punjabilens.com

ਸੰਸਾਰ ਦੇ ਨਵੇਂ ਜਗੀਰਦਾਰ ਕੌਣ ਹਨ ਜਿਨ੍ਹਾਂ ਦਾ ਪੂਰਾ ਸੰਸਾਰ ‘ਸੀਰੀ’ ਬਣਨ ਜਾ ਰਿਹਾ ਹੈ 

ਸ਼ਮੀਲ


ਕਈ ਸਾਲ ਪਹਿਲਾਂ ਅਮਰੀਕੀ ਲੇਖਕ ਐਲਵਿਨ ਟੌਫਲਰ ਦੀ ਕਿਤਾਬ Future Shock ਪੜ੍ਹੀ ਸੀ। ਇਸ ਕਿਤਾਬ ਵਿਚ ਉਸ ਆਰਥਿਕ-ਸਮਾਜਿਕ-ਰਾਜਨੀਤਕ ਕ੍ਰਾਂਤੀ ਦੀ ਤਸਵੀਰ ਪੇਸ਼ ਕੀਤੀ ਗਈ ਸੀ, ਜਿਹੜੀ ਨਵੀਂ ਟੈਕਨੌਲੋਜੀ ਸਦਕਾ ਸਮਾਜ ਨੂੰ ਇੰਡਸਟਰੀਅਲ ਸਮਾਜ ਤੋਂ ਸੁਪਰ-ਇੰਡਸਟਰੀਅਲ ਸਮਾਜ ਵੱਲ ਲਿਜਾ ਰਹੀ ਹੈ।
ਇਹ ਕਿਤਾਬ ਭਾਵੇਂ ਸੱਤਰਵਿਆਂ ਵਿਚ ਆਈ, ਪਰ ਮੈਂ ਨੱਬੇਵਿਆਂ ਵਿਚ ਪੜ੍ਹੀ ਸੀ। ਧਰਤੀ ਤੇ ਮਨੁੱਖੀ ਸਮਾਜ ਦੀ ਇਸੇ ਤਰਾਂ ਦੀ ਤਬਦੀਲੀ ਅੱਜ ਉਸ ਦੌਰ ਤੋਂ ਬਹੁਤ ਅੱਗੇ ਆ ਚੁੱਕੀ ਹੈ। ਮੇਰੇ ਲਈ ਇਸ ਤਰਾਂ ਦੀ ਤਬਦੀਲੀ ਬਾਰੇ ‘Future Shock’ ਤੋਂ ਬਾਦ ਅਮਰਜੀਤ ਗਰੇਵਾਲ ਹੋਰਾਂ ਦੀ ਕਿਤਾਬ ‘The Creative Uprising—Igniting a revolution in the age of tech feudalism’ ਦੂਜੀ ਅਜਿਹੀ ਕਿਤਾਬ ਹੈ, ਜਿਸ ਨੇ ਇਸ ਵੱਡੀ ਸਮਾਜਿਕ ਤਬਦੀਲੀ ਬਾਰੇ ਨਵਾਂ ਨਜ਼ਰੀਆ ਪੇਸ਼ ਕੀਤਾ ਹੈ।

ਮੈਂ ਆਪਣੇ ਬਾਰੇ ਕਹਿ ਸਕਦਾ ਹਾਂ ਕਿ ਇਸ ਕਿਤਾਬ ਨੇ ਮੈਨੂੰ ਉਸੇ ਤਰਾਂ ਪ੍ਰਭਾਵਿਤ ਕੀਤਾ ਹੈ, ਜਿਸ ਤਰਾਂ ਕਿਸੇ ਵੇਲੇ ਐਲਵਿਨ ਟੌਫ਼ਲਰ ਦੀ ਕਿਤਾਬ ਨੇ ਕੀਤਾ ਸੀ।
ਅਮਰਜੀਤ ਗਰੇਵਾਲ ਹੋਰਾਂ ਦੀ ਕਿਤਾਬ ਵਿੱਚ ਜੋ ਨਜ਼ਰੀਆ ਪੇਸ਼ ਕੀਤਾ ਗਿਆ ਹੈ, ਉਹ ਅੱਜ ਦੇ ਯੁੱਗ ਲਈ ਬੇਹੱਦ ਮਹੱਤਵਪੂਰਨ ਹੈ। ਇਸ ਕਿਤਾਬ ਵਿਚ ਜੋ ਧਾਰਨਾਵਾਂ ਪੇਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਸਰਲ ਸ਼ਬਦਾਂ ਵਿਚ ਮੈਂ ਇਸ ਤਰਾਂ ਪੇਸ਼ ਕਰ ਸਕਦਾ ਹਾਂ:
1. ਪੂੰਜੀਵਾਦ ਤੋਂ ਪਹਿਲਾਂ ਜਗੀਰਦਾਰੀ ਯੁੱਗ ਸੀ, ਜਿਸ ਵਿਚ ਉਨ੍ਹਾਂ ਲੋਕਾਂ ਦੇ ਹੱਥ ਵਿਚ ਤਾਕਤ ਸੀ, ਜਿਨ੍ਹਾਂ ਦੀ ਜ਼ਮੀਨ ਤੇ ਮਾਲਕੀ ਸੀ। ਕੁੱਝ ਜਗੀਰਦਾਰ ਜ਼ਮੀਨ ਦੇ ਵੱਡੇ ਹਿੱਸੇ ਦੇ ਮਾਲਕ ਹੁੰਦੇ ਸਨ ਅਤੇ ਬਾਕੀ ਲੋਕ ਉਨ੍ਹਾਂ ਲਈ ਕੰਮ ਕਰਦੇ ਸਨ। ਜਿਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਸੀ, ਉਨ੍ਹਾਂ ਕੋਲ ਹੀ ਤਾਕਤ ਸੀ।

ਸਾਰਾ ਕਲਚਰ ਉਨ੍ਹਾਂ ਦੀ ਤਾਕਤ ਦੁਆਲੇ ਉਸਰਿਆ ਸੀ। ਉਦਯੋਗਿਕ ਕ੍ਰਾਂਤੀ, ਲੋਕਤੰਤਰ ਅਤੇ ਜ਼ਮੀਨੀ ਸੁਧਾਰਾਂ ਤੋਂ ਬਾਦ ਜਗੀਰਦਾਰਾਂ ਦੀ ਤਾਕਤ ਖੁੱਸ ਗਈ ਅਤੇ ਜ਼ਮੀਨ ਦੀ ਮਾਲਕੀ ਕਾਸ਼ਤਕਾਰਾਂ ਨੂੰ ਮਿਲ ਗਈ। ਇਸ ਨਾਲ ਇਕੱਲਾ ਜਗੀਰਦਾਰਾਂ ਕੋਲੋ ਜ਼ਮੀਨ ਦੀ ਮਾਲਕੀ ਹੀ ਨਹੀਂ ਖੁੱਸੀ, ਬਲਕਿ ਇਸ ਨੇ ਰਾਜਨੀਤੀ, ਕਲਚਰ ਅਤੇ ਸਮਾਜਿਕ ਸੰਬੰਧਾਂ ਵਿਚ ਨਵਾਂ ਦੌਰ ਸ਼ੁਰੂ ਕੀਤਾ। ਅਮਰਜੀਤ ਗਰੇਵਾਲ ਹੋਰਾਂ ਦੀ ਕਿਤਾਬ ਵਿੱਚ ਇਹ ਧਾਰਨਾ ਪੇਸ਼ ਕੀਤੀ ਗਈ ਹੈ ਕਿ ਅੱਜ ਧਰਤੀ ਦਾ ਇਨਸਾਨੀ ਜੀਵਨ ਦੁਬਾਰਾ ਫੇਰ ਇਕ ਨਵੇਂ ਜਗੀਰਦਾਰੀ ਦੌਰ ਵਿਚ ਦਾਖਲ ਹੋ ਚੁੱਕਾ ਹੈ।

Black and white photo of historic stone sculptures showcasing intricate craftsmanship.

