punjabilens.com

ਨਰਿੰਦਰ ਮੋਦੀ, ਮਮਤਾ ਬੈਨਰਜੀ

ਚੰਡੀਗੜ੍ਹ/ ਖੁਸ਼ਹਾਲ ਲਾਲੀ 

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 3 ਵਿੱਚ ਭਾਰਤੀ ਜਨਤਾ ਪਾਰਟੀ ਅਤੇ ਦੋ ਵਿੱਚ ਗੈਰ ਭਾਜਪਾਈ ਸਰਕਾਰਾਂ ਬਣੀਆਂ ਹਨ। ਪਰ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਨੇ ਜਿੱਥੇ ਹੁਣ ਪੰਜਾਬ ਦੀ ਵਾਰੀ ਦਾ ਨਾਅਰਾ ਲਾ ਦਿੱਤਾ ਹੈ।

ਉੱਥੇ ਇਨ੍ਹਾਂ ਚੋਣਾਂ ਦਾ ਪੰਜਾਬ ਦੀਆਂ 2027 ਦੀਆਂ ਚੋਣਾਂ ਉੱਤੇ ਕੀ ਅਸਰ ਪਵੇਗਾ, ਇਸ ਦੀ ਚਰਚਾ ਸੂਬੇ ਦੇ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਛਿੜੀ ਗਈ ਹੈ।

ਭਾਵੇਂ ਕਿ ਪੱਛਮੀ ਬੰਗਾਲ ਦੀ ਜਿੱਤ ਵਿੱਚ ਮਮਤਾ ਬੈਨਰਜੀ ਦੇ 15 ਸਾਲ ਦੀ ਸਾਸ਼ਨ ਖਿਲਾਫ਼ ਸੱਤਾ ਵਿਰੋਧੀ ਲਹਿਰ, ਭਾਜਪਾ ਅਤੇ ਟੀਐਮਸੀ ਦੇ ਆਗੂਆਂ ਵਲੋਂ ਆਪੋ-ਆਪਣੇ ਤਰੀਕੇ ਨਾਲ ਕੀਤੇ ਗਏ ਵੋਟਾਂ ਦੇ ਧਰੁਵੀਕਰਨ, ਭਾਜਪਾ ਦਾ ਮਾਈਕ੍ਰੋ ਮੈਨੇਜਮੈਂਟ ਅਤੇ ਮਮਤਾ ਦੀ ਲੋਕਲ ਲੀਡਰਸ਼ਿਪ ਤੇ ਭ੍ਰਿਸ਼ਟਾਚਾਰ ਵਰਗੇ ਕਾਰਨ ਗਿਣਾਏ ਜਾ ਰਹੇ ਹਨ।

ਪਰ ਜਿਸ ਕਾਰਨ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਹੈ SIR ਪ੍ਰਕਿਰਿਆ। ਇਹੀ ਉਹ ਕਾਰਨ ਵੀ ਹੈ ਜਿਸ ਲਈ ਪੰਜਾਬ ਵਿੱਚ ਭਾਜਪਾ ਵਿਰੋਧੀ ਧਿਰਾਂ ਚਿੰਤਾਂ ਵੀ ਪ੍ਰਗਟਾ ਰਹੀਆਂ ਹਨ।

ਮਮਤਾ ਬੈਨਰਜੀ ਤੇ ਕੁਝ ਹੋਰ ਲੋਕ ਕਹਿ ਰਹੇ ਹਨ ਕਿ ਭਾਜਪਾ ਨੇ ਇਹ ਚੋਣ ਜਿੱਤੀ ਨਹੀਂ ਲੁੱਟੀ ਹੈ। ਉਸ ਵਿੱਚ ਚੋਣ ਕਮਿਸ਼ਨ, ਕੇਂਦਰੀ ਏਜੰਸੀਆਂ, ਸਪੈਸ਼ਲ ਇੰਸੈਂਟਿਵ ਰਿਵਿਊ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੀ ਭੂਮਿਕਾ ਉੱਤੇ ਵੀ ਕੁਝ ਹੱਦ ਤੱਕ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਇਸ ਰਿਪੋਰਟ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਨਤੀਜਿਆਂ ਵਿੱਚ ਐੱਸਆਈਆਰ ਦੀ ਅਸਰ ਕਿਹੋ ਜਿਹਾ ਦਿਖਾਈ ਦਿੱਤਾ ਹੈ।

