੀ ਗੱਲ ਇਹ ਕਿ ਉਹਨਾਂ ਦੀ ਖੁਰਾਕ ਸਾਦੀ, ਪਰ ਸਾਫ ਸੁਥਰੀ ਹੁੰਦੀ ਸੀ, ਜੀਹਦੀ ਵਜ੍ਹਾ ਨਾਲ ਰੋਗ ਘੱਟ ਲੱਗਦੇ ਸੀ। ਅਗਲੀ ਗੱਲ ਇਹ ਵੀ ਕਿ ਜੇ ਲੱਗਦੇ ਵੀ ਸੀ ਤਾਂ ਘੱਟੋ-ਘੱਟ ਉਹਨਾਂ ਦਾ ਕਾਰਨ ਮਿਲਾਵਟ ਵਾਲਾ ਖਾਣਾ ਜਾਂ ਰਸਾਇਣਕ ਪਦਾਰਥਾਂ ਦੀ ਮੱਦਦ ਨਾਲ ਪੈਦਾ ਕੀਤਾ ਖਾਣਾ ਨਹੀਂ ਸੀ।
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ
ਜਿਵੇਂ ਸ਼ੁਰੂ ਵਿਚ ਆਪਾਂ ਕਹਿ ਰਹੇ ਸੀ ਬਈ ਰੋਗ ਦਾ ਉਮਰ ਨਾਲ ਕੋਈ ਤਾਅਲੁੱਕ ਨਹੀਂ ਹੈ। ਇਹ ਮਰਦ ਜਾਂ ਔਰਤ ਨੂੰ ਕਿਸੇ ਵੀ ਉਮਰ ਵਿਚ ਲੱਗ ਸਕਦੈ। ਪਰ ਛੋਟੀ ਉਮਰ ’ਚ ਰੋਗ ਸਹੇੜਨ ਵਾਲੇ ਤਾਂ ਇਹੀ ਕਹਿ ਉਠਦੇ ਨੇ ਕਿ :
ਛੋਟੀ ਸੀ ਉਮਰ ਮੇਂ ਹੀ—-।
ਥੋੜ੍ਹੀ ਦੇਰ ਪਹਿਲਾਂ ‘ਸਰਗਮ’ ਦੇ ਸਰੋਤਿਆਂ ਨੇ ਇਕ ਗੀਤ ਸੁਣਿਆ ਸੀ ਕਿ ‘ਛੋਟੀ ਸੀ ਉਮਰ—।’ ਪਰ ਸਾਰੇ ਈ ਰੋਗ ਛੋਟੀ ਉਮਰ ’ਚ ਮੌਤ ਦਾ ਕਾਰਨ ਨਹੀਂ ਬਣਦੇ। ਕਈ ਰੋਗ ਤਾਂ ਆਦਮੀ ਦਾ ਖਹਿੜਾ ਉਮਰ ਭਰ ਨਹੀਂ ਛੱਡਦੇ ਜਿਸ ਤਰ੍ਹਾਂ ਕਿ ਸੁਰਜੀਤ ਪਾਤਰ ਲਿਖਦੇ ਨੇ ਕਿ :
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ।
ਰੋਗ ਵੀ ਕਈ ਤਰ੍ਹਾਂ ਦੇ ਨੇ-ਸਰੀਰਕ ਰੋਗ, ਮਾਨਸਿਕ ਰੋਗ, ਕੁਦਰਤੀ ਰੋਗ, ਜਾਂ ਆਪੇ ਸਹੇੜੇ ਰੋਗ। ਕਈ ਰੋਗ ਸ਼ਾਇਦ ਇਹੋ ਜਿਹੇ ਵੀ ਹੁੰਦੇ ਹੋਣਗੇ, ਜਿਹਨਾਂ ਦਾ ਨਾਮ ਈ ਕੋਈ ਨਹੀਂ ਤੇ ਕਿਉਂਕਿ ਉਹਨਾਂ ਦਾ ਨਾਮ ਈ ਹੈ ਨੀ, ਏਸ ਲਈ ਉਹਨਾਂ ਦਾ ਪਤਾ ਵੀ ਨੀ ਲੱਗਦਾ ਹੋਣਾ ਕਿ ਉਹ ਲੱਗੇ ਵੇ ਨੇ। ਪਰ ਮੈਡੀਕਲ ਸਾਇੰਸ ਦੀ ਤਰੱਕੀ ਨੇ ਇਹਨਾਂ ਬਹੁਤੇ ਗੁਪਤ ਸਮਝੇ ਜਾਂਦੇ ਰੋਗਾਂ ਦੀ ਨਾ ਸਿਰਫ ਸ਼ਨਾਖਤ ਕਰਨ ’ਚ ਕਾਮਯਾਬੀ ਹਾਸਲ ਕਰ ਲਈ ਐ, ਬਲਕਿ ਉਹਨਾਂ ਦੇ ਇਲਾਜ ਵੀ ਲੱਭ ਲਏ ਨੇ।
ਗੱਲ ਫਿਰ ਉਹੀਓ ਹੈ ਜੀ ਕਿ ਇਹ ਸ਼ਨਾਖਤਾਂ ਤਾਂ ਉਥੇ ਕੰਮ ਹੀ ਕਰਦੀਆਂ ਨੇ, ਜਿੱਥੇ ਰੋਗਾਂ ਦੇ ਕੋਈ ਸਿੰਪਟਮ ਹੋਣ-ਜਾਣੀ ਕਿ ਇਹ ਪਤਾ ਲੱਗਦਾ ਹੋਵੇ ਕਿ ਐਸ ਰੋਗ ਦੀਆਂ ਆਹ-ਆਹ ਨਿਸ਼ਾਨੀਆਂ ਨੇ, ਪਰ ਕਈ ਰੋਗ ਐਹੋ ਜੇ ਅਵੱਲੇ ਨੇ ਕਿ ਬੱਸ ਉਹਨਾਂ ਦੀ ਨਿਸ਼ਾਨੀ ਇਹੀ ਹੈ ਕਿ ਬੰਦਾ ਰੋ-ਰੋ ਕੇ ਝੱਲਾ ਹੋ ਜਾਂਦੈ :
ਰੋਗ ਲਾਗਿਉਂ ਸੱਜਣਾ ਅਵੱਲੇ—। (ਨਸੀਬੋ ਲਾਲ)

ਜਦੋਂ ਕੈਨੇਡਾ ਆਏ ਤਾਂ ….
ਆਪਾਂ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਮਹਿਸੂਸ ਹੁੰਦੈ ਕਿ ਬਹੁਤ ਘੱਟ ਲੋਕ ਨੇ ਜੋ ਆਪਣੀ ਪੂਰੀ ਉਮਰ ਭੋਗ ਕੇ ਕੁਦਰਤੀ ਮੌਤ ਮਰਦੇ ਨੇ। ਵਰਨਾ, ਅੱਧਖੜ੍ਹ ਜਾਂ ਜਵਾਨ ਉਮਰ ਜਾਂ ਬਚਪਨ ’ਚ ਮਰਨ ਵਾਲੇ ਲੋਕ ਕਿਸੇ ਨਾ ਕਿਸੇ ਰੋਗ ਦਾ ਸ਼ਿਕਾਰ ਈ ਹੋਏ ਹੁੰਦੇ ਨੇ।
ਅੱਜ ਕੱਲ੍ਹ ਦੀ ਜ਼ਿੰਦਗੀ ’ਚ ਝਮੇਲੇ ਇਸ ਤਰ੍ਹਾਂ ਵਧ ਗਏ ਨੇ ਕਿ ਇਕ ਕੰਮ ਹੱਥੋਂ ਛੁੱਟਦਾ ਨਹੀਂ ਕਿ ਦੂਜਾ ਤਿਆਰ ਪਿਆ ਹੁੰਦੈ। ਇਹ ਵੀ ਐ ਕਿ ਕਨੇਡਾ ’ਚ ਤਾਂ ਸਾਰੇ ਕੰਮ ਕਰਨੇ ਵੀ ਆਪੇ ਈ ਪੈਂਦੇ ਆ, ਏਸ ਲਈ ਕੰਮਾਂ ਦੀ ਲੜੀ ਟੁੱਟਦੀ ਈ ਨਹੀਂ। ਪਰ ਇਹਦਾ ਬੋਝ ਲਗਾਤਾਰ ਸਾਡੀ ਮਾਨਸਿਕਤਾ ’ਤੇ ਪੈਂਦਾ ਰਹਿੰਦਾ, ਜੀਹਨੂੰ ਅਸੀਂ ਤਣਾਓ ਜਾਂ ਸਟਰੈਸ ਕਹਿਨੇ ਆਂ। ਇਹ ਸਟਰੈਸ ਨਾਮ ਦੀ ਬਲਾ ਅੱਜਕੱਲ੍ਹ ਦੇ ਮਨੁੱਖ ਦਾ ਸਭ ਤੋਂ ਵੱਡਾ ਰੋਗ ਐ, ਪਰ ਇਹਦਾ ਇਲਾਜ ਹੈ ‘ਆਰਟ ਆਫ ਲਵਿੰਗ’ ਕੋਲ।
ਇਕ ਰੋਗ ਜੀਹਤੋਂ ਸਭ ਜਾਣੂ ਨੇ ਉਹ ਐ ਦਿਲ ਦਾ ਰੋਗ। ਦਿਲ ਦਾ ਰੋਗ ਕਹਿੰਦੇ ਸਭ ਤੋਂ ਈ ਭੈੜਾ-ਏਸ ਰੋਗ ਨਾਲ ਨਾ ਬੰਦੇ ਨੂੰ ਭੁੱਖ ਮਹਿਸੂਸ ਹੁੰਦੀ ਐ ਤੇ ਨਾ ਕਦੀ ਪਿਆਸ ਦਾ ਪਤਾ ਚੱਲਦੈ। ਦਿਲ ਦੇ ਰੋਗ ਦਾ ਮਰੀਜ਼ ਇਸ ਦੁਬਿਧਾ ’ਚ ਪੈ ਜਾਂਦੈ ਕਿ :
ਇਸ਼ਕ ਨੂੰ ਇਕ ਰੋਗ ਨਾ ਸਮਝਾਂ ਤਾਂ ਕੀ ਸਮਝਾਂ
ਸੁੱਕ ਕੇ ਇਹ ਜਿਸਮ ਮੇਰਾ ਹੋ ਗਿਆ ਕਾਨੇ ਦੇ ਵਾਂਗ।
ਦਿਲ ਦੇ ਰੋਗ ਦਾ ਮਰੀਜ਼ ਆਪਣਾ ਰੋਗ ਛੁਪਾ ਤਾਂ ਸਕਦਾ ਨਹੀਂ, ਪਰ ਫਿਰ ਵੀ ਉਹ ਬਾਅਦ ਵਿਚ ਇਹੀ ਕਹਿੰਦਾ ਕਿ :
ਦਿਲ ਦਾ ਰੋਗ ਲੁਕੋ ਲੈਂਦੇ ਤਾਂ ਚੰਗਾ ਸੀ।
ਜਿਸ ਕਿਸੇ ਵਿਅਕਤੀ ਨੂੰ ਕੋਈ ਰੋਗ ਲੱਗਿਆ ਹੁੰਦੈ ਤਾਂ ਉਸ ਰੋਗ ਦੀ ਅਸਲ ਪੀੜ ਦਾ ਪਤਾ ਵੀ ਉਹਨੂੰ ਈ ਹੁੰਦੈ। ਪਰ ਕਈ ਬੀਮਾਰ ਆਦਮੀ ਬੜੇ ਖੁਸ਼ ਮਿਜ਼ਾਜ਼ ਹੁੰਦੇ ਨੇ, ਬੜੀ ਹਿੰਮਤ ਹੁੰਦੀ ਐ ਉਹਨਾਂ ’ਚ, ਬੜੀ ਸਹਿਣਸ਼ੀਲਤਾ ਹੁੰਦੀ ਐ ਉਹਨਾਂ ’ਚ। ਇਹੋ ਜਿਹੇ ਆਦਮੀ ਆਪਣੇ ਰੋਗ ਨਾਲ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ, ਰੋਗ ਦਾ ਖਿੜੇ ਮੱਥੇ ਟਾਕਰਾ ਕਰਦੇ ਆ।