ਪੁਰਾਣੀ ਜਗੀਰਦਾਰੀ ਦੇ ਯੁੱਗ ਵਿਚ ਜਗੀਰਦਾਰਾਂ ਕੋਲ ਜ਼ਮੀਨ ਦੀ ਮਾਲਕੀ ਸੀ, ਪਰ ਅੱਜ ਦੇ ਯੁੱਗ ਵਿਚ ਜ਼ਮੀਨ ਦੀ ਥਾਂ ਡਿਜੀਟਲ ਸਪੇਸ ਤੇ ਟੈਕਨੌਲੋਜੀ ਨੇ ਲੈ ਲਈ ਹੈ। ਅੱਜ ਵੱਡੀਆਂ ਟੈਕਨੌਲੋਜੀ ਕੰਪਨੀਆਂ ਜਿਵੇਂ ਕਿ ਗੂਗਲ, ਐਪਲ, ਮੈਟਾ, ਐਮਾਜ਼ੋਨ ਆਦਿ ਦੇ ਮਾਲਕ ਨਵੇਂ ਜਗੀਰਦਾਰ ਹਨ, ਜਿਨ੍ਹਾਂ ਲਈ ਸ਼ਬਦ ‘ਟੈਕ-ਫਿਉਡਲਜ਼’ ਵਰਤਿਆ ਗਿਆ ਹੈ। ਟੈਕਨੌਲੋਜੀ ਅਤੇ ਡਿਜੀਟਲ ਵਰਡਲ ਵਿਚ ਇਨ੍ਹਾਂ ਦੀ ਮਾਲਕੀ ਆਧੁਨਿਕ ਅਤੇ ਡੈਮੋਕਰੈਟਿਕ ਕੰਪਨੀਆਂ ਦੀ ਤਰਾਂ ਨਹੀਂ ਬਲਕਿ ਜਗੀਰਦਾਰਾਂ ਵਰਗੀ ਹੈ। ਇਹ ਕੰਪਨੀਆਂ ਇਸ ਤਰਾਂ ਦੇ ਅਦਾਰੇ ਨੇ, ਜਿਨ੍ਹਾਂ ਦੇ ਮਾਲਕ ਅੱਜ ਦੇ ਯੁੱਗ ਦੀ ਜ਼ਮੀਨ ਡਿਜੀਟਲ ਸਪੇਸ ਦੇ ਮਾਲਕ ਹਨ।

ਇਹ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਟੈਕਨੌਲੋਜੀ ਕੌਰਪੋਰੇਸ਼ਨਾਂ ਡਿਜੀਟਲ ਪ੍ਰਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਦੇ ਮੁਢਲੇ ਸਾਧਨਾਂ ਤੇ ਕੰਟਰੋਲ ਕਰਦੀਆਂ ਹਨ। ਇਨ੍ਹਾਂ ਦੇ ਪੂੰਜੀਵਾਦੀ ਦੌਰ ਵਾਲੇ ਖੁੱਲ੍ਹੇ ਮੁਕਾਬਲੇ ਨੂੰ ਵੀ ਖਤਮ ਕਰ ਦਿੱਤਾ ਹੈ। ਇਹ ਆਪੋ ਆਪਣੇ ਪਲੈਟਫਾਰਮਾਂ ਦੀਆਂ ਮਾਲਕ ਹਨ ਅਤੇ ਇਨ੍ਹਾਂ ਨੂੰ ਵਰਤਣ ਵਾਲੇ ਬਾਕੀ ਸਭ ਦੀ ਹਾਲਤ ਕਿਰਾਏਦਾਰਾਂ/ਮੁਜ਼ਾਰਿਆਂ ਵਾਲੀ ਹੈ। ਸਾਰੀ ਡਿਜੀਟਲ ਲੈਂਡ ਇਨ੍ਹਾਂ ਦੀ ਮਲਕੀਅਤ ਹੈ। ਇਨ੍ਹਾਂ ਦੁਆਰਾ ਤਿਆਰ ਕੀਤੇ ਡਿਜੀਟਲ ਪਲੈਟਫਾਰਮਾਂ ਨੇ ਇਕ ਅਜਿਹਾ ਇਕੋਸਿਸਟਮ ਤਿਆਰ ਕੀਤਾ ਹੈ, ਜਿਸ ਵਿਚ ਹੁੰਦੀ ਕਿਸੇ ਵੀ ਤਰਾਂ ਆਰਥਿਕ ਗਤੀਵਿਧੀ ਦੇ ਨਿਯਮ ਇਨ੍ਹਾਂ ਦੁਆਰਾ ਹੀ ਤੈਅ ਕੀਤੇ ਜਾਂਦੇ ਹਨ।

