ਅਕਾਸ਼ ਗੰਗਾ ਵਿਚਲੇ 100 ਬਿਲੀਅਨ ਤਾਰਿਆਂ ਵਿਚੋਂ ਸੂਰਜ ਨੂੰ ਇਕ ਨਾਰਮਲ ਜੀ-2 ਸਟਾਰ ਕਿਹਾ ਜਾਂਦੈ। 13 ਲੱਖ 90 ਹਜ਼ਾਰ ਕਿਲੋਮੀਟਰ ਦੇ ਡਾਇਮੀਟਰ ਵਾਲੇ ਇਸ ਚਮਕਦੇ ਸਿਤਾਰੇ ਦੇ ਵਿਚਕਾਰਲਾ ਤਾਪਮਾਨ ਕੋਈ ਡੇਢ ਕਰੋੜ ਕੇਲੀਅਮ ਹੈ (ਸੈਂਟੀਗਰੇਡ ਕੇਲੀਅਮ ਤੋਂ ਕੋਈ ਸਾਢੇ ਤਿੰਨ ਕੁ ਗੁਣਾ ਵੱਡਾ ਹੁੰਦੈ)। ਸੋਲਰ ਸਿਸਟਮ ਦੀ ਇਹ ਸਭ ਤੋਂ ਵੱਡੇ ਆਕਾਰ ਦੀ ਸ਼ੈਅ ਹੈ।
ਕਰੀਬ ਸਾਢੇ ਚਾਰ ਬਿਲੀਅਨ ਸਾਲ ਪਹਿਲਾਂ ਹੋਂਦ ਵਿਚ ਆਇਆ ਸੂਰਜ ਸਾਡੀ ਧਰਤੀ ਤੋਂ ਡੇਢ ਸੌ ਮਿਲੀਅਨ ਕਿਲੋਮੀਟਰ ਦੂਰ ਐ ਤੇ ਸੂਰਜ ਦੀ ਰੋਸ਼ਨੀ ਨੂੰ ਸਾਡੇ ਤੱਕ ਪਹੁੰਚਦਿਆਂ ਕੋਈ ਸਾਢੇ ਅੱਠ —- ਲੱਗਦੇ ਨੇ। ਮੋਟੇ ਜਿਹੇ ਅੰਦਾਜ਼ੇ ਨਾਲ ਹੁਣ ਦੇ ਸੂਰਜ ਵਿਚ ਤਿੰਨ-ਚੌਥਾਈ, ਜਾਣੀ ਕਿ 75 ਪ੍ਰਤੀਸ਼ਤ ਹਾਈਡਰੋਜਨ ਤੇ ਚੌਥਾ ਹਿੱਸਾ ਹੀਲੀਅਨ ਗੈਸ ਦਾ ਹੈ।
ਸੂਰਜ ਬਾਰੇ ਵਿਗਿਆਨੀਆਂ ਦਾ ਮਤ
ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਆਪਣੇ ਕੇਂਦਰ ਦੀ ਅੱਧੀ ਹਾਈਡਰੋਜਨ ਨਿਗਲ ਚੁੱਕੈ। ਸਾਇੰਸਦਾਨਾਂ ਦਾ ਕਹਿਣਾ ਐ ਕਿ ਅਜੇ ਵੀ ਸੂਰਜ ਅਰਾਮ ਨਾਲ ਆਉਣ ਵਾਲੇ 500 ਕਰੋੜ ਸਾਲ ਤੱਕ ਸਾਨੂੰ ਆਪਣਾ ਚਾਨਣ ਦਿੰਦਾ ਰਹੇਗਾ, ਪਰ ਆਖਰਕਾਰ ਇਕ ਦਿਨ ਇਸ ਦੀ ਹਾਈਡਰੋਜਨ ਖਤਮ ਹੋਣ ਨਾਲ ਇਹ ਮਹਾਨ ਦੀਵਾ ਬੁਝ ਜਾਏਗਾ, ਪਰ ਬੁਝਦਾ-ਬੁਝਦਾ ਕੀ ਰੰਗ ਦਿਖਾਏਗਾ ਇਹ ਆਪਾਂ ਕਿਸੇ ਨੇ ਨਹੀਂ ਦੇਖਣੈ, ਪਰ ਕਿਹਾ ਜਾਂਦੈ ਕਿ ਧਰਤੀ ਦਾ ਬਿਲਕੁਲ ਖਾਤਮਾ ਹੋ ਜਾਏਗਾ।