 

  • ਪੱਛਮੀ ਬੰਗਾਲ ਦੇ 23 ਜ਼ਿਲ੍ਹਿਆਂ ਵਿੱਚੋਂ 6 ਜ਼ਿਲ੍ਹੇ ਮੁਸਲਿਮ ਬਹੁ ਗਿਣਤੀ ਵਾਲੇ ਹਨ,
  • ਇਹ ਜ਼ਿਲ੍ਹੇ ਹਨ, ਮੁਰਸ਼ਿਦਾਬਾਦ, ਮਾਲਦਾ, ਉੱਤਰ ਦਿਨਾਜਪੁਰ, ਦੱਖਣ 24 ਪਰਗਨਾ, ਉੱਤਰ 24 ਪਰਗਨਾ ਅਤੇ ਬੀਰਭੂਮ।
  • ਵਿਧਾਨ ਸਭਾ ਦੀਆਂ 294 ਵਿੱਚੋਂ 118 ਸੀਟਾਂ, ਅਰਥਾਤ 40% ਸੀਟਾਂ, ਇਨ੍ਹਾਂ ਹੀ ਜ਼ਿਲ੍ਹਿਆਂ ਵਿੱਚੋਂ ਹਨ।
  • 2021 ਵਿੱਚ ਮਮਤਾ ਬੈਨਰਜੀ ਨੇ ਕੁੱਲ 215 ਸੀਟਾਂ ਜਿੱਤੀਆਂ ਸਨ।
  • ਉਨ੍ਹਾਂ ਵਿੱਚੋਂ 103, ਜਾਣੀ 48% ਸੀਟਾਂ, ਸਿਰਫ਼ ਇਨ੍ਹਾਂ 6 ਜ਼ਿਲ੍ਹਿਆਂ ਤੋਂ ਆਈਆਂ।
  • ਇਨ੍ਹਾਂ ਜ਼ਿਲ੍ਹਿਆਂ ਵਿੱਚ ਮਮਤਾ ਬੈਨਰਜੀ ਦੀ ਜਿੱਤ ਦਾ ਪ੍ਰਤੀਸ਼ਤ 87% ਰਿਹਾ, ਜਦਕਿ ਭਾਜਪਾ ਨੂੰ ਸਿਰਫ਼ 14 ਸੀਟਾਂ ਮਿਲੀਆਂ ਸਨ।

ਪੱਛਮੀ ਬੰਗਾਲ ਦੀ ਚੋਣ ਸਿਆਸਤ ਨੂੰ ਸਮਝਣ ਵਾਲੇ ਮੰਨਦੇ ਹਨ ਕਿ ਇਹ ਸਿਰਫ਼ ਅੰਕੜੇ ਨਹੀਂ ਹਨ। ਇਹ ਮਮਤਾ ਬੈਨਰਜੀ ਦੇ ਪੂਰੇ ਚੋਣੀ ਹਿਸਾਬ-ਕਿਤਾਬ ਦੀ ਨੀਂਹ ਸੀ, ਜਿਸ ਨੂੰ ਐੱਸਆਈਆਰ ਅਤੇ ਧਰੁਵੀਕਰਨ ਨਾਲ ਹਿਲ਼ਾ ਦਿੱਤਾ ਗਿਆ। ਇਸ ਲਈ ਇਸ ਵੋਟਬੈਂਕ ਨੂੰ ਸਮਝਣਾ ਜ਼ਰੂਰੀ ਹੈ।