ਜਿਵੇਂ ਯੂਟਿਊਬ ਇਸ ਨੂੰ ਕੰਟਰੋਲ ਕਰਨ ਵਾਲੀ ਕੰਪਨੀ ਦੀ ਡਿਜੀਟਲ ਜ਼ਮੀਨ ਹੈ ਅਤੇ ਇਸ ਨੂੰ ਵਰਤਣ ਵਾਲੇ ਸਾਰੇ ਇਸ ਦੇ ਕਾਸ਼ਤਕਾਰ ਹਨ। ਉਨ੍ਹਾਂ ਦੀ ਐਕਟਿਵਿਟੀ ਦੇ ਨਿਯਮ ਮਾਲਕਾਂ ਨੇ ਨਿਰਧਾਰਤ ਕੀਤੇ ਹਨ। ਇਹ ਮਾਲਕ ਕੰਪਨੀਆਂ ਹੁਣ ਇਸ ਡਿਜੀਟਲ ਲੈਂਡ ਦੀ ਮਾਲਕੀ ਵਿਚੋਂ ਹੀ ਆਪਣੀ ਕੀਮਤ ਵਧਾ ਰਹੀਆਂ ਹਨ। ਜਿਵੇਂ ਕਿ ਜ਼ਮੀਨ ਦੇ ਮਾਲਕ ਕਿਰਾਏਦਾਰਾਂ ਤੋਂ ਕਿਰਾਇਆ ਵਸੂਲ ਕਰਦੇ ਹਨ ਜਾਂ ਉਨ੍ਹਾਂ ਦੀ ਕਮਾਈ ਚੋਂ ਹਿੱਸਾ ਰੱਖਦੇ ਹਨ। ਇਨ੍ਹਾਂ ਕੰਪਨੀਆਂ ਕੋਲ ਇਸ ਵਕਤ ਬੇਪਨਾਹ ਡੇਟਾ ਹੈ ਅਤੇ ਇਹ ਡੇਟਾ ਹੀ ਇਨ੍ਹਾਂ ਦੀ ਪੂੰਜੀ ਬਣ ਚੁੱਕਾ ਹੈ।

ਅੱਜ ਜਿਸ ਕੋਲ ਵੱਧ ਡੇਟਾ ਹੈ, ਉਸੇ ਕੋਲ ਵੱਧ ਆਰਥਿਕ ਅਤੇ ਸਮਾਜਿਕ ਤਾਕਤ ਜਾਂ ਪੂੰਜੀ ਹੈ। ਇਨ੍ਹਾਂ ਪਲੈਟਫਾਰਮਾਂ ਨੂੰ ਜੋ ਐਲਗਰਿਦਮ ਚਲਾ ਰਿਹਾ ਹੈ, ਉਹ AI ਨਾਲ ਚੱਲਦਾ ਹੈ ਅਤੇ ਇਹ ਐਲਗਰਿਦਮ ਮਾਲਕਾਂ ਦੁਆਰਾ ਹੀ ਤਿਆਰ ਕੀਤਾ ਗਿਆ ਹੈ। ਇਸ ਗੇਮ ਦੇ ਰੂਲਜ਼ ਉਨ੍ਹਾਂ ਨੇ ਹੀ ਬਣਾਏ ਹਨ।


2. ਇਸ ਤਰਾਂ ਦੇ ਰੁਝਾਨਾਂ ਬਾਰੇ ਹੋਰ ਲੋਕਾਂ ਨੇ ਵੀ ਲਿਖਿਆ ਹੈ। ਗਰੀਕ ਇਕੌਨੋਮਿਸਟ ਯਾਨਿਸ ਵਾਰੂਵਾਕਿੱਸ ਨੇ ਆਪਣੀ ਕਿਤਾਬ Technofeudalism: What Killed Capitalism ਵਿੱਚ ਇਸ ਤਬਦੀਲੀ ਦਾ ਖਾਕਾ ਪੇਸ਼ ਕੀਤਾ। ਅਮਰਜੀਤ ਗਰੇਵਾਲ ਹੋਰਾਂ ਨੇ ਆਪਣੀ ਕਿਤਾਬ ਵਿੱਚ ਟੈਕ-ਫਿਊਡਲਿਜ਼ਮ ਦੇ ਇਸ ਕਿਰਦਾਰ ਨੂੰ ਕਾਫੀ ਵਿਸਥਾਰ ਵਿਚ ਇਸ ਕਿਤਾਬ ਵਿਚ ਪੇਸ਼ ਕੀਤਾ ਗਿਆ ਹੈ ।

ਇਸ ਦਾ ਉਭਾਰ ਇਤਿਹਾਸਕ ਤੌਰ ਤੇ ਕਿਵੇਂ ਹੋਇਆ ਅਤੇ ਨਵੀਂ ਟੈਕਨੌਲੋਜੀ ਨੇ ਇਸ ਦੇ ਉਭਾਰ ਦੇ ਅਲੱਗ ਅਲੱਗ ਪੜਾਵਾਂ ਨੂੰ ਕਿਵੇਂ ਪ੍ਰਭਾਵਤ ਕੀਤਾ। ਇਸ ਵਿੱਚ 70ਵਿਆਂ ਦਾ ਮਾਈਕਰੋਪ੍ਰਸੈਸਰ ਰੈਵਲੂਸ਼ਨ, ਪਰਸਨਲ ਕੰਪਿਊਟਿੰਗ ਦਾ ਜਨਮ, 80ਵਿਆਂ ਵਿੱਚ ਪੀਸੀ ਸਟੈਂਡਰਡਾਈਜੇਸ਼ਨ, ਗ੍ਰਾਫਿਕ ਯੂਜ਼ਰ ਇੰਟਰਫੇਸ, ਵਰਡਲ ਵਾਈਡ ਵੈਬ, 90ਵਿਆਂ ਵਿਚ ਵਿੰਡੌਜ਼ ਵਗੈਰਾ ਨਾਲ ਕੰਪਿਊਟਿੰਗ ਦਾ ਫੈਲਾਅ, ਇੰਟਰਨੈਟ ਦੀ ਕਮਰਸ਼ਲਾਈਜੇਸ਼ਨ ਜਿਸ ਦੌਰਾਨ ਐਮੇਜ਼ੌਨ, ਯਾਹੂ ਅਤੇ ਗੂਗਲ ਜਿਹੀਆਂ ਕੰਪਨੀਜ਼ ਹੋਂਦ ਵਿਚ ਆਈਆਂ।

Detailed view of a historical marble sculpture in Amritsar, showcasing Sikh culture and architecture.

ਇਸੇ ਦੌਰਾਨ ਡਿਜੀਟਲ ਕਮਿਊਨਿਕੇਸ਼ਨ ਦਾ ਨਵਾਂ ਯੁੱਗ ਸ਼ੁਰੂ ਹੋਇਆ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਆਮਦ ਹੋਈ। ਸਾਲ 2000 ਤੋਂ ਬਾਦ ਦੇ ਦੌਰ ਵਿੱਚ ਟੈਕ-ਫਿਊਡਲਿਜ਼ਮ ਨੇ ਆਪਣੇ ਪੈਰ ਮਜ਼ਬੂਤ ਕੀਤੇ ਜਦੋਂ ਪਲੈਟਫਾਰਮ ਇਕੋਨੋਮੀ ਉਭਰੀ। ਇਸ ਤੋਂ ਬਾਦ ਸੋਸ਼ਲ ਮੀਡਿਆ ਕੰਪਨੀਆਂ ਫੇਸਬੁੱਕ, ਟਵਿਟਰ ਦੇ ਯੂਜ਼ਰ ਦੀ ਗਿਣਤੀ ਅਰਬਾਂ ਵਿਚ ਹੋ ਗਈ। ਐਮਾਜ਼ੌਨ ਨੇ ਈ-ਕਾਮਰਸ ਦਾ ਨਵਾਂ ਯੁੱਗ ਸ਼ੁਰੂ ਕਰ ਦਿੱਤਾ, ਊਬਰ, ਏਅਰਬੀਐਨਬੀ ਜਿਹੇ ਪਲੈਟਫਾਰਮਾਂ ਨਾਲ ਸ਼ੇਅਰਿੰਗ ਇਕੌਨੋਮੀ ਫੈਲੀ।

2010 ਤੋਂ ਬਾਦ ਆਰਟੀਫਿਸ਼ਲ ਇੰਟੈਲੀਜੈਂਸ ਰੈਵਲੂਸ਼ਨ ਸ਼ੁਰੂ ਹੋਇਆ, ਜਿਸ ਨੇ ਸਾਰਾ ਕੁੱਝ ਹੀ ਬਦਲ ਦਿੱਤਾ।