ਮਜ਼ਾਕ ਵਿਚ ਇਹ ਵੀ ਕਿਹਾ ਜਾਂਦੈ ਕਿ ਜੇ ਸੂਰਜ ਦੀ ਸਵਿੱਚ ਔਫ ਕਰ ਦਿੱਤੀ ਜਾਵੇ ਤਾਂ ਧਰਤੀ ’ਤੇ ਠੀਕ ਸਾਢੇ 8 ਮਿੰਟਾਂ ਬਾਅਦ ਹਨ੍ਹੇਰਾ ਹੋ ਜਾਏਗਾ, ਹਾਲਾਂਕਿ ਅਸੀਂ ਸੂਰਜ ਛਿਪਣ ਤੋਂ ਬਾਅਦ ਹਰ ਰੋਜ਼ ਹੋਣ ਵਾਲੇ ਹਨ੍ਹੇਰੇ ਤੋਂ ਪੂਰੀ ਤਰ੍ਹਾਂ ਵਾਕਿਫ ਆਂ। ਅੱਗ ਦੇ ਬਲਦੇ ਇਸ ਵੱਡੇ ਗੋਲੇ ਬਾਰੇ ਖੋਜਾਂ ਹੁੰਦੀਆਂ ਹੀ ਰਹਿੰਦੀਆਂ ਨੇ। ਬਹੁਤੇ ਲੋਕਾਂ ਵਾਸਤੇ ਇਹ ਰੋਸ਼ਨੀ ਦੇਣ ਵਾਲਾ ਐ, ਪਰ ਅਸਲੀਅਤ ’ਚ ਇਹ ਏਸ ਤੋਂ ਕਿਤੇ ਵੱਧ, ਅਸੀਂ ਜਿਹੜੇ ਸੂਰਜ ਨੂੰ ਹਰ ਸਵੇਰ ਚੜ੍ਹਦਿਆਂ ਤੇ ਹਰ ਸ਼ਾਮ ਢੱਲਦਿਆਂ ਦੇਖਦੇ ਹਾਂ, ਉਹ ਆਪਣੇ ਆਪ ਵਿਚ ਬੜੀ ਕਮਾਲ ਦੀ ਚੀਜ਼ ਐ, ਤੇ ਆਪਣੀ ਕਿਸਮ ਦਾ ਇਕੋ ਇਕ ਐ।
ਪਰ ਪਰਾਣਾਂ ਅਤੇ ਸਿਮਿ੍ਰਤੀਆਂ ਵਿਚ ਇਕ-ਇਕ ਮਹੀਨੇ ਦਾ ਜੁਦਾ ਸੂਰਜ ਮੰਨ ਕੇ ਬਾਰਾਂ ਸੂਰਜਾਂ ਦੀ ਗੱਲ ਕੀਤੀ ਗਈ ਐ। ਉਹ ਬਾਰਾਂ ਸੂਰਜ ਨੇ : ਇੰਦ੍ਰ, ਧਾਤਾਂ, ਭਗ, ਪੂਸ਼ਾ, ਮਿਤ੍ਰ, ਵਰੁਣ, ਅਰਯਮਾ, ਅੰਸ਼ੂ, ਵਿਵਸ੍ਰਤ, ਤਸ਼੍ਵਾ, ਸਵਿਤਾ ਤੇ ਵਿਸ਼ਨੂ।
ਸੂਰਜ ਦੇਵਤੇ ਦੀ ਪੂਜਾ ਕਰਦੇ ਲੋਕ
ਸੂਰਜ ਨੂੰ ਕਈ ਧਰਮਾਂ ਵਿਚ ਦੇਵਤਾ ਕਰਕੇ ਵੀ ਪੂਜਿਆ ਜਾਂਦੈ। ਲੋਕ ਸੂਰਜ ਨੂੰ ਪਾਣੀ ਵੀ ਚੜ੍ਹਾਉਂਦੇ ਨੇ ਤੇ ਸੁਬਾਹ ਸਵੇਰੇ ਸੂਰਜ ਦੀਆਂ ਕਿਰਨਾਂ ਮੱਥੇ ਲੱਗਣ ’ਤੇ ਨਮਸਕਾਰ ਵੀ ਕਰਦੇ ਨੇ। ਇਸੇ ਕਰਕੇ ਸੂਰਜ ਨੂੰ ਗ੍ਰਹਿਣ ਲੱਗਣ ਵੇਲੇ ਕਈ ਤਰ੍ਹਾਂ ਦੇ ਵਹਿਮ-ਭਰਮ ਪਾਲੇ ਜਾਂਦੇ ਨੇ ਕਿ ਸ਼ਾਇਦ ਸੂਰਜ ਦੇ ਪੂਰੇ ਗ੍ਰਹਿਣ ਵੇਲੇ ਪਰਲੋ ਆ ਜਾਣੀ ਐ, ਸੂਰਜ ਦਾ ਕੁਦਰਤ ਦੇ ਵਿਚ ਬੜਾ ਵੱਡਾ ਯੋਗਦਾਨ ਐ।
