ਪਿਛਲੇ ਦਿਨੀ ਨਾਭਾ ਵਿੱਚ ਕਿਸਾਨਾਂ ਅਤੇ ਪੁਲਿਸ ਦੀ ਝੜਪ ਦੌਰਾਨ ਚਰਚਾ ਵਿੱਚ ਆਈ ਪੰਜਾਬ ਪੁਲਿਸ ਦੀ ਡੀਐੱਸਪੀ ਮਨਦੀਪ ਕੌਰ ਕੌਣ ਹੈ, ਅਤੇ ਉਨ੍ਹਾਂ ਦਾ ਕੀ ਪਿਛੋਕੜ ਹੈ, ਇਸ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਹੈ।
ਚੰਡੀਗੜ੍ਹ/ ਪੰਜਾਬੀ ਲੈਂਜ਼
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੀ ਰਹਿਣ ਵਾਲੀ ਮਨਦੀਪ ਦਾ ਜਨਮ 19 ਅਪ੍ਰੈਲ 1988 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਜਸਬੀਰ ਸਿੰਘ ਅਤੇ ਮਾਤਾ ਨਾਂ ਸਰਬਜੀਤ ਕੌਰ ਹੈ। ਮਨਦੀਪ ਹੁਰੀਂ ਦੋ ਭੈਣਾਂ ਤੇ ਦੋ ਭਰਾ ਹਨ। ਆਪਣੇ ਪਰਿਵਾਰ ਵਿੱਚ ਉਹ ਇਕੱਲੀ ਮੈਂਬਰ ਹੈ ਜਿਸ ਨੇ ਖੇਡਾਂ ਵਿੱਚ ਨਾਮਣਾ ਖੱਟਿਆ ਹੈ।
ਕੈਰੋ ਵਿੰਗ ਵਿਚ ਸਕੂਲੀ ਪੜ੍ਹਾਈ ਕਰਦਿਆਂ ਮਨਦੀਪ ਨੇ ਅਥਲੈਟਿਕਸ ਦੇ ਗੁਰ ਕੋਚ ਬਲਜਿੰਦਰ ਸਿੰਘ ਮੰਡ ਤੋਂ ਸਿੱਖੇ। 2003 ਵਿਚ ਸਟੇਟ ਤੇ ਫੇਰ ਨੈਸ਼ਨਲ ਪੱਧਰ ਉਤੇ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ।
ਮਨਦੀਪ ਕੌਰ ਚੀਮਾ ਉਨ੍ਹਾਂ 9 ਖਿਡਾਰੀਆਂ ਵਿਚੋਂ ਇਕ ਸੀ, ਜਿਨ੍ਹਾਂ ਨੂੰ ਦਸੰਬਰ 2016 ਵਿਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ ਡੀ.ਐਸ.ਪੀ. ਭਰਤੀ ਕੀਤਾ ਸੀ।
ਡੀਐੱਸਪੀ ਤੋਂ ਬਣਾ ਦਿੱਤੀ ਸੀ ਸਿਪਾਹੀ
28 ਮਾਰਚ 2018 ਨੂੰ ‘ਦ ਇੰਡੀਅਨ ਐਕਸਪ੍ਰੈਸ’ ਵਿਚ ਛਪੀ ਖ਼ਬਰ ਅਨੁਸਾਰ, ਪੰਜਾਬ ਸਰਕਾਰ ਨੇ CWG ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਮਨਦੀਪ ਕੌਰ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦੇ ਅਹੁਦੇ ਤੋਂ “ਇਸ ਅਹੁਦੇ ਲਈ ਲੋੜੀਂਦੀ ਵਿਦਿਅਕ ਯੋਗਤਾ ਪੂਰੀ ਨਾ ਕਰਨ” ਕਾਰਨ ਹਟਾ ਦਿੱਤਾ। ਉਹ 15 ਮਹੀਨੇ ਡੀ.ਐਸ.ਪੀ. ਦੇ ਅਹੁਦੇ ‘ਤੇ ਰਹੀ ਸੀ। ਉਸ ਦੀ ਮੌਜੂਦਾ ਵਿਦਿਅਕ ਯੋਗਤਾ, 10+2 ਦੇ ਆਧਾਰ ‘ਤੇ, ਪੰਜਾਬ ਸਰਕਾਰ ਨੇ ਉਸ ਨੂੰ ਕਾਂਸਟੇਬਲ ਦੀ ਨੌਕਰੀ ਦੀ ਪੇਸ਼ਕਸ਼ ਕੀਤੀ।