3. ਅੱਜ ਟੈਕਨੌਲੋਜੀ ਕੰਪਨੀਆਂ ਡਿਜੀਟਲ ਲੈਂਡ ਦੇ ਜਗੀਰਦਾਰ ਹਨ, ਦੂਜੇ ਪਾਸੇ AI ਦੇ ਰੂਪ ਵਿਚ ਉਨ੍ਹਾ ਕੋਲ ਅਜਿਹੀ ਟੈਕਨੋਲੋਜੀ ਹੈ, ਜਿਹੜੀ ਇਨਸਾਨੀ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਦੇਖੀ ਗਈ, ਜਿਸ ਨਾਲ ਇਨਸਾਨੀਅਤ ਅਜਿਹੇ ਯੁੱਗ ਵਿਚ ਦਾਖਲ ਹੋ ਰਹੀ ਹੈ, ਜਿਸ ਨੂੰ ‘ਉਤਰ-ਇਨਸਾਨੀ’ ਯੁੱਗ ਕਿਹਾ ਜਾ ਸਕਦਾ ਹੈ, ਜਿਸ ਵਿੱਚ ਇਨਸਾਨੀ ਅਤੇ AI ਇੰਟੈਲੀਜੈਂਸ ਇਕ ਦੂਜੇ ਵਿਚ ਮਿਲ ਰਹੀ ਹੈ, ਬਾਇਓਲੋਜੀ ਅਤੇ ਟੈਕਨੌਲੋਜੀ ਦਾ ਸੰਗਮ ਹੋ ਰਿਹਾ ਹੈ, ਅਤੇ ਜਿਸ ਨੂੰ ਅਸੀਂ ਕੰਮ ਕਹਿੰਦੇ ਆ ਰਹੇ ਹਾਂ, ਉਹ ਨਵੇਂ ਤਰੀਕੇ ਨਾਲ ਪ੍ਰੀਭਾਸ਼ਤ ਹੋ ਰਿਹਾ ਹੈ। ਇਨ੍ਹਾਂ ਗੱਲਾਂ ਨੂੰ ਕਿਤਾਬ ਦੇ ਚੈਪਟਰ ‘The future of humanity beyond humans’ ਵਿਚ ਕਾਫੀ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ।


4. ਜਿਵੇਂ ਉਦਯੋਗਿਕ ਯੁੱਗ ਵਿਚ ਮਿਹਨਤਕਸ਼ ਮਜ਼ਦੂਰ ਤਬਕਾ ਸੀ ਅਤੇ ਮੰਨਿਆ ਜਾਂਦਾ ਸੀ ਕਿ ਸਮਾਜ ਵਿਚ ਤਬਦੀਲੀ ਉਸ ਰਾਹੀਂ ਆਵੇਗੀ। ਉਤਰ-ਉਦਯੋਗਿਕ ਦੌਰ ਵਿਚ ਕਿਹਾ ਗਿਆ ਕਿ ਤਬਦੀਲੀ ਦੀ ਵਾਹਕ ਮਿਡਲ ਕਲਾਸ ਬਣੇਗੀ। ਇਸ ਕਿਤਾਬ ਵਿਚ ਇਹ ਧਾਰਨਾ ਪੇਸ਼ ਕੀਤੀ ਗਈ ਹੈ ਕਿ ਟੈਕ-ਜਗੀਰਦਾਰੀ ਵਾਲੇ ਮੌਜੂਦਾ ਦੌਰ ਵਿਚ ਇਕ ਨਵੀਂ ਕਲਾਸ ਉੱਭਰੀ ਹੈ, ਜਿਹੜੀ ਮੌਜੂਦਾ ਸਿਸਟਮ ਨੂੰ ਬਦਲ ਸਕਦੀ ਹੈ। ਖੋਜੀਆਂ/ਇਨੋਵੇਟਰਾਂ ਦੀ ਇਸ ਨਵੀਂ ਕਲਾਸ ਕੋਲ ਇਸ ਟੈਕ-ਜਗੀਰਦਾਰੀ ਸਿਸਟਮ ਦੀ ਪੂਰੀ ਸਮਝ ਹੈ। ਇਹ ਲੋਕ ਟੈਕਨੋਲੋਜੀ ਪ੍ਰਫੈਸ਼ਨਲਜ਼ ਹਨ, ਆਰਟਿਸਟ ਹਨ ਅਤੇ ਨਵੀਂ ਤਰਾਂ ਦੇ ਯੂਜ਼ਰਜ਼ ਹਨ। ਉਹ ਇਸ ਟੈਕਨੌਲੋਜੀ ਨੂੰ ਸਮਝਦੇ ਹਨ। ਉਨ੍ਹਾਂ ਕੋਲ ਨਵੇਂ ਵਿਚਾਰ ਹਨ। ਉਨ੍ਹਾਂ ਕੋਲ ਇਹ ਸੰਭਾਵਨਾ ਹੈ ਕਿ ਉਹ ਇਕ ਅਜਿਹਾ ਸਿਸਟਮ ਪੈਦਾ ਕਰਨ ਵਿਚ ਮੋਹਰੀ ਰੋਲ ਅਦਾ ਕਰ ਸਕਦੇ ਹਨ, ਜਿਹੜਾ ਟੈਕਨੋਲੋਜੀ ਕੰਪਨੀਆਂ ਦੀ ਅਜਾਰੇਦਾਰੀ ਨੂੰ ਖਤਮ ਕਰਕੇ ਇਕ ਓਪਨ ਸਿਸਟਮ ਉਸਾਰ ਸਕਦਾ ਹੈ। ਇਹ ਅਜਿਹਾ ਸਿਸਟਮ ਹੋਵੇਗਾ ਜਿਹੜਾ ਬਦਲਵੇਂ ਪਲੈਟਫਾਰਮ ਪੈਦਾ ਕਰ ਸਕੇਗਾ, ਜਿਹੜਾ ਲੋਕਾਂ ਦੀ ਪ੍ਰਾਈਵੇਸੀ ਅਤੇ ਡੇਟਾ ਮਾਲਕੀ ਨੂੰ ਤਰਜੀਹ ਦੇਣਗੇ। ਅਜਿਹੇ ਬਿਜ਼ਨਸ ਮਾਡਲ ਤਿਆਰ ਕਰੇਗਾ, ਜਿਹੜੇ ਕ੍ਰੀਏਟਰਾਂ ਅਤੇ ਯੂਜ਼ਰਾਂ ਨੂੰ ਉਚਿਤ ਮੁਆਵਜ਼ਾ ਦੇਣਗੇ। ਇਹ ਬਲੌਕਚੇਨ ਅਤੇ ਹੋਰ ਟੈਕਨੋਲੋਜੀ ਦੀ ਵਰਤੋਂ ਨਾਲ ਇਕ ਜ਼ਿਆਦਾ ਬਰਾਬਰੀ ਵਾਲਾ ਅਤੇ ਪਾਰਦਰਸ਼ੀ ਢਾਂਚਾ ਤਿਆਰ ਕਰ ਸਕਣਗੇ।