ਜਿੱਥੇ ਸੂਰਜ ਦੀ ਰੋਸ਼ਨੀ ’ਚ ਬਨਸਪਤੀ ਪਲਦੀ ਐ, ਉਥੇ ਜਦ ਏਹਦੀ ਤਪਸ਼ ਨਾਲ ਦਰਿਆਵਾਂ, ਸਮੁੰਦਰਾਂ ’ਚੋਂ ਪਾਣੀ ਉਡ ਕੇ ਬੱਦਲਾਂ ਦੀ ਗੋਦ ਬੈਠ ਕੇ ਬਾਰਿਸ਼ ਦੀ ਸ਼ਕਲ ਵਿਚ ਰਿਮਝਿਮ-ਰਿਮਝਿਮ ਬਰਸ, ਬਲਦੀ ਧਰਤੀ ਦੇ ਸੀਨੇ ਨੂੰ ਠਾਰਦੈ ਤਾਂ ਅਸੀਂ ਕਦੀ ਵੀ ਏਸ ਪ੍ਰਕਿਰਿਆ ’ਚ ਸੂਰਜ ਦੀ ਕੌਂਟਰੀਬਿਊਸ਼ਨ ਨੂੰ ਯਾਦ ਨਹੀਂ ਕਰਦੇ।
ਗਰਮੀਆਂ ’ਚ ਜੇਠ-ਹਾੜ੍ਹ ਦੀਆਂ ਧੁੱਪਾਂ ਵਿਚ ਇਹ ਲੱਗਦੈ ਸੂਰਜ, ਜਦ ਸਰਦੀਆਂ ’ਚ ਵਿਖਾਲੀ ਨਹੀਂ ਦਿੰਦਾ ਤਾਂ ਲੋਕੀਂ ਏਸੇ ਸੂਰਜ ਦੇ ਲਿਸ਼ਕਾਰੇ ਨੂੰ ਤਰਸ ਜਾਂਦੇ ਨੇ। ਪਾਲੇ ’ਚ ਠਰੂੰ-ਠਰੂੰ ਕਰਦੇ ਗਰੀਬ ਲੋਕਾਂ ਕੋਲ ਸੂਰਜ ਦਾ ਹੀਟਰ ਈ ਉਹਨਾਂ ਵਾਸਤੇ ਸੈਂਟਰਲ ਹੀਟਿੰਗ ਤੋਂ ਕਿਤੇ ਵੱਧ ਹੁੰਦੈ।

ਅੱਜ ਬਾਹਰਲਾ ਟੈਂਪਰੇਚਰ -18 ਡਿਗਰੀ ਦੇ ਨੇੜੇ-ਤੇੜੇ ਐ, ਪਰ ਸੂਰਜ ਫੇਰ ਵੀ ਆਪਣੇ ਜਲੌਅ ਵਿਚ ਤੁਹਾਡੀ ਕਾਰ ਦੇ ਸ਼ੀਸ਼ਿਆਂ ਥਾਣੀਂ ਦੀ ਹੁੰਦਾ ਹੋਇਐ ਤੁਹਾਡੇ ਵਾਸਤੇ ਗਰਮਾਇਸ਼ ਭੇਜ ਰਿਹੈ।
ਉਂਜ ਤਾਂ ਜਦੋਂ ਸੂਰਜ ਤੇ ਚੰਨ ਦਾ ਮੁਕਾਬਲਾ ਕੀਤਾ ਜਾਂਦੈ ਤਾਂ ਬਹੁਤੇ ਨੰਬਰ ਚੰਨ ਈ ਲੈ ਕੇ ਜਾਂਦੈ ਕਿਉਂਕਿ ਚੰਨ ਦੀ ਚਾਨਣੀ ’ਚ ਜੋ ਸਵਾਦ ਐ, ਉਹ ਸੂਰਜ ਦੀ ਤੇਜ਼ ਤਰਾਰ ਧੁੱਪ ਵਿਚ ਨਹੀਂ, ਪਰ ਅਸੀਂ ਭੁੱਲ ਜਾਂਦੈ ਆਂ ਕਿ ਚੰਨ ਤੋਂ ਆਉਂਦੀ ਚਾਨਣੀ ਵੀ ਏਸੇ ਸੂਰਜ ਦੀ ਉਧਾਰੀ ਮੰਗੀ ਹੁੰਦੀ ਐ।
ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀ, ਚੜ੍ਹਦੇ ਸੂਰਜ ਨੂੰ ਲੋਕੀਂ ਸਿਜਦੇ ਕਰਦੇ ਨੇ, ਏਸੇ ਤਰ੍ਹਾਂ ਜਦ ਕੋਈ ਵਿਅਕਤੀ ਕੁਝ ਬਣ ਜਾਂਦੈ ਤਾਂ ਉਹਦੇ ਆਲੇ ਦੁਆਲੇ ਲੋਕੀਂ ਘੁੰਮਣ ਲੱਗ ਜਾਂਦੇ ਨੇ, ਉਹਨੂੰ ਸਲਾਮਾਂ ਕਰਦੇ ਨੇ, ਪਰ ਜਿਉਂ ਈ ਉਹਦੀ ਸ਼ੁਰੂਆਤ ਘਟੀ, ਬੱਸ ਸਭ ਮੂੰਹ ਫੇਰ ਲੈਂਦੇ ਨੇ।
ਇਕ ਪਾਸੇ ਤਾਂ ਇਹ ਕਿਹਾ ਜਾਂਦੈ ਕਿ ਸਵੇਰ ਨੂੰ ਚੜ੍ਹੇ ਸੂਰਜ ਨੇ ਸ਼ਾਮ ਨੂੰ ਲੱਥਣਾ ਵੀ ਐ :
ਚੜ੍ਹਿਆ ਸੀ ਜਿਹੜਾ ਸੂਰਜ ਡੁੱਬਣਾ ਸੀ ਉਸ ਜ਼ਰੂਰ
ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਐ।
ਪਰ ਦੂਜੇ ਪਾਸੇ ਸੁਰਜੀਤ ਪਾਤਰ ਇਹ ਕਹਿੰਦੈ ਕਿ :
ਸੂਰਜ ਨਾ ਡੁੱਬਦਾ ਕਦੇ, ਸਿਰਫ ਛੁਪਦਾ ਹੈ
ਮਤ ਸੋਚ ਕਿ ਮਰ ਜਾਵੇਂਗਾ, ਸਿਵੇ ’ਚ ਬਲ ਕੇ।
ਕਿਆ ਖੂਬ! ਕਿ ਨਾ ਕਦੀ ਸੂਰਜ ਡੁੱਬਿਐ ਤੇ ਨਾ ਕਦੀ ਬੰਦੇ ਨੇ ਮਰਨੈ। ਏਸੇ ਲਈ ਤਾਂ ਪਾਤਰ ਇਹ ਵੀ ਕਹਿੰਦੈ :
ਇਸ ਸ਼ਾਮ ਜਹਾਜ਼ਾਂ ਵਾਂਗੂੰ ਡੁੱਬ ਰਹੇ ਹਾਂ
ਫਿਰ ਸੂਰਜ ਵਾਂਗ ਉਦੈ ਹੋਵਾਂਗੇ ਭਲਕੇ।
ਕਵੀ ਸੂਰਜ ਬਾਰੇ ਇਹ ਵੀ ਲਿਖਦੈ ਕਿ ਹੁਣ ਦਾ ਸੂਰਜ ਬੜਾ ਸਿਆਣਾ ਐ। ਕਿਵੇਂ ਭਲਾ? ਸੁਣੋ:
ਅਜੀਬ ਸਾਜ਼ ਸੀ ਜੋ ਵਿਚ ਸਿਵੇ ਦੇ ਸੜ ਕੇ ਵੀ
ਉਦਾਸ ਰਾਤ ਦੀ ਕਾਲੀ ਹਵਾ ’ਚ ਵਜਦਾ ਰਿਹਾ
ਸੀ ਸਮਝਦਾਰ ਬੜਾ ਸਾਡੇ ਦੌਰ ਦਾ ਸੂਰਜ
ਕਿ ਦਿਨ ਚੜ੍ਹੇ, ਤਾਂ ਚੜ੍ਹਾਂ ਇੰਤਜ਼ਾਰ ਕਰਦਾ ਰਿਹਾ।

ਜਦੋਂ ਤੱਕ ਤੁਸੀਂ ਏਸ ਸ਼ੇਅਰ ਨੂੰ ਮਨੁੱਖੀ ਵਿਉਹਾਰ ਨਾਲ ਜੋੜ ਕੇ ਏਹਦੀ ਤਹਿ ਤੱਕ ਪਹੁੰਚਦੇ ਓ, ਆਓ ਸੁਣਦੇ ਆਂ ਮੱਧਮ ਹੋ ਰਹੇ ਸੂਰਜ ਦਾ ਇਹ ਗੀਤ :
ਸੂਰਜ ਹੂਆ ਮੱਧਮ—–।