15 ਸਾਲਾਂ ਵਿੱਚ ਟੀਐਮਸੀ ਦਾ ਇਹ ਗੜ੍ਹ ਕਿਵੇਂ ਬਣਿਆ?
ਮਮਤਾ ਤੋਂ ਪਹਿਲਾਂ ਕਾਮਰੇਡਾਂ ਦੇ 34 ਸਾਲਾਂ ਦੇ ਰਾਜ ਦੌਰਾਨ ਮੁਸਲਿਮ ਵੋਟਰ ‘ਲਾਲ ਝੰਡੇ’ ਨਾਲ ਸਨ। ਪਰ ਦੋ ਘਟਨਾਵਾਂ ਨੇ ਇਹ ਸਮੀਕਰਨ ਬਦਲ ਦਿੱਤਾ ਹੈ,
2006 ਦੀ ਸੱਚਰ ਕਮੇਟੀ ਰਿਪੋਰਟ ਨੇ ਦਰਸਾਇਆ ਕਿ ਬੰਗਾਲ ਦੇ ਮੁਸਲਮਾਨਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਦੇਸ਼ ਵਿੱਚ ਸਭ ਤੋਂ ਮਾੜੀਆਂ ਵਿੱਚੋਂ ਇੱਕ ਹੈ, ਅਤੇ ਇਹ ਕਾਮਰੇਡਾਂ ਦੇ ਲੰਮੇ ਰਾਜ ਦੇ ਬਾਵਜੂਦ ਸੀ। ਇਸ ਨਾਲ ਮੁਸਲਮਾਨਾਂ ਵਿੱਚ ਖੱਬੇਪੱਖੀਆਂ ਪ੍ਰਤੀ ਨਾਰਾਜ਼ਗੀ ਵਧ ਗਈ।
• 2007 ਵਿੱਚ ਨੰਦੀਗ੍ਰਾਮ ਅਤੇ ਸਿੰਗੂਰ ਵਿੱਚ ਜ਼ਮੀਨ ਐਕੂਵਾਇਰ ਹੋਈ ਸੀ, ਜਿਸ ਨਾਲ ਵੱਡੀ ਗਿਣਤੀ ਵਿੱਚ ਮੁਸਲਿਮ ਕਿਸਾਨ ਪ੍ਰਭਾਵਿਤ ਹੋਏ ਸਨ। ਮਮਤਾ ਨੇ ‘ਮਾਂ, ਮਾਟੀ, ਮਾਨੁਸ਼’ ਦਾ ਨਾਅਰਾ ਦੇ ਕੇ ਆਪਣੇ ਆਪ ਨੂੰ ਗਰੀਬਾਂ ਅਤੇ ਘੱਟਗਿਣਤੀਆਂ ਦੀ ਹਮਦਰਦ ਵਜੋਂ ਪੇਸ਼ ਕੀਤਾ, ਅਤੇ ਖੱਬੇਪੱਖੀਆਂ ਨਾਲ ਨਾਰਾਜ਼ ਮੁਸਲਿਮ ਵੋਟਰ ਆਪਣੇ ਨਾਲ ਜੋੜ ਲਏ।

2011 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮਮਤਾ ਨੇ ਇਸ ਸੰਬੰਧ ਨੂੰ ਨੀਤੀਆਂ ਵਿੱਚ ਬਦਲਿਆ, ਇਮਾਮਾਂ ਅਤੇ ਮੋਅੱਜ਼ਿਨਾਂ ਲਈ ਮਹੀਨਾਵਾਰ ਭੱਤਾ, ਐਕਯਸ਼੍ਰੀ ਸਕਾਲਰਸ਼ਿਪ ਰਾਹੀਂ ਲੱਖਾਂ ਘੱਟਗਿਣਤੀ ਵਿਦਿਆਰਥੀਆਂ ਨੂੰ ਮਦਦ, ਅਤੇ ਮੁਸਲਿਮ ਜਾਤੀਆਂ ਨੂੰ OBC ਵਿੱਚ ਸ਼ਾਮਲ ਕਰਕੇ ਰਿਜ਼ਰਵੇਸ਼ਨ ਦਾ ਲਾਭ ਦਿੱਤਾ, ਇਹੀ ਉਸ ਦੀ ਸੱਤਾ ਦੀ ਸ਼ਕਤੀ ਬਣੀ।

ਮਮਤਾ ਨੇ ਮੁਸਲਿਮ ਭਾਈਚਾਰੇ ਸੱਭਿਆਚਾਰਕ ਨਾਲ ਨਜ਼ਦੀਕੀ ਵੀ ਬਣਾਈ, ਮਿਸਾਲ ਵਜੋਂ ਹਿਜਾਬ ਪਾ ਕੇ ਇਫ਼ਤਾਰ ਪਾਰਟੀਆਂ ਵਿੱਚ ਜਾਣਾ ਅਤੇ ਇਸਲਾਮੀ ਤਰੀਕੇ ਨਾਲ ਦੁਆਵਾਂ ਪੜ੍ਹਨਾ।