5. ਮੇਰੇ ਲਈ ਇਹ ਕਿਤਾਬ ਪੜ੍ਹਨ ਤੋਂ ਬਾਦ ਇਹ ਕਹਿਣਾ ਤਾਂ ਮੁਸ਼ਕਲ ਹੈ ਕਿ ਇਸ ਨਵੀਂ ਕਲਾਸ ਵਿੱਚ ਇਹ ਚੇਤਨਾ ਸਹਿਜ ਸੁਭਾਅ ਆਵੇਗੀ ਜਾਂ ਉਹ ਸੁਚੇਤ ਰੂਪ ਵਿਚ ਇਕ ਅਜਿਹਾ ਸਿਸਟਮ ਤਿਆਰ ਕਰਨ ਲਈ ਕੰਮ ਕਰਨਗੇ ਜਾਂ ਟੈਕਨੋਲੋਜੀ ਦੇ ਵਿਕਾਸ ਦਾ ਵਹਾਅ ਆਪਣੇ ਆਪ ਹੀ ਸਾਨੂੰ ਉਸ ਤਰਾਂ ਦੀਆਂ ਤਬਦੀਲੀਆਂ ਵੱਲ ਲੈ ਜਾਵੇਗਾ। ਜਾਂ ਕੀ ਇਹ ਲੋਕ ਸੰਗਠਤ ਰੂਪ ਵਿਚ ਇਸ ਤਰਾਂ ਦੀ ਤਬਦੀਲੀ ਲਈ ਕੰਮ ਕਰਨਗੇ, ਇਸ ਬਾਰੇ ਸ਼ਾਇਦ ਅਜੇ ਬਹੁਤ ਸਪਸ਼ਟਤਾ ਨਾਲ ਨਹੀਂ ਕਿਹਾ ਜਾ ਸਕਦਾ।

A stylish man with a backpack boards a tram in bustling Budapest, Hungary, during the day.