ਸੁਬਾਹ ਚੜ੍ਹਿਆ ਹੋਇਆ ਸੂਰਜ ਦੁਪਹਿਰ ਤੱਕ ਲਪਟਾਂ ਮਾਰਦੈ ਤਾਂ ਪੰਛੀ ਪਰਿੰਦੇ ਦਰੱਖਤਾਂ ਦੀਆਂ ਛਾਵਾਂ ਲੱਭਦੇ ਨੇ ਜਾਂ ਪੁਲਾਂ ਦੇ ਹੇਠ ਜਾ ਬੈਠਦੇ ਨੇ। ਬੰਜਰ ਧਰਤੀ ’ਤੇ ਚਮਕਦਾ ਸੂਰਜ ਉਸਦੀ ਤ੍ਰਾਸਦੀ ਹੋਰ ਵਧਾ ਦਿੰਦਾ। ਮਾਰੂਥਲ ਦੀ ਰੇਤਾ ’ਤੇ ਜਦ ਸੂਰਜ ਲਿਸ਼ਕਾਂ ਮਾਰਦੈ ਤਾਂ ਸੱਸੀ ਦੇ ਮਲੂਕ ਪੈਰਾਂ ਦਾ ਭੜਥਾ ਬਣਾ ਦਿੰਦੈ, ਪਰ ਘੱਟ ਪੰੁਨੂ ਵੀ ਨੀ ਕਰਦੇ। ਉਹਨਾਂ ’ਤੇ ਸੂਰਜ ਦੀ ਤਪਸ਼ ਕੋਈ ਅਸਰ ਨਹੀਂ ਕਰਦੀ। ਪ੍ਰੇਮੀਆਂ ਦੀ ਤਾਂਘ ਏਸ ਸ਼ੇਅਰ ’ਚੋਂ ਸੁਣੋ :
ਡੁੱਬਦਾ-ਡੁੱਬਦਾ ਸੂਰਜ ਫਿਰ ਵੀ ਡੁੱਬ ਗਿਆ
ਸ਼ਾਖਾਂ ਨੇ ਤਾਂ ਬਾਹਾਂ ਲੱਖ ਪਸਾਰੀਆਂ
ਡੁੱਬਦਾ ਸੂਰਜ ਹੋਰ ਵੀ ਸੁਹਣਾ ਹੋ ਗਿਆ
ਭਾਹਾਂ ਤੇਰੇ ਵਿਛੜਨ ਜਿਹੀਆਂ ਮਾਰੀਆਂ
ਕੱਲ੍ਹ ਨੂੰ ਫੇਰ ਚੜ੍ਹੇਗਾ ਸੂਰਜ ਸ਼ਹਿਰ ਵਿਚ
ਜੇ ਸੱਜਣ ਦੇ ਘਰ ਦੀਆਂ ਖੁੱਲ੍ਹੀਆਂ ਬਾਰੀਆਂ।
ਕਿਆ ਬਾਤ ਐ! ਕਿਆ ਕੰਪੈਰੀਜ਼ਨ ਐ, ਕਿਆ ਵਡਿਆਈ ਐ, ਆਪਣੇ ਪ੍ਰੇਮੀ ਦੀ ਜਿਸ ਦੇ ਘਰ ਦੀ ਬਾਰੀ ’ਚੋਂ ਉਹਦਾ ਨਜ਼ਰ ਆਉਂਦਾ ਮੁੱਖੜਾ ਸੂਰਜ ਦੇ ਨਿਕਲਣ ਬਰਾਬਰ ਐ।
ਇਕ ਹੋਰ ਸ਼ੇਅਰ ’ਚ ਪ੍ਰੇਮੀ ਸੂਰਜ ਦਾ ਮੁਕਾਬਲਾ ਨਾ ਕਰ ਸਕਣ ਦੀ ਗੱਲ ਤਾਂ ਮੰਨਦੈ, ਪਰ ਫੇਰ ਵੀ :
ਤੇਰਿਆਂ ਰਾਹਾਂ ’ਤੇ ਗੂੜ੍ਹੀ ਛਾਂ ਤਾਂ ਬਣ ਸਕਦਾ ਹਾਂ ਮੈਂ
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ।
ਸੱਚਮੁੱਚ ਸੂਰਜ ਦੇ ਰਸਤੇ ਨੂੰ ਬਦਲਣਾ ਅਸੰਭਵ ਐ, ਪਰ ਉਹਦੀ ਲਾਲੀ ਦੀ ਤਾਰੀਫ ਤਾਂ ਕੀਤੀ ਜਾ ਸਕਦੀ ਐ ਨਾ?