ਭਾਰਤੀ ਜਨਤਾ ਪਾਰਟੀ ਇਸ ਨੂੰ ਤੁਸ਼ਟੀਕਰਨ ਦੀ ਨੀਤੀ ਕਹਿੰਦੀ ਹੈ, ਪਰ ਮੁਸਲਿਮ ਵੋਟਰ ਇਸ ਨੂੰ ਆਪਣੀ ਪਛਾਣ ਦਾ ਸਤਿਕਾਰ ਮੰਨਦੇ ਹਨ।

ਬੰਗਾਲ ਵਿੱਚ ਭਾਜਪਾ ਦੇ ਹੱਕ ਵਿੱਚ SIR

ਹੁਣ ਗੱਲ ਕਰਦੇ ਹਾਂ ਐੱਸਆਈਆਰ ਦਾ ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਕੀ ਕੁਝ ਹੋਇਆ
• ਪੱਛਮੀ ਬੰਗਾਲ ਵਿੱਚ ਹੋਏ SIR ਦੌਰਾਨ 91 ਲੱਖ ਵੋਟਰਾਂ ਦੇ ਨਾਮ ਕੱਟੇ ਗਏ—ਪਹਿਲੇ ਗੇੜ ਵਿੱਚ 64 ਲੱਖ ਅਤੇ ਫਿਰ ਲਾਜਿਕਲ ਡਿਸਕ੍ਰਿਪੈਂਸੀ ਦੇ ਨਾਂ ’ਤੇ 27 ਲੱਖ।

ਕੁੱਲ ਵੋਟਰਾਂ ਦੀ ਗਿਣਤੀ 7.66 ਕਰੋੜ ਤੋਂ ਘਟ ਕੇ 6.75 ਕਰੋੜ ਰਹਿ ਗਈ।
• ‘ਦ ਹਿੰਦੂ’ ਦੀ ਰਿਪੋਰਟ ਮੁਤਾਬਕ ਕੱਟੇ ਗਏ ਨਾਮਾਂ ਵਿੱਚੋਂ 57.47 ਲੱਖ ਹਿੰਦੂ (63%) ਅਤੇ 31.1 ਲੱਖ ਮੁਸਲਿਮ (34%) ਹਨ, ਜਦਕਿ 2011 ਦੀ ਜਨਗਣਨਾ ਅਨੁਸਾਰ ਰਾਜ ਵਿੱਚ ਮੁਸਲਿਮ ਆਬਾਦੀ 27% ਹੈ।
ਸਿਆਸੀ ਮਾਹਰ ਮੰਨਦੇ ਹਨ ਕਿ ਬੰਗਾਲ ਵਿੱਚ ਭਾਜਪਾ ਦੀ ਜਿੱਤ ਵਿੱਚ SIR ਕਾਰਨ ਮੁਸਲਿਮ ਵੋਟਰਾਂ ਦੀ ਘਟੀ ਗਿਣਤੀ ਵੀ ਇੱਕ ਵੱਡਾ ਕਾਰਕ ਹੈ। ਇਹ ਸਿਰਫ਼ ਪ੍ਰਯੋਗਿਕ ਰਾਜਨੀਤੀ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਲੋਕਤੰਤਰ ਬਾਰੇ ਚਰਚਾ ਦਾ ਹਿੱਸਾ ਬਣ ਸਕਦਾ ਹੈ।
ਡਾਟਾ ਵਿਸ਼ਲੇਸ਼ਣ ਮੁਤਾਬਕ 45 ਅਜਿਹੀਆਂ ਸੀਟਾਂ ਹਨ, ਜਿੱਥੇ ਕੱਟੇ ਵੋਟਾਂ ਦੀ ਗਿਣਤੀ 2021 ਦੇ ਹਾਰ ਦੇ ਮਾਰਜਿਨ ਤੋਂ ਵੱਧ ਹੈ—ਇਨ੍ਹਾਂ 45 ਸੀਟਾਂ ਵਿੱਚੋਂ ਇਸ ਵਾਰ 41 ’ਤੇ ਭਾਜਪਾ ਨੇ ਜਿੱਤ ਹਾਸਲ ਕੀਤੀ।