6. ਇਸ ਕਿਤਾਬ ਦੀ ਇਕ ਹੋਰ ਅਹਿਮ ਗੱਲ ਮੈਨੂੰ ਇਹ ਲੱਗੀ ਕਿ ਇਸ ਵਿਚ AI ਨੂੰ ਉਸ ਤਰਾਂ ਇਕ ਹਊਆ ਬਣਾਕੇ ਪੇਸ਼ ਨਹੀਂ ਕੀਤਾ ਗਿਆ, ਜਿਸ ਤਰਾਂ ਬਹੁਤ ਸਾਰੇ ਆਧੁਨਿਕ ਸਾਹਿਤ ਵਿਚ ਕੀਤਾ ਜਾ ਰਿਹਾ ਹੈ। ਬਲਕਿ ਇਨਸਾਨੀ ਇਤਿਹਾਸ ਵਿਚ ਤਬਦੀਲੀ ਦੀ ਇਕ ਅਜਿਹੀ ਸਟੇਜ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਇਨਸਾਨੀਅਤ ਇਕ ਨਵੇਂ ਯੁੱਗ ਵਿਚ ਦਾਖਲ ਹੋ ਜਾਵੇਗੀ। ਇਸ ਵਿਚ AI ਵੀ ਸਾਨੂੰ ਉਸੇ ਤਰਾਂ ਬਦਲੇਗੀ ਜਾਂ ਸਾਡਾ ਹਿੱਸਾ ਬਣ ਜਾਵੇਗੀ, ਜਿਵੇਂ ਅਸੀਂ ਪਹਿਲਾਂ ਹੀ ਹੈਲਥ ਟੈਕਨੋਲੋਜੀ, ਕਮਿਊਨਿਟੀਕੇਸ਼ ਟੈਕਨੋਲੋਜੀ ਅਤੇ ਕੰਪਿਊਟਰ ਟੈਕਨੋਲੋਜੀ ਨਾਲ ਬਦਲ ਚੁੱਕੇ ਹਾਂ। ਅੱਜ ਅਸੀਂ ਉਸ ਤਰਾਂ ਦੀ ਇਨਸਾਨੀਅਤ ਨਹੀਂ ਹੈ, ਜਿਹੋ ਜਿਹੀ ਪੰਜ ਸੌ ਜਾਂ ਹਜ਼ਾਰ ਸਾਲ ਪਹਿਲਾਂ ਸੀ। ਆਉਣ ਵਾਲਾ ਸਮਾਂ ਅਜਿਹਾ ਹੋਵੇਗਾ, ਜਿਸ ਵਿਚ ਇਨਸਾਨ ਅਤੇ ਟੈਕਨੋਲੋਜੀ ਦਾ ਰਲੇਵਾਂ ਅੱਜ ਦੇ ਸਮੇਂ ਨਾਲੋਂ ਕਿਤੇ ਗਹਿਰਾ ਹੋਵੇਗਾ। ਉਸ ਦੌਰ ਦੀ ਕਲਪਨਾ ਸਾਨੂੰ ਉਸੇ ਤਰਾਂ ਓਪਰੀ ਲੱਗਦੀ ਹੈ ਅਤੇ ਡਰਾਉਂਦੀ ਹੈ, ਜਿਵੇਂ ਸਾਥੋਂ ਹਜ਼ਾਰ ਸਾਲ ਪਹਿਲਾਂ ਆਏ ਸਾਡੇ ਬਜ਼ੁਰਗਾਂ ਨੂੰ ਸਾਡਾ ਅੱਜ ਦਾ ਜੀਵਨ ਓਪਰਾ ਲੱਗਦਾ ਹੋਵੇਗਾ।


7. ਇਹ ਕਿਤਾਬ ਇੰਗਲਿਸ਼ ਵਿਚ ਹੈ ਅਤੇ ਇਸ ਦਾ ਪੰਜਾਬੀ ਵਿਚ ਵੀ ਤਰਜਮਾ ਹੋ ਸਕਦਾ ਹੈ। ਸਾਡੇ ਬੌਧਿਕ ਹਲਕਿਆਂ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਇਸ ਤਰਾਂ ਦੀਆਂ ਤਬਦੀਲੀਆਂ ਬਾਰੇ ਗਲ਼ ਕਰੀਏ। ਸਾਡੀ ਇਹ ਕਿੰਨੀ ਬਦਕਿਸਮਤੀ ਹੈ ਕਿ ਸਾਡਾ ਯੂਥ ਅੱਜ ਗੈਂਗ-ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਸੁਣ ਰਿਹਾ ਹੈ, ਜਦਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਉਹ ਅਜਿਹੀਆਂ ਸਮਾਜਿਕ-ਇਤਿਹਾਸਕ ਤਬਦੀਲੀਆਂ ਦੀ ਗੱਲ ਕਰੇ ਅਤੇ ਇਸ ਯੁੱਗ ਲਈ ਆਪਣੇ ਆਪ ਨੂੰ ਤਿਆਰ ਕਰੇ।

Leave a Comment

Your email address will not be published. Required fields are marked *