ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਬੁੱਧਵਾਰ ਨੂੰ ਪਟਨਾ ਵਿਚ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ, ਰਾਹੁਲ ਗਾਂਧੀ ਸਣੇ ਸੀਨੀਅਰ ਕਾਂਗਰਸੀ ਲੀਡਰ ਹਾਜ਼ਰ ਰਹੇ। ਚਾਰ ਘੰਟੇ ਚੱਲੀ ਇਸ ਮੀਟਿੰਗ ਦੌਰਾਨ 51 ਆਗੂਆਂ ਨੇ ਸੰਬੋਧਨ ਕੀਤਾ ਅਤੇ ਦੋ ਮਤੇ ਵੀ ਪਾਸ ਕੀਤੇ ਗਏ।
ਇਨ੍ਹਾਂ ਵਿਚੋਂ ਇਕ ਸਿਆਸੀ ਮਤਾ ਸੀ ਅਤੇ ਦੂਜਾ ਬਿਹਾਰ ਦੀ ਜਨਤਾ ਨੂੰ ਅਪੀਲ ਸੀ। ਇਸ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ।
ਇਸ ਦੌਰਾਨ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਤੇਲੰਗਾਨਾ ਵਿਚ ਸਤੰਬਰ 2023 ਵਿਚ ਅਜਿਹੀ ਮੀਟਿੰਗ ਹੋਈ ਸੀ ਅਤੇ ਦੋ ਮਹੀਨੇ ਦੇ ਅੰਦਰ ਕਾਂਗਰਸ ਦੀ ਸਰਕਾਰ ਬਣੀ ਸੀ।
ਉਨ੍ਹਾਂ ਕਿਹਾ ਕਿ ਹੁਣ ਪਟਨਾ ਵਿਚ ਵੀ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ ਅਤੇ ਬਿਹਾਰ ਵਿਚ ਮਹਾਂਗਠਜੋੜ ਦੀ ਸਰਕਾਰ ਬਣਨ ਵਾਲੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਵੋਟ ਚੋਰੀ’ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਅਤੇ ਇਹ ਮੁਹਿੰਮ ਜਾਰੀ ਰਹੇਗੀ।