ਬੰਗਾਲ ਵਿੱਚ ਮਮਤਾ ਦੀ 15 ਸਾਲਾਂ ਦੀ ਐਂਟੀ-ਇਨਕੰਬੈਂਸੀ
• 2011 ਤੋਂ ਲਗਾਤਾਰ 15 ਸਾਲਾਂ ਤੋਂ ਟੀਐਮਸੀ ਸੱਤਾ ਵਿੱਚ ਹੈ ਅਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ।
• ਇੰਨਾ ਲੰਮਾ ਸ਼ਾਸਨ ਹੋਣ ਨਾਲ ਐਂਟੀ-ਇਨਕੰਬੈਂਸੀ ਫੈਕਟਰ ਸਾਹਮਣੇ ਆ ਜਾਂਦਾ ਹੈ। ਇਸ ਨਾਲ ਨਜਿੱਠਣ ਲਈ ਟੀਐਮਸੀ ਨੇ 74 ਵਿਧਾਇਕਾਂ ਦੇ ਟਿਕਟ ਕੱਟੇ ਅਤੇ 15 ਦੀਆਂ ਸੀਟਾਂ ਬਦਲੀਆਂ।

ਜਿੱਥੇ ਟੀਐਮਸੀ ਨੇ 3 ਚੋਣਾਂ ਜਿੱਤੀਆਂ, ਉੱਥੇ ਭਾਜਪਾ ਨੇ 74 ਸੀਟਾਂ ਜਿੱਤੀਆਂ
• 294 ਸੀਟਾਂ ਵਾਲੀ ਪੱਛਮੀ ਬੰਗਾਲ ਵਿਧਾਨ ਸਭਾ ਵਿੱਚੋਂ 119 ਸੀਟਾਂ ’ਤੇ ਟੀਐਮਸੀ ਪਿਛਲੀਆਂ 3 ਚੋਣਾਂ ਤੋਂ ਜਿੱਤ ਰਹੀ ਸੀ। ਇਨ੍ਹਾਂ ਵਿੱਚੋਂ 74 ਸੀਟਾਂ ਇਸ ਵਾਰ ਭਾਜਪਾ ਨੇ ਜਿੱਤ ਲਈਆਂ।
• ਪਿਛਲੇ 10 ਸਾਲਾਂ ਤੋਂ ਟੀਐਮਸੀ 162 ਸੀਟਾਂ ’ਤੇ ਮਜ਼ਬੂਤ ਸੀ, ਜਿਨ੍ਹਾਂ ਵਿੱਚੋਂ 102 ’ਤੇ ਇਸ ਵਾਰ ਭਾਜਪਾ ਨੇ ਜਿੱਤ ਦਰਜ ਕੀਤੀ।
• 2021 ਵਿੱਚ ਟੀਐਮਸੀ ਨੇ 215 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਵਿੱਚੋਂ 128 ਸੀਟਾਂ ਇਸ ਵਾਰ ਭਾਜਪਾ ਨੇ ਹਾਸਲ ਕਰ ਲਈਆਂ।
• ਇਸ ਤੋਂ ਇਲਾਵਾ ਭਾਜਪਾ ਨੇ ਆਪਣਾ ਵੋਟ ਸ਼ੇਅਰ 8% ਵਧਾਇਆ ਅਤੇ 129 ਵੱਧ ਸੀਟਾਂ ਜਿੱਤੀਆਂ, ਜਦਕਿ ਟੀਐਮਸੀ ਦਾ ਵੋਟ ਸ਼ੇਅਰ ਲਗਭਗ 8% ਘਟ ਗਿਆ ਅਤੇ 134 ਸੀਟਾਂ ਘਟ ਗਈਆਂ।

ਸੁਨੀਲ ਜਾਖੜ, ਵਿਨੀਤ ਜੋਸ਼ੀ

ਪੰਜਾਬ ਉੱਤੇ ਕੀ ਅਸਰ ਪਵੇਗਾ

ਪੱਛਮੀ ਬੰਗਾਲ ਦੇ ਨਤੀਜੇ ਦਾ ਅਸਰ ਪੰਜਾਬ ਸਮੇਤ ਪੂਰੇ ਭਾਰਤ ‘ਤੇ ਪਵੇਗਾ। ਇਸ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਵਿਰੋਧੀ ਧਿਰ ਦੇ ਕਾਡਰ ਦੇ ਹੌਸਲੇ ਪਸਤ ਹੋਣਗੇ, ਭਾਜਪਾ ਲਈ ਹੌਸਲੇ ਵਧਾਉਣ ਵਾਲੇ।