ਮੀਡੀਆ ਰਿਪੋਰਟਾਂ ਮੁਤਾਬਕ ਲਗਪਗ 15 ਮਹੀਨੇ ਇਸ ਅਹੁਦੇ ‘ਤੇ ਕੰਮ ਕਰਨ ਤੋਂ ਬਾਅਦ ਮਨਦੀਪ ਕੌਰ, ਜਿਸ ਨੇ ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮੇ ਜਿੱਤੇ ਸਨ, ਨੂੰ ਉਸ ਦੀ ਗਰੈਜੂਏਸ਼ਨ ਡਿਗਰੀ ਗਲਤ ਪਾਏ ਜਾਣ ਕਾਰਨ ਡਿਮੋਟ ਕਰਕੇ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ ਗਿਆ ਸੀ।

ਪਰ ਪੰਜਾਬ ਪੁਲਿਸ ਨੇ ਕੈਬਨਿਟ ਨੂੰ ਇਕ ਪ੍ਰਸਤਾਵ ਭੇਜਿਆ ਸੀ ਕਿ ਅੰਤਰਰਾਸ਼ਟਰੀ ਅਥਲੀਟ ਮਨਦੀਪ ਕੌਰ ਨੂੰ ਲੋੜੀਂਦੀ ਵਿਦਿਅਕ ਯੋਗਤਾ ਪੂਰੀ ਕਰਨ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਦੇ ਅਹੁਦੇ ’ਤੇ ਮੁੜ ਸ਼ਾਮਲ ਕੀਤਾ ਜਾਵੇ।
30 ਅਗਸਤ 2020 ਨੂੰ ‘ਜਗ ਬਾਣੀ’ ਦੇ ਨਿਊਜ਼ ਪੋਰਟਲ ‘ਤੇ ਛਪੀ ਖ਼ਬਰ ਅਨੁਸਾਰ ਤਿੰਨ ਵਾਰ ਏਸ਼ੀਅਨ ਖੇਡਾਂ ‘ਚੋਂ ਸੋਨ ਤਗਮੇ ਜਿੱਤਣ ਵਾਲੀ ਅਥਲੀਟ ਮਨਦੀਪ ਕੌਰ ਚੀਮਾ ਨੂੰ ਪੰਜਾਬ ਸਰਕਾਰ ਵਲੋਂ (ਮੁੜ) ਪੰਜਾਬ ਪੁਲਸ ‘ਚ ਡੀ.ਐੱਸ.ਪੀ ਨਿਯੁਕਤ ਕੀਤਾ ਸੀ।
14 ਕੌਮਾਂਤਰੀ ਸੋਨ ਤਗਮੇ ਜਿੱਤਣ ਵਾਲੀ ਅਥਲੀਟ
ਮਨਦੀਪ ਨੇ ਆਪਣੇ ਖੇਡ ਕਰੀਅਰ ਵਿਚ 34 ਖੇਡ ਪ੍ਰਾਪਤੀਆਂ ਕੀਤੀਆਂ ਹਨ। ਉਹ ਆਪਣੇ ਸਮੇਂ ਵਿਚ ਖੇਡ ਜਗਤ ਦੀ ‘ਗੋਲਡ ਗਰਲ’ ਵੀ ਆਖੀ ਜਾਂਦੀ ਰਹੀ ਹੈ। ਉਸ ਨੇ ਏਸ਼ੀਅਨ ਗੇਮਜ਼ ਤੇ ਰਾਸ਼ਟਰਮੰਡਲ ਖੇਡਾਂ ਸਮੇਤ ਏਸ਼ੀਅਨ ਪੱਧਰ ਦੇ ਮੁਕਾਬਲੇ ਏਸ਼ੀਅਨ ਗ੍ਰਾਂ.ਪ੍ਰੀ., ਏਸ਼ੀਅਨ ਟਰੈਕ ਐਂਡ ਫੀਲਡ, ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਆਦਿ ਮੁਕਾਬਲਿਆਂ ਵਿਚ 4*400 ਮੀਟਰ ਰਿਲੇਅ ਦੌੜ ਵਿਚ 14 ਸੋਨ ਤਮਗ਼ੇ, ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਮਨਦੀਪ ਨੇ 400 ਮੀਟਰ ਵਿਅਕਤੀਗਤ ਦੌੜ ਵਿਚ ਵੀ ਦੋ ਸੋਨੇ ਅਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ।
ਪਰ ਉਸ ਨੂੰ ਡੋਪਿੰਗ ਦੇ ਇਲਜਾਮਾ ਕਾਰਨ ਕੁਝ ਸਮੇਂ ਲਈ ਟਰੈਕ ਤੋਂ ਬਾਹਰ ਵੀ ਰੱਖਿਆ ਗਿਆ ਸੀ। ਪਰ ਬਾਅਦ ਵਿੱਚ ਪਾਇਆ ਗਿਆ ਕਿ ਉਸ ਨੇ ਇਤਰਾਜਯੋਗ ਦਵਾਈ ਅਣਜਾਣੇ ਵਿੱਚ ਬੀਮਾਰੀ ਦੌਰਾਨ ਖਾਧੀ ਸੀ।
ਮਨਦੀਪ ਕੌਰ ਚੀਮਾ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕੌਮਾਂਤਰੀ ਸਾਈਕਲਿਸਟ ਹਰਪਿੰਦਰ ਸਿੰਘ ਗੱਗੀ ਨਾਲ ਹੋਇਆ, ਜੋ ਪੰਜਾਬ ਦੇ ਖੇਡ ਵਿਭਾਗ ਵਿਚ ਜ਼ਿਲ੍ਹਾ ਖੇਡ ਅਫਸਰ ਹੈ।