ਔਰ ਇਹ ਸੱਚ ਐ ਕਿ ਇਹੋ ਜਿਹੇ ਹਿੰਮਤੀ ਬੰਦਿਆਂ ਨੂੰ ਫਿਰ ਰੋਗ ਵੀ ਬਹੁਤ ਸਤਾਉਂਦਾ ਨਹੀਂ। ਦੂਜੇ ਪਾਸੇ ਉਹ ਲੋਕ ਵੀ ਨੇ ਆਪਣੇ ਆਸ-ਪਾਸ, ਜੀਹਨੂੰ ਰੋਗ ਲੱਗਣਾ ਤਾਂ ਕੀ ਉਹ ਰੋਗ ਦਾ ਨਾਂ ਸੁਣ ਕੇ ਈ ਘਬਰਾ ਜਾਂਦੇ ਨੇ। ਜ਼ਿੰਦਗੀ ਨੂੰ ਜਿਊਣ ਦਾ ਸਭ ਦਾ ਵੱਖਰਾ-ਵੱਖਰਾ ਸਲੀਕਾ ਐ।
ਕੋਈ ਏਸ ਜ਼ਿੰਦਗੀ ਨੂੰ ਅੱਧੇ ਭਰੇ ਗਿਲਾਸ ਵਾਂਗੂੰ ਦੇਖਦਾ ਤੇ ਕਿਸੇ ਨਿਰਾਸ਼ਾਵਾਦੀ ਨੂੰ ਅੱਧਾ ਭਰਿਆ ਗਿਲਾਸ ਕਦੀ ਦਿਖਦਾ ਈ ਨਹੀਂ, ਕਿਉਂਕਿ ਉਹਦੀ ਨਜ਼ਰ ਉਤਲੇ ਅੱਧੇ ਖਾਲੀ ਗਿਲਾਸ ਤੋਂ ਥੱਲੇ ਕਦੇ ਜਾਂਦੀ ਈ ਨਹੀਂ।
ਜੀ ਠੀਕ ਕਿਹਾ ਤੁਸੀਂ ਕਿ ਨਿਰਾਸ਼ਾਵਾਦੀ ਲੋਕ ਤਾਂ ਖਾਹਮਖਾਹ ਹੀ ਆਪਣੇ ਆਪ ਨੂੰ ਰੋਗ ਲਗਾਈ ਰੱਖਦੇ ਨੇ। ਉਹ ਸੋਚ-ਸੋਚ ਕੇ ਹੀ ਆਪਣੇ ਦਿਮਾਗ ਨੂੰ ਰੋਗ ਦੇ ਘੇਰੇ ’ਚੋਂ ਕਦੀ ਬਾਹਰ ਨਿਕਲਣ ਹੀ ਨਹੀਂ ਦਿੰਦੇ।

ਇਕ ਸਮਾਂ ਸੀ, ਜਦੋਂ ਛੋਟੇ-ਮੋਟੇ ਰੋਗਾਂ ਦੇ ਇਲਾਜ ਲਈ ਹਸਪਤਾਲ ’ਚ ਨਹੀਂ ਸੀ ਭੱਜਣਾ ਪੈਂਦਾ, ਸਗੋਂ ਵੈਦ ਲੋਕ ਆਪਣੇ ਤਜਰਬੇ ਸਦਕਾ ਹੀ ਉਹਨਾਂ ਦਾ ਇਲਾਜ ਕਰ ਦਿੰਦੇ ਸੀ। ਉਹ ਮਰੀਜ਼ ਦੀ ਨਬਜ਼ ਦੇਖ ਕੇ ਹੀ ਉਹਦਾ ਰੋਗ ਲੱਭ ਲੈਂਦੇ ਸੀ। ਪਰ ਹੁਣ ਨਬਜ਼ਾਂ ਫੜਨ ਨਾਲ ਕੁਝ ਪਤਾ ਨਹੀਂ ਚੱਲਦਾ, ਇਸ ਸ਼ੇਅਰ ਵਾਂਗ :
ਬਾਹਰੋਂ ਨਬਜ਼ਾਂ ਫੜ ਫੜ ਸਾਡਾ ਰੋਗ ਨਹੀਂ ਲੱਭਿਆ ਜਾਣਾ
ਕਾਸ਼ ਕਿਤੇ ਕੋਈ ਪੀੜ ਦਿਲ ਦੀ ਅੰਦਰ ਵੜ ਕੇ ਟੋਹੇ।