ਸੂਰਜ ਨਾਲ ਮੈਂ ਜਦ ਵੀ ਅੱਖ ਮਿਲਾਈ ਏ
ਤੇਰੇ ਮੁੱਖ ਦੀ ਲਾਲੀ ਨਜ਼ਰੀਂ ਆਈ ਏ।
ਸੂਰਜ ਚੜ੍ਹਨ ਨਾਲ ਜੋ ਪਰਛਾਵੇਂ ਬਣਨੇ ਸ਼ੁਰੂ ਹੁੰਦੇ ਨੇ, ਦੁਪਹਿਰ ਤੱਕ ਸੁੰਗੜਨ ਤੋਂ ਬਾਅਦ, ਸ਼ਾਮੀਂ ਫੇਰ ਲੰਬੇ-ਲੰਬੇ ਹੋ ਕੇ ਸੂਰਜ ਦੇ ਛਿਪਣ ਨਾਲ ਹੀ ਖਤਮ ਹੋ ਜਾਂਦੇ ਨੇ, ਤਾਂ ਸ਼ਾਇਰ ਕਹਿੰਦੈ :
ਸੂਰਜ ਨੇ ਜਦ ਮੂੰਹ ਫੇਰ ਲਿਆ ਆਪਣੇ ਪਰਛਾਵੇਂ ਛੱਡ ਗਏ
ਇਤਬਾਰ ਜ਼ਮਾਨੇ ਤੇ ਕਰ ਕੇ ਆਪਣੀ ਪ੍ਰਤੀਤ ਗੁਆ ਬੈਠੇ।

ਸੂਰਜ ਦੇ ਉਦੈ ਤੇ ਅਸਤ ਹੋਣ ਨਾਲ ਸਾਡੀ ਜ਼ਿੰਦਗੀ ਦਾ ਗੂੜ੍ਹਾ ਸਬੰਧ ਐ। ਜਿਉਂ ਈ ਸਵੇਰੇ ਸਾਡੇ ਮੁਲਕਾਂ ’ਚ ਸੂਰਜ ਦੀਆਂ ਕਿਰਨਾਂ ਬੂਰੇ, ਬਾਰੀਆਂ ਦੀਆਂ ਝੀਤਾਂ ਥਾਣੀਂ ਸਾਡੇ ਚਿਹਰਿਆਂ ’ਤੇ ਅੱਪੜਦੀਆਂ ਨੇ ਤਾਂ ਸਾਡੇ ਦਿਨ ਸ਼ੁਰੂ ਹੁੰਦੇ ਨੇ, ਬੱਚੇ ਸਕੂਲੀਂ ਤੁਰਦੇ ਨੇ, ਕਾਮੇ ਕੰਮ ਸ਼ੁਰੂ ਕਰਦੇ ਨੇ, ਪੰਛੀਂ ਚੋਗ ਚੁਗਣ ਜਾਂਦੇ ਨੇ, ਵੱਗ ਇਕੱਠੇ ਹੁੰਦੇ ਨੇ ਤੇ ਸ਼ਾਮੀਂ ਪੂਰਬ ਤੋਂ ਪੱਛਮ ਤੱਕ ਦਾ ਸਫਰ ਤਹਿ ਕਰਕੇ ਜਦ ਸੂਰਜ ਅਲੋਪ ਹੋਣ ਲੱਗਦੈ ਤਾਂ ਫਿਰ ਸਭ ਘਰੀਂ ਮੁੜਦੇ ਨੇ। ਜੋ ਰਾਹੀਂ ਲੋਕ ਹੁੰਦੇ ਨੇ, ਉਹਨਾਂ ਨੂੰ ਕਈ ਰੁੱਤਾਂ, ਕਈ ਮੌਸਮਾਂ ਦਾ ਮੁਕਾਬਲਾ ਕਰਨਾ ਪੈਂਦੈ। ਉਹਨਾਂ ਵਾਸਤੇ ਸ਼ਾਇਰ ਲਿਖਦੈ :
ਜਦੋਂ ਥੰਮ ਜਾਏਗਾ ਠੱਕਾ, ਜਦੋਂ ਹਟ ਜਾਏਗੀ ਬਾਰਸ਼
ਜਦੋਂ ਚੜ੍ਹ ਆਏਗਾ ਸੂਰਜ ਤੁਸੀਂ ਵੀ ਪਹੁੰਚ ਜਾਓਗੇ।
ਸੂਰਜ ਦੀ ਧੁੱਪ ਕਦੇ ਚੰਗੀ ਕਦੇ ਮਾੜੀ, ਪਰ ਫਿਰ ਵੀ ਸੂਰਜ ਬਿਨਾ ਸਾਡਾ ਕਿਸੇ ਦਾ ਨਿਰਬਾਹ ਨਹੀਂ। ਅਸੀਂ ਦੁਆ ਕਰਦੇ ਆਂ ਕਿ ਤੁਹਾਡੀਆਂ ਸਭਨਾਂ ਦੀਆਂ ਜ਼ਿੰਦਗੀਆਂ ’ਚ ਸੂਰਜ ਹਮੇਸ਼ਾ ਮਘਦੇ ਰਹਿਣ।