ਇਸ ਜਿੱਤ ਤੋਂ ਬਾਅਦ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਇਹ ਚਰਚਾ ਛਿੜ ਗਈ ਹੈ ਕਿ ਭਾਜਪਾ ਪੰਜਾਬ ਵਿੱਚ ਕੀ ਕਰੇਗੀ, ਕੀ ਐੱਸਆਈਆਰ ਹੋਵੇਗੀ, ਕੀ ਅਸਾਮ ਵਾਂਗ ਡੀਲਿਮੀਟੇਸ਼ਨ ਕਰਵਾਏਗੀ, ਜਾਂ ਫੇਰ ਸਿੱਖ ਵੋਟਾਂ ਨੂੰ ਵੰਡ ਕੇ ਜਿੱਤ ਦਾ ਰਾਹ ਬਣਾਏਗੀ। ਇਨ੍ਹਾਂ ਗੱਲਾਂ ਦਾ ਮਨੋਵਿਗਿਆਨਕ ਅਸਰ ਜਰੂਰ ਦਿਖੇਗਾ। ਭਾਜਪਾ ਦੇ ਲੀਡਰਾਂ ਇਹ ਬਿਰਤਾਂਤ ਘੜਨ ਲੱਗੇ ਹਬਨ ਕਿ ਬੰਗਾਲ ਦੀ ਜਿੱਤ ਹਮਾਰੀ, ਹੁਣ ਪੰਜਾਬ ਦੀ ਵਾਰੀ।

ਪੰਜਾਬ ਦੇ ਕੁਝ ਸਿਆਸੀ ਮਾਹਰ ਮੰਨਦੇ ਹਨ ਕਿ ਭਾਜਪਾ ਦਾ ਪੂਰਾ ਧਿਆਨ ਇਸ ਗੱਲ ਉੱਤੇ ਰਹੇਗਾ ਕਿ ਉਹ ਉਸ ਤੋਂ ਵੀ ਮਜ਼ਬੂਰ ਅਧਾਰ ਰੱਖਣ ਵਾਲੀਆਂ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਆਪ ਤੇ ਕਾਂਗਰਸ ਦੀਆਂ ਵੋਟਾਂ ਨੂੰ ਕਿਵੇਂ ਵੰਡੇ ਅਤੇ ਆਪਣੇ ਅਧਾਰ ਨੂੰ ਕਿਵੇਂ ਵਧਾਏ।

ਅਜਿਹੇ ਲੋਕਾਂ ਦੀ ਗਿਣਤੀ ਦੀ ਵੀ ਕਮੀ ਨਹੀਂ ਹੈ ਕਿ ਜੋ ਇਹ ਦਾਅਵਾ ਕਰਦੇ ਹਨ ਕਿ ਪੰਜਾਬ, ਪੱਛਮੀ ਬੰਗਾਲ ਨਹੀਂ ਹੈ, ਇੱਥੋਂ ਦੇ ਸੱਭਿਆਚਾਰ ਅਤੇ ਸਿਆਸੀ ਮੁੱਦਿਆਂ ਵਿੱਚ ਬਹੁਤ ਵਖਰੇਵਾਂ ਹੈ।

ਇਸ ਲਈ ਪੱਛਮੀ ਬੰਗਾਲ ‘ਚ ਭਾਜਪਾ ਦੀ ਜਿੱਤ ਦਾ ਜ਼ਿਆਦਾ ਅਸਰ ਪੰਜਾਬ ‘ਤੇ ਨਹੀਂ ਪਵੇਗਾ , ਇੰਨਾ ਜਰੂਰ ਹੈ ਕਿ ਭਾਜਪਾ ਲੀਡਰਸ਼ਿਪ ਇਸ ਨੂੰ ਇੱਕ ਨਾਅਰੇ ਦੇ ਤੌਰ ਉੱਤੇ ਜਰੂਰ ਵਰਤ ਸਕੇਗੀ।