ਵਾਹ! ਐਹੋ ਜਿਹੇ ਲੋਕਾਂ ਦੇ ਰੋਗ ਲੱਗਦੈ ਕਿ ਬੜੇ ਪੁਰਾਣੇ ਹੁੰਦੇ ਨੇ :
ਇਸ਼ਕ ਦੀਵਾਨਾ ਮੇਰਾ ਰੋਗ ਪੁਰਾਨਾ—।
ਰੋਗ ਸਾਡੀ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ, ਉਹ ਓਸੇ ਤਰ੍ਹਾਂ ਆਉਂਦੇ ਨੇ, ਜਿਵੇਂ ਬਾਕੀ ਸਾਰੇ ਦੁੱਖ-ਸੁੱਖ ਆਉਂਦੇ ਨੇ। ਹਰ ਸਾਲ ਲੱਖਾਂ ਉਹ ਲੋਕ ਵੀ ਰੋਗਾਂ ਦੀ ਬਲੀ ਚੜ੍ਹਦੇ ਨੇ, ਜਿਹਨਾਂ ਕੋਲ ਕਰੋੜਾਂ ਡਾਲਰਾਂ ਦੀ ਜਾਇਦਾਦ ਹੁੰਦੀ ਹੈ, ਜਾਂ ਜਿਨ੍ਹਾਂ ਨੇ ਹਰ ਕਿਸਮ ਦਾ ਮਹਿੰਗਾ ਇਲਾਜ ਵੀ ਕਮਾਇਆ ਹੁੰਦੈ।
ਜੇ ਕਿਸੇ ਰੋਗ ਦਾ ਲੱਗਣਾ ਸਾਡੇ ਹੱਥ-ਵੱਸ ਹੈ ਈ ਨਹੀਂ ਤਾਂ ਫਿਰ ਇਹਤੋਂ ਬਹੁਤਾ ਘਬਰਾਉਣਾ ਕਿਉਂ? ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਆਪਣੀ ਸਿਹਤ ਪੱਖੋਂ ਬਿਲਕੁਲ ਅਵੇਸਲੇ ਈ ਹੋ ਜਾਈਏ। ਕਈ ਰੋਗ ਪਰਹੇਜ਼ ਕਰਨ ਨਾਲ ਠੀਕ ਵੀ ਹੋ ਜਾਂਦੇ ਨੇ।
ਗੱਲ ਇਕ ਵਾਰ ਫਿਰ ਉਸ ਰੋਗ ਵੱਲ ਲਿਆਉਂਦੇ ਆਂ, ਜੀਹਦਾ ਹੱਲ ਦੁਨੀਆ ਦਾ ਕੋਈ ਵੀ ਡਾਕਟਰ ਨਹੀਂ ਕਰ ਸਕਿਆ। ਉਹ ਐ ਵਿਯੋਗ ਦਾ ਰੋਗ ਜਾਂ ਫਿਰ ਨਾਕਾਮ ਰਹੇ ਪਿਆਰ ਵਿਚ ਕਿਸੇ ਨੂੰ ਲੱਗਿਆ ਦਿਲ ਦਾ ਰੋਗ। ਦਗਾ ਕਮਾ ਗਏ ਸੱਜਣਾਂ ਨੂੰ ਇਕ ਸ਼ਾਇਰ ਨਹੋਰਾ ਮਾਰਦੈ :
ਰੋਗ ਅਵੱਲੇ, ਦਰਦ ਕੁਵੱਲੇ, ਹੌਕੇ ਵੰਨ ਸੁਵੰਨੇ
ਸੱਜਣਾਂ ਨੇ ਦਿੱਤੇ ਨੇ ਸਾਨੂੰ ਤੁਹਫੇ ਵੰਨ ਸੁਵੰਨੇ।
ਜਦ ਕਿਧਰੇ ਇਨਸਾਨਾਂ ਤੋਂ ਮੱਦਦ ਦੀ ਕੋਈ ਆਸ ਨਹੀਂ ਰਹਿੰਦੀ ਤਾਂ ਲੋਕ ਪੱਥਰਾਂ ’ਚੋਂ ਵੀ ਸਕੂਨ ਭਾਲਣ ਲੱਗਦੇ ਨੇ :