ਜੀ ਕਾਮਿਆਂ, ਮਿਹਨਤਕਸ਼ ਲੋਕਾਂ ਨੂੰ ਸੂਰਜ ਦੀ ਬਹੁਤ ਲੋੜ ਐ। ਅਸੀਂ ਤੁਹਾਡੇ ਲਈ ਇਹ ਵੀ ਮੰਗ ਕਰਦੇ ਆਂ :
ਨਾ ਸੂਰਜ ਦਾ ਪੰਛੀ, ਨਾ ਕਿਰਨਾਂ ਦਾ ਚੰਬਾ
ਕੋਈ ਏਨਾ ਸੁੰਨਾ ਬਨੇਰਾ ਨਾ ਹੋਵੇ
ਕਿਸੇ ਵਸਦੇ ਵਿਹੜੇ ’ਚ ਆਵੇ ਕਦੀ ਨਾ
ਉਹ ਰਾਤ ਜਿਸਦਾ ਸਵੇਰਾ ਨਾ ਹੋਵੇ।
ਜਿਹੜੇ ਮੁਲਕਾਂ ਤੋਂ ਆਪਾਂ ਆਏ ਹਾਂ, ਉਥੇ ਸੂੁਰਜ ਦੇ ਚੜ੍ਹਨ ਨਾਲ ਕੰਮ ਸ਼ੁਰੂ ਹੁੰਦੇ ਨੇ ਤੇ ਸੂਰਜ ਛਿਪਣ ਦੇ ਨਾਲ ਲੋਕੀਂ ਘਰੋ-ਘਰੀ ਮੁੜਨੇ ਸ਼ੁਰੂ ਹੋ ਜਾਂਦੇ ਨੇ। ਇਹੀ ਹਾਲ ਪੰਛੀਆਂ ਦਾ ਵੀ ਹੈ ਕਿ ਉਹ ਵੀ ਆਪਣੇ ਆਲ੍ਹਣਿਆਂ ਵੱਲ ਨੂੰ ਸੂਰਜ ਦੇ ਛੁਪਣ ਨਾਲ ਹੀ ਪਰਤਣਾ ਸ਼ੁਰੂ ਕਰ ਦਿੰਦੇ ਨੇ।
ਪਰ ਇੱਥੇ ਕੰਮ ਥੋੜ੍ਹਾ ਜਿਹਾ ਉਲਟਾ ਐ। ਸੂਰਜ ਦੀ ਤਾਂ ਬੇਸ਼ੱਕ ਤਾਂਘ ਏਥੇ ਵੀ ਬੜੀ ਐ, ਪਰ ਜਦੋਂ ਇਹ ਨਹੀਂ ਵੀ ਨਿਕਲਦਾ ਤੇ ਹਰ ਪਾਸੇ ਬਰਫਾਂ ਪਈਆਂ ਰਹਿੰਦੀਆਂ ਨੇ ਤਾਂ ਵੀ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ। ਏਥੇ ਸਗੋਂ ਫਿਰ ਬਹੁਤਾ ਕੰਮ ਕਲਾਕਾਂ ਤੇ ਘੜੀਆਂ ਤੋਂ ਲਿਆ ਜਾਂਦੈ।

ਵੈਸੇ ਵੀ ਗਰਮੀਆਂ ਵਿਚ ਜੇ ਇਹ ਦੇਖਦੇ ਰਹੀਏ ਕਿ ਸੂਰਜ ਛਿਪੇਗਾ ਤਾਂ ਹੀ ਰਾਤ ਪਵੇਗੀ ਤੇ ਤਾਂ ਹੀ ਸੌਣ ਦੀਆਂ ਤਿਆਰੀਆਂ ਕਰਨੀਆਂ-ਤਾਂ ਫੇਰ ਤਾਂ ਕੋਈ 10-10.30 <:1010.30਼ ਵਜੇ ਤੱਕ ਕੋਈ ਸੌਵੇਂ ਹੀ ਨਾ, ਕਿਉਂਕਿ ਉਦੋਂ ਸੂਰਜ ਬਹੁਤ ਲੇਟ ਡੁੱਬਦੈ ਤੇ ਸਰਦੀਆਂ ਵਿਚ ਚਾਰ ਵਜੇ ਈ ਇੰਝ ਲੱਗਦੈ ਕਿ ਜਿਵੇਂ ਰਾਤ ਪੈ ਗਈ ਹੋਵੇ।