ਮਨ ਦਾ ਰੋਗ ਵੰਡਾ ਲੈਂਦੇ ਨੇ, ਤਨਜ਼ ਦੇ ਤੀਰ ਚਲਾ ਲੈਂਦੇ
ਏਸੇ ਲਈ ਤਾਂ ਅਸਾਂ ਨਿਮਾਣਿਆਂ, ਪੱਥਰ ਯਾਰ ਬਣਾ ਲਏ ਨੇ।

ਪਰ ਪੱਥਰ ਤਾਂ ਆਖਿਰ ਪੱਥਰ ਈ ਨੇ। ਦਿਲਾਂ ਨੂੰ ਰੋਗ ਲਾਉਣ ਵਾਲੇ ਵਿਅਕਤੀ ਜਦ ਦੂਰ ਚਲੇ ਜਾਂਦੇ ਨੇ ਤੇ ਪਿੱਛੇ ਰਹਿ ਗਿਆਂ ਨੂੰ ਕੋਈ ਥਹੁ ਪਤਾ ਵੀ ਦੱਸ ਕੇ ਨੀ ਜਾਂਦੇ ਤਾਂ ਫਿਰ ਦੁਖੀ ਪ੍ਰੇਮੀ ਕਹਿ ਉਠਦੇ ਨੇ :
ਦਿਲ ਨੂੰ ਅਵੱਲਾ ਰੋਗ —- (ਪਰਮਜੀਤ–)
ਜਿਵੇਂ ਪ੍ਰੋਗਰਾਮ ’ਚ ਪਹਿਲਾਂ ਕਹਿ ਰਹੇ ਸੀ ਕਿ ਪਹਿਲਾਂ ਵਾਲੇ ਜ਼ਮਾਨਿਆਂ ’ਚ ਰੋਗ ਹੁੰਦੇ ਵੀ ਘੱਟ ਸੀ ਤੇ ਜਿਹੜੇ ਹੁੰਦੇ ਵੀ ਸੀ, ਉਹਨਾਂ ਨੂੰ ਵੈਦ ਹੀ ਆਪਣੀਆਂ ਜੜ੍ਹੀਆਂ ਬੂਟੀਆਂ ਤੋਂ ਬਣਾਈਆਂ ਹੋਈਆਂ ਦਵਾਈਆਂ ਨਾਲ ਠੀਕ ਕਰ ਦਿੰਦੇ ਸੀ। ਪਰ ਹੁਣ ਗੱਲਾਂ ਕਿੱਥੇ? ਹੁਣ ਬਾਰੇ ਹਰਭਜਨ ਹਲਵਾਰਵੀ ਦਾ ਐਹ ਸ਼ੇਅਰ ਸੁਣੋ :
ਰੋਗ ਜਾਣੇ ਜੋ ਉਹ ਵੈਦਗੀ ਹੁਣ ਨਹੀਂ
ਮਨ ਪਛਾਣੇ ਜੋ ਉਹ ਸਾਦਗੀ ਹੁਣ ਨਹੀਂ।
ਬਹੁਤ ਅੱਛੇ! ਕਈ ਲੋਕ ਦੁੱਖ ਤਕਲੀਫਾਂ ਸਹਿਣ ਦੇ ਆਦੀ ਹੋ ਜਾਂਦੇ ਨੇ। ਫੇਰ ਉਹਨਾਂ ਵਾਸਤੇ ਇਹਨਾਂ ਦੁੱਖ, ਤਕਲੀਫਾਂ ’ਚ ਵਾਧਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ, ਸਗੋਂ ਉਲਟਾ, ਜਦੋਂ ਉਹਨਾਂ ਨੂੰ ਇਹ ਨਹੀਂ ਮਿਲਦੇ, ਉਦੋਂ ਉਹਨਾਂ ਲਈ ਇਹ ਅਜੀਬ ਸਮਾਂ ਹੁੰਦੈ। ਜਗਤਾਰ ਸੇਖਾ ਦਾ ਇਹ ਸ਼ੇਅਰ ਸੁਣੋ :
ਦੇਰ ਤੀਕਰ ਜਦ ਕੋਈ ਵੀ ਹਾਦਸਾ ਹੁੰਦਾ ਨਹੀਂ
ਰੋਗ ਵਰਗਾ ਉਹ ਸਮਾਂ ਵੀ ਤਾਂ ਹੰਢਾ ਹੁੰਦਾ ਨਹੀਂ।
ਕਿਆ ਬਾਤ ਐ ਕਿ ਕੋਈ ਹਾਦਸਾ ਨਾ ਹੋਣਾ ਵੀ ਇਕ ਰੋਗ ਦੇ ਬਰਾਬਰ ਐ। ਖੈਰ, ਕਈ ਵਾਰ ਤਾਂ ਕਿਸੇ ਰੋਗੀ ਦੇ ਰੋਗ ਬਾਰੇ ਬਾਕੀਆਂ ਨੂੰ ਇਸ ਕਰਕੇ ਖਬਰ ਹੋ ਜਾਂਦੀ ਐ ਕਿਉਂਕਿ ਉਹ ਉਹਨਾਂ ਨੂੰ ਡਾਕਟਰ ਦੇ ਕਲੀਨਿਕ ਵਿਚ ਬੈਠਿਆਂ ਦੇਖ ਲੈਂਦੇ ਨੇ, ਹਸਪਤਾਲ ਜਾਂਦਿਆਂ ਨੂੰ ਦੇਖ ਲੈਂਦੇ ਨੇ ਤੇ ਜਾਂ ਫਿਰ ਉਹ ਕਿਸੇ ਫਾਰਮੇਸੀ ’ਤੇ ਲਾਈਨ ’ਚ ਖੜ੍ਹੇ ਦਿਸ ਪੈਂਦੇ ਨੇ, ਪਰ ਜਿਹੜਾ ਰੋਗ ਦਿਲ ਦਾ ਹੁੰਦੈ, ਉਹਨੂੰ ਰੋਗੀ ਛਪਾਉਂਦਾ ਤਾਂ ਲੱਖ ਐ, ਤੇ ਕਿਸੇ ਡਾਕਟਰ ਦੇ ਵੀ ਨਹੀਂ ਜਾਂਦਾ, ਪਰ ਇਹ ਗੁੱਝਾ ਫੇਰ ਵੀ ਨਹੀਂ ਰਹਿੰਦਾ-ਤੇ ਲੋਕਾਂ ਨੂੰ ਪਤਾ ਲੱਗ ਈ ਜਾਂਦੈ। ਫਿਰ ਐਹੋ ਜਿਹਾ ਰੋਗੀ ਖੁਦ ਈ ਆਪਣੇ ਰੋਗ ਦਾ ਢੰਡੋਰਾ ਪਿੱਟ ਦਿੰਦਾ ਤੇ ਸਭ ਨੂੰ ਖਬਰ ਹੋ ਜਾਂਦੀ ਐ। ਉਹਨੂੰ ਬਾਅਦ ’ਚ ਪਛਤਾਵਾ ਹੁੰਦੈ ਕਿ ਜੇ ਉਹ ਆਪਣੇ ਏਸ ਰੋਗ ਨੂੰ ਛੁਪਾ ਈ ਲੈਂਦਾ ਤਾਂ ਚੰਗਾ ਰਹਿੰਦਾ :
ਦਿਲ ਦਾ ਰੋਗ —-। (ਪਰਵੇਜ਼)
ਦੇਖੋ ਜੀ ਜਿਊਂਦੇ ਬੰਦੇ ਨੂੰ ਕੋਈ ਨਾ ਕੋਈ ਰੋਗ ਤਾਂ ਲੱਗਣੇ ਹੀ ਹੁੰਦੇ ਨੇ, ਸੋ ਬਿਹਤਰ ਇਹ ਐ ਕਿ ਬੰਦਾ ਆਪਣੇ ਆਪ ਨੂੰ ਮਜ਼ਬੂਤ ਕਰਕੇ ਉਹਨਾਂ ਦਾ ਸਾਹਮਣਾ ਕਰੇ। ਦੂਜੇ ਪਾਸੇ, ਸ਼ਾਬਾਸ਼ ਉਹਨਾਂ ਲੋਕਾਂ ਦੀ ਦੇਣੀ ਬਣਦੀ ਐ, ਜੋ ਕਿਸੇ ਦੂਜੇ ਦੇ ਰੋਗ ਦੇ ਦੁੱਖ ਨੂੰ ਸਮਝਦੇ ਨੇ ਤੇ ਉਹਨਾਂ ਨੂੰ ਧਰਵਾਸਾ ਦਿੰਦੇ ਨੇ।