ਖੈਰ ਜੀ ਸੂਰਜ ਨੇ ਚੜ੍ਹ ਕੇ ਛਿਪਣਾ ਤਾਂ ਹੁੰਦਾ ਹੀ ਐ-ਤੇ ਏਸੇ ਤਰ੍ਹਾਂ ਬੰਦਿਆਂ ਦੇ ਵਾਅਦੇ ਵੀ ਸਮਝੋ ਆਏ ਤੇ ਗਏ।
ਤਨਵੀਰ ਬੁਖਾਰੀ ਦਾ ਇਕ ਸ਼ੇਅਰ ਐ ਕਿ :
ਡੁੱਬਦੇ ਸੂਰਜ ਵਾਂਗ ਕਹਾਣੀ ਛੇਕੜ ’ਤੇ ਆ ਪੁੱਜੀ
ਪਹਿਲੇ ਦਿਨ ਦੇ ਕੀਤੇ ਕੌਲ ਕਰਾਰਾਂ ਦਾ ਰੱਬ ਵਾਰਸ।
ਵੈਸੇ ਇਹਨਾਂ ਕੌਲਾਂ ਕਰਾਰਾਂ ਨੂੰ ਬੇਸ਼ੱਕ ਸੂਰਜ ਦੇ ਛੁਪਦ ਵਾਂਗ, ਭੁੱਲਣ ਦੀ ਗੱਲ ਦਾ ਜ਼ਿਕਰ ਕੀਤਾ ਗਿਆ, ਪਰ ਜਿਹਨਾਂ ਕੋਲ ਸੂਰਜ ਵਰਗੇ ਬੁਲੰਦ ਹੌਸਲੇ ਹੋਣ, ਉਹਨਾਂ ਨੂੰ ਕੋਈ ਸ਼ੈਅ ਡਰ, ਧਮਕਾ ਨਹੀਂ ਸਕਦੀ। ਮੁਸ਼ਤਾਕ ਵਾਰਸੀ ਲਿਖਦੇ ਨੇ ਕਿ :
ਮਨ ਬੁੱਕਲ ਵਿਚ ਸੂਰਜ ਲੈ ਕੇ ਬੈਠੇ ਹਾਂ
ਰਾਤ ਦੀਆਂ ਜ਼ੰਜੀਰਾਂ ਕੋਲੋਂ ਡਰਨਾ ਕੀ?
ਬਹੁਤ ਖੂਬ! ਅੱਛਾ! ਇਤਿਹਾਸ ਗਵਾਹ ਹੈ ਕਿ ਬਰਤਾਨਵੀ ਸਾਮਰਾਜ ਦਾ ਏਨਾ ਬੋਲ-ਬਾਲਾ ਸੀ ਕਿ ਉਹ ਮਾਣ ਨਾਲ ਕਿਹਾ ਕਰਦੇ ਸੀ ਕਿ ਉਹਨਾਂ ਦੇ ਰਾਜ ਵਿਚ ਕਦੀ ਵੀ ਸੂਰਜ ਨਹੀਂ ਛਿਪਦਾ। ਪਰ ਜ਼ਮਾਨਾ ਬਦਲ ਚੁੱਕੈ -ਹੁਣ ਤਾਂ ਬਰਤਾਨੀਆ ਨੂੰ ਸਿਰਫ ਆਪਣੀ ਧਰਤੀ ’ਤੇ ਹੀ ਸੂਰਜ ਚਮਕਦਾ ਨਹੀਂ ਦਿਖਦਾ।
ਖੈਰ ਕੁਝ ਵੀ ਹੋਵੇ ਜੀ, ਸੂਰਜ ਦੇ ਡੁੱਬਣ ਨਾਲ ਹੀ ਮਹਿਫਲਾਂ ਦੇ ਦੌਰ ਸ਼ੁਰੂ ਹੋ ਜਾਂਦੇ ਨੇ। ਕਿੰਨੇ ਲੋਕ ਬੇਸਬਰੀ ਨਾਲ ਸੂਰਜ ਦੇ ਛਿਪਣ ਦੀ ਹੀ ਉਡੀਕ ਕਰਦੇ ਰਹਿੰਦੇ ਨੇ। ਤੇ ਜਦੋਂ ਜਾਮਾਂ ਦਾ ਦੌਰ ਸ਼ੁਰੂ ਹੁੰਦੈ ਤਾਂ ਉਦੋਂ ਤਾਂ ਕਈਆਂ ਨੇ ਖੁਦ ਤਾਂ ਮਦਹੋਸ਼ ਹੋਣਾ ਹੀ ਹੁੰਦੈ, ਪਰ ਆਹ ਦੇਖੋ ਕਈਆਂ ਨੂੰ ਸ਼ਾਮ ਕੁ ਵੇਲੇ ਸੂਰਜ ਵੀ ਆਪਣੇ ਵਰਗਾ ਲੱਗਣ ਲੱਗ ਪੈਂਦਾ :
ਖੌਰੇ ਕਿਉਂ ਮੈਨੂੰ ਸ਼ਾਮ ਵੇਲੇ (ਗੁਲਾਮ ਅਲੀ)