ਇੰਝ ਹੋ ਜਾਵੇ ਤਾਂ ਬਹੁਤ ਹੀ ਅੱਛਾ ਹੈ, ਪਰ ਜੇ ਨਹੀਂ ਵੀ ਤਾਂ ਬੰਦਾ ਘੱਟੋ-ਘੱਟ ਏਸ ਗੱਲ ਦਾ ਖਿਆਲ ਜ਼ਰੂਰ ਰੱਖੇ ਕਿ ਉਹ ਕਿਸੇ ਨੂੰ ਰੋਗ ਨਾ ਦੇਵੇ, ਕਿਸੇ ਦੇ ਰੋਗ ’ਚ ਵਾਧਾ ਨਾ ਕਰੇ। ਗਰੀਬ ਮੁਲਕਾਂ ’ਚ ਕਈ ਹਸਪਤਾਲ ਉਹ ਨੇ, ਜਿੱਥੇ ਰੋਗ ਦਾ ਇਲਾਜ ਤਾਂ ਕੀ ਲੱਭਿਆ ਜਾਣਾ ਹੁੰਦਾ, ਸਗੋਂ ਉਹ ਰੋਗਾਂ ਵਿਚ ਵਾਧਾ ਕਰਦੇ ਨੇ। ਰਜਿੰਦਰ ਸੋਢੀ ਦਾ ਆਹ ਸ਼ੇਅਰ ਬੜਾ ਢੁੱਕਵਾਂ ਹੈ :
ਫੈਲਾ ਖੁਦ ਰੋਗ ਰਿਹਾ ਇਕ ਤੋਂ ਵਧ ਕੇ ਇਕ ਹੈ
ਇਹ ਕੈਸਾ ਚਕਿਸਤਕ ਹੈ, ਫਿਰ ਕੈਸਾ ਕਲੀਨਿਕ ਹੈ।
ਜੀ ਸਹੀ, ਐਹੋ ਜਿਹੇ ਕਲੀਨਿਕ ਵੀ ਕਾਹਦੇ ਕਲੀਨਿਕ ਹੋਏ।
ਸਾਡੀਆਂ ਤਾਂ ਸਭਨਾਂ ਲਈ ਇਹੋ ਹੀ ਦੁਆਵਾਂ ਨੇ ਕਿ ਤੁਸੀਂ ਰੋਗਾਂ ਤੋਂ ਬਚੇ ਰਹੋ ਕਿਉਂਕਿ ਰੋਗ ਤੋਂ ਬਿਨਾ ਵਾਲੇ ਸਰੀਰ ਵਿਚ ਹੀ ਚੰਗੀ ਸੋਚਣੀ ਵਾਲਾ ਦਿਮਾਗ ਹੋ ਸਕਦੈ।
ਕਈਆਂ ਲਈ ਅੱਜ ਕੱਲ੍ਹ ਮੋਟਾਪਾ ਇਕ ਰੋਗ ਐ, ਬਲੱਡ ਪ੍ਰੈਸ਼ਰ ਇਕ ਰੋਗ ਐ, ਵਧਿਆ ਹੋਇਆ ਕੋਲੈਸਟਰੋਲ ਇਕ ਰੋਗ, ਸਟਰੈਸ ਇਕ ਰੋਗ ਐ- ਸਭ ਤੋਂ ਬਚਿਆ ਜਾ ਸਕਦਾ ਹੈ- ਸਭ ਦੇ ਸਹੀ ਇਲਾਜ ਉਪਲਬਧ ਨੇ। ਰੋਗੀਆਂ ਦੇ ਬਚਣ ਦੀ ਪੂਰੀ ਉਮੀਦ ਹੁੰਦੀ ਐ। ਪਰ —–।
ਪਰ ਕੀ—-।
ਪਰ ਆਹ ਦੇਖੋ ਕਿਹੜਾ ਰੋਗ ਐ, ਜੀਹਦੇ ’ਚ ਇਹ ਪਹਿਲਾਂ ਹੀ ਮੰਨਿਆ ਜਾ ਰਿਹੈ ਕਿ ਬਚਣ ਦੀ ਕੋਈ ਉਮੀਦ ਨਹੀਂ :
ਮੈਨੂੰ ਇਸ਼ਕੇ ਦਾ ਲੱਗਿਆ ਰੋਗ।